ਚੰਡੀਗੜ੍ਹ, 24 ਅਪ੍ਰੈਲ 2020 - ਪੰਜਾਬ ਰਾਜ ਵਿੱਚ ਕਣਕ ਖਰੀਦ ਦੇ ਨੋ ਦਿਨਾਂ ਦੋਰਾਨ ਰਿਕਾਰਡ 2797108 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜਦਕਿ ਇਸ ਦੇ ਮੁਕਾਬਲੇ ਸਾਲ 2019 ਦੋਰਾਨ 1 ਅਪ੍ਰੈਲ ਤੋਂ 23 ਅਪ੍ਰੈਲ ਤੱਕ ਦੇ 23 ਦਿਨਾਂ ਵਿਚ 1285981 ਮੀਟ੍ਰਿਕ ਟਨ ਕਣਕ ਦੀ ਹੀ ਖਰੀਦ ਹੋਈ ਸੀ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਸੰਭਾਵੀ ਖ਼ਤਰੇ ਤੋਂ ਕਿਸਾਨਾਂ ਨੂੰ ਬਚਾਉਣ ਲਈ ਕਣਕ ਖਰੀਦ ਦਾ ਕਾਰਜ 1 ਅਪ੍ਰੈਲ ਦੀ ਬਜਾਏ 15 ਅਪ੍ਰੈਲ ਨੂੰ ਕੀਤਾ ਗਿਆ ਸੀ ਤਾਂ ਜ਼ੋ ਮੰਡੀਆਂ ਵਿੱਚ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਹਿੱਤ ਪ੍ਰਬੰਧ ਕੀਤੇ ਜਾ ਸਕਣ। ਸ੍ਰੀ ਆਸ਼ੂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਬਿਨਾਂ ਕਿਸੇ ਖੱਜਲ ਖ਼ੁਆਰੀ ਦੇ ਆਪਣੀ ਫ਼ਸਲ ਵੇਚਣ ਲਈ 1867 ਮੰਡੀਆਂ ਤੋਂ ਇਲਾਵਾ 2200 ਰਾਈਸ ਮਿੱਲਾਂ ਨੂੰ ਵੀ ਮੰਡੀ ਯਾਰਡ ਐਲਾਨਿਆ ਗਿਆ ਹੈ।ਜਿਸ ਸਦਕਾ ਕਿਸਾਨਾਂ ਨੂੰ ਬਹੁਤ ਸੋਖ ਹੋਈ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਨੋ ਦਿਨਾਂ ਦੋਰਾਨ ਸਰਕਾਰੀ ਏਜੰਸੀਆਂ ਵੱਲੋਂ 2792876 ਜਦਕਿ ਬੀਤੇ ਵਰ੍ਹੇ 23 ਦਿਨਾਂ ਵਿਚ ਸਰਕਾਰੀ ਏਜੰਸੀਆਂ ਵੱਲੋਂ 1285981 ਖਰੀਦ ਕੀਤੀ ਗਈ ਸੀ ਇਸ ਤਰ੍ਹਾਂ ਇਸ ਵਾਰ ਸਰਕਾਰੀ ਖਰੀਦ ਏਜੰਸੀਆਂ ਨੇ ਬੀਤੇ ਵਰ੍ਹੇ ਨਾਲੋਂ 250 ਫੀਸਦੀ ਵੱਧ ਖਰੀਦ ਕੀਤੀ ਗਈ ਹੈ।
ਖੁਰਾਕ ਮੰਤਰੀ ਨੇ ਬਾਰਦਾਨੇ ਦੀ ਥੁੜ ਸਬੰਧੀ ਛਪੀਆਂ ਖ਼ਬਰਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਬਾਰਦਾਨਾਂ ਭਰਪੂਰ ਮਾਤਰਾ ਵਿਚ ਮੌਜੂਦ ਹੈਂ ਉਨ੍ਹਾਂ ਦੱਸਿਆ ਕਿ ਇਸ ਸਮੇਂ ਵਿਭਾਗ ਕੋਲ 2.58 ਲੱਖ ਗੱਠਾਂ ਬਾਰਦਾਨਾਂ ਪਿਆ ਹੈ ਜਦਕਿ 50 ਹਜ਼ਾਰ ਗੱਠਾਂ ਦੀ ਸਪਲਾਈ ਵੀ ਸਾਡੇ ਕੋਲ ਪਹੁੰਚਣ ਵਾਲੀ ਹੈ। ਇਸ ਤੋਂ ਇਲਾਵਾ ਮਈ ਮਹੀਨੇ ਦੇ ਦੂਸਰੇ ਹ਼ਫਤੇ ਵਿਚ ਸਾਡੇ ਕੋਲ 47 ਹਜ਼ਾਰ ਹੋਰ ਗੱਠਾਂ ਵੀ ਪਹੁੰਚ ਜਾਣਗੀਆਂ।
ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਕਾਰਨ ਮੰਡੀਆਂ ਦਾ ਕੰਮ ਚਲਾਉਣ ਲਈ ਲੋੜੀਂਦੀ ਲੇਬਰ ਦੀ 50 ਫੀਸਦੀ ਲੇਬਰ ਤੋਂ ਵੀ ਘੱਟ ਲੇਬਰ ਨਾਲ ਵਿਭਾਗ ਵਲੋਂ ਮੰਡੀਆਂ ਦਾ ਕੰਮ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਲਿਫਟਿੰਗ ਪੂਰੀ ਤੇਜ਼ੀ ਨਾਲ ਨਹੀਂ ਹੋ ਰਹੀ ਸੀ ਪਰ ਹੁਣ ਇਸ ਕਾਰਜ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਨੀਤੀ ਤਿਆਰ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1262727 ਮੀਟ੍ਰਿਕ ਟਨ ਕਣਕ ਦੀ ਚੁਕਾਈ ਕੀਤੀ ਜਾ ਚੁੱਕੀ ਹੈ।
ਕਿਸਾਨਾਂ ਦਾ ਇਕ ਇਕ ਦਾਣਾ ਖ੍ਰੀਦਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਇਸ ਸਾਲ ਕਣਕ ਦੀ ਫ਼ਸਲ ਦੀ ਖਰੀਦ ਹੋ ਰਹੀ ਉਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਮਈ ਮਹੀਨੇ ਦੇ ਮੱਧ ਤੱਕ 85 ਫੀਸਦ ਤੋਂ ਵੱਧ ਕਣਕ ਦੀ ਖਰੀਦ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਇਸ ਵਾਰ ਖਰੀਦ ਕਾਲ 2 ਮਹੀਨੇ ਕੀਤਾ ਗਿਆ ਹੈ ਜ਼ੋ ਕਿ 15 ਜੂਨ ਤੱਕ ਜਾਰੀ ਰਹੇਗਾ।
ਆਸ਼ੂ ਨੇ ਦੱਸਿਆ ਹੁਣ ਖਰੀਦ ਗਈ ਕਣਕ ਸਬੰਧੀ 789.90 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।