ਅਸ਼ੋਕ ਵਰਮਾ
ਬਠਿੰਡਾ, 28 ਅਪਰੈਲ 2020 - ਬਾਬਾ ਫ਼ਰੀਦ ਕਾਲਜ ਦੇ ਡਿਪਾਰਟਮੈਂਟ ਆਫ਼ ਬਾਇਓਟੈਕਨਾਲੋਜੀ ਐਂਡ ਮੈਡੀਕਲ ਦੁਆਰਾ ‘‘ਐਲਗੀ ਨਿਊਟ੍ਰਾਸਿਊਟੀਕਲਜ਼ ਅਤੇ ਉਤਪਾਦ: ਨੌਜਵਾਨ ਬਾਇਓ ਉੱਦਮੀਆਂ ਲਈ ਸ਼ਾਨਦਾਰ ਭਵਿੱਖ’ ਬਾਰੇ ਉਦਯੋਗਿਕ ਕੇਂਦਰਤ ਇੱਕ ਆਨ-ਲਾਈਨ ਗੈਸਟ ਲੈਕਚਰ ਕਰਵਾਇਆ ਗਿਆ। ਇਸ ਆਨ-ਲਾਈਨ ਭਾਸ਼ਣ ਵਿੱਚ ਐਮ.ਐਸ.ਸੀ. (ਬੌਟਨੀ), ਐਮ.ਐਸ.ਸੀ.( ਜੂਆਲੋਜੀ), ਬੀ.ਐਸ.ਸੀ. (ਆਨਰਜ਼ ਇਨ ਬਾਇਓਟੈਕਨਾਲੋਜੀ), ਅਤੇ ਬੀ.ਐਸ.ਸੀ.(ਮੈਡੀਕਲ) ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ। ਐਬਕਾ ਬਾਇਓ-ਸਲੂਸ਼ਨਜ਼ ਪ੍ਰਾ. ਲਿਮ. ਮੁਹਾਲੀ (ਇੰਡੀਆ) ਦੇ ਫਾਊਂਡਰ ਅਤੇ ਡਾਇਰੈਕਟਰ ਡਾ. ਰਾਜੀਵ ਕੁਮਾਰ ਅਨੇਜਾ ਨੇ ਮਾਹਿਰ ਵਜੋਂ ਇਹ ਭਾਸ਼ਣ ਦਿੱਤਾ। ਉਨਾਂ ਨੇ ਐਲਗੀ (ਕਾਈ) ਬਾਰੇ ਜਾਣਕਾਰੀ ਦਿੰਦਿਆਂ ਇਸ ਦੀਆਂ ਮਹੱਤਵਪੂਰਨ ਕਿਸਮਾਂ ਬਾਰੇ ਚਾਨਣਾ ਪਾਇਆ ।
ਉਨਾਂ ਦੱਸਿਆ ਕਿ ਐਲਗੀ ਤੋਂ ਬਾਇਓ ਡੀਜ਼ਲ ਬਣਾਉਣ ਲਈ ਹੀ ਪਹਿਲਾਂ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਬਾਅਦ ਵਿੱਚ ਐਲਗੀ ਤੋਂ ਹੋਰ ਵੀ ਉਤਪਾਦ ਬਣਾਉਣ ਲਈ ਉਨਾਂ ਨੇ ਆਪਣੀ ਖੋਜ ਸ਼ੁਰੂ ਕੀਤੀ। ਉਨਾਂ ਨੇ ਦੱਸਿਆ ਕਿ ਸਾਡੀ ਕੰਪਨੀ ਕੋਲ ਵੱਖ-ਵੱਖ ਤਰਾਂ ਦੀ ਐਲਗੀ ਦੀ ਕਾਸ਼ਤ ਕਰਨ ਦੀਆਂ ਪ੍ਰਭਾਵਸ਼ਾਲੀ ਤਕਨੀਕਾਂ ਉਪਲੱਬਧ ਹਨ ਜਿਸ ਸਦਕਾ ਹੋਰਨਾਂ ਖੇਤਰਾਂ ਵਿੱਚ ਵੀ ਐਲਗੀ ਦੀ ਵਰਤੋਂ ਕਰ ਕੇ ਨਵੇਂ ਉਤਪਾਦ ਬਣਾਉਣੇ ਸ਼ੁਰੂ ਕੀਤੇ ਗਏ। ਉਨਾਂ ਨੇ ਅੱਗੇ ਕਿਹਾ ਕਿ ਐਲਗੀ ਦੀਆਂ ਕੁੱਝ ਖ਼ਾਸ ਕਿਸਮਾਂ ਦੀਆਂ ਨਿਊਟ੍ਰਾਸਿਊਟੀਕਲਜ਼ ਵਿੱਚ ਮਨੁੱਖੀ ਸਿਹਤ ਲਈ ਵਿਲੱਖਣ ਸੰਭਾਵਨਾਵਾਂ ਹਨ। ਐਲਗੀ ਦੀਆਂ ਖਾਣ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੱਸਿਆ ਕਿ ਭਾਰਤ ਤੋਂ ਬਾਹਰ ਯੂਰਪ ਵਿੱਚ ਖ਼ਾਸ ਕਰ ਕੇ ਜਪਾਨ ਨੇ ਐਲਗੀ ਨੂੰ ਰੋਜ਼ਾਨਾ ਦੀ ਖ਼ੁਰਾਕ ਦੇ ਹਿੱਸੇ ਵਜੋਂ ਵਰਤਿਆ ਜਾਂਦਾ ਹੈ। ਉਨਾਂ ਨੇ ਅਲਗਲ ਵਿਕਾਸ ਅਤੇ ਹੋਰ ਵੱਖ-ਵੱਖ ਬਾਇਓਫਿਊਲ ਉਤਪਾਦਨ ਤਕਨੀਕਾਂ ਵਿੱਚ ਕਾਰਬਨ ਡਾਈਆਕਸਾਈਡ ਦੀ ਵਰਤੋਂ ਨਾਲ ਪ੍ਰਦੂਸ਼ਣ ਕਾਰਕਾਂ ਦੇ ਵਧਣ ਅਤੇ ਘਟਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਐਬਕਾ ਬਾਇਓ-ਸਲੂਸ਼ਨਜ਼ ਪ੍ਰਾ. ਲਿਮ. ਮੁਹਾਲੀ ਦੇ ਵੱਖ-ਵੱਖ ਉਤਪਾਦਾਂ ਜਿਵੇਂ ਕਲੋਰੇਲਾ ਆਦਿ ਦੇ ਭਰਪੂਰ ਲਾਭ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਡਾ. ਅਨੇਜਾ ਨੇ ਆਪਣੀ ਕੰਪਨੀ ਵੱਲੋਂ ਦਿੱਤੀ ਜਾਣ ਵਾਲੀ ਉਦਯੋਗਿਕ ਟਰੇਨਿੰਗ ਅਤੇ ਰਿਸਰਚ ਪ੍ਰੋਜੈਕਟਾਂ ਬਾਰੇ ਵੀ ਦੱਸਿਆ। ਉਨਾਂ ਕਿਹਾ ਕਿ ਇਸ ਖੇਤਰ ਵਿੱਚ ਰੁਜ਼ਗਾਰ ਦੇ ਭਰਪੂਰ ਮੌਕੇ ਹਨ ਅਤੇ ਉਹ ਚਾਹੁੰਦੇ ਹਨ ਕਿ ਵਿਦਿਆਰਥੀ ਇਸ ਖੇਤਰ ਵਿੱਚ ਵੱਧ ਤੋਂ ਵੱਧ ਮੁਹਾਰਤ ਹਾਸਲ ਕਰਨ। ਇਸ ਭਾਸ਼ਣ ਵਿੱਚ ਐਲਗੀ ਅਤੇ ਵੱਖ-ਵੱਖ ਖੇਤਰਾਂ ਵਿੱਚ ਇਸ ਦੀ ਵਰਤੋਂ ਬਾਰੇ ਜਾਣਕਾਰੀ ਹਾਸਲ ਕਰ ਕੇ ਵਿਦਿਆਰਥੀਆਂ ਨੂੰ ਭਰਪੂਰ ਲਾਭ ਹੋਇਆ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਬਾਇਓਟੈਕਨਾਲੋਜੀ ਅਤੇ ਮੈਡੀਕਲ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਅਜਿਹੇ ਮਹੱਤਵਪੂਰਨ ਭਾਸ਼ਣ ਆਯੋਜਨ ਕਰਨ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।