ਫਿਰੋਜ਼ਪੁਰ 24 ਅਪ੍ਰੈਲ 2020 : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਠੱਠਾ ਕਿਸ਼ਨ ਸਿੰਘ ਵਾਲਾ ਵਿਖੇ ਇਕ ਵਿਅਕਤੀ ਦੇ ਖੇਤਾਂ ਵਿਚ ਖੜੇ ਕਣਕ ਦੇ ਨਾੜ ਨੂੰ ਵਾਹੁਣ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਆਈਪੀਸੀ ਦੀਆਂ ਵੱਖ ਵੱਖ ਧਰਾਵਾਂ ਤਹਿਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਵੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਠੱਠਾ ਦਲੇਲ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਦੀ ਜ਼ਮੀਨ ਪਿੰਡ ਠੱਠਾ ਤੋਂ ਸੰਤੂ ਵਾਲਾ ਨੂੰ ਜਾਂਦੀ ਸੜਕ 'ਤੇ ਹੈ ਤੇ ਜੋ ਪਿੰਡ ਸੰਘੂ ਵਾਲਾ ਨੂੰ 24 ਘੰਟੇ ਵਾਲੀ ਬਿਜਲੀ ਦੀ ਲਾਈਨ ਜਾਂਦੀ ਹੈ, ਜਿਸ ਲਾਇਨ ਤੋਂ ਹੀ ਪਿੰਡ ਦੇ ਮਿਲਖਾ ਸਿੰਘ ਪੁੱਤਰ ਕਿਸ਼ਨ ਸਿੰਘ ਨੇ ਝੋਨਾ ਵਾਲਾ ਸ਼ੈਲਰ ਲਗਾਇਆ ਹੋਇਆ ਹੈ। ਜੋ ਕੋਰੋਨਾ ਬਿਮਾਰੀ ਦੇ ਚੱਲਦੇ ਕਰਫਿਓ ਲੱਗਾ ਹੋਣ ਕਰਕੇ ਉਹ ਆਪਣੇ ਘਰ ਵਿਚ ਹੀ ਰਹਿੰਦੇ ਹਨ ਤੇ ਘੱਟ ਹੀ ਖੇਤਾਂ ਵੱਲ ਗੇੜਾ ਮਾਰਨ ਜਾਂਦੇ ਹਨ। ਜਸਵੀਰ ਸਿੰਘ ਨੇ ਦੱਸਿਆ ਕਿ ਮਿਤੀ 19 ਅਪ੍ਰੈਲ 2020 ਨੂੰ ਉਸ ਨੇ ਕਣਕ ਦੀ ਕਟਾਈ ਕੀਤੀ ਸੀ ਤੇ ਤੂੜੀ ਬਨਾਉਣੀ ਬਾਕੀ ਸੀ। ਜਸਵੀਰ ਸਿੰਘ ਨੇ ਦੱਸਿਆ ਕਿ ਜਦ ਉਹ 21 ਅਪ੍ਰੈਲ 2020 ਨੂੰ ਆਪਣੇ ਖੇਤਾਂ ਵੱਲ ਗੇੜਾ ਮਾਰਨ ਗਿਆ ਤਾਂ ਦੋਸ਼ੀਅਨ ਬਲਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ, ਰਣਜੀਤ ਸਿੰਘ ਪੁੱਤਰ ਕਿਸ਼ਨ ਸਿੰਘ, ਮਿਲਖਾ ਸਿੰਘ ਪੁੱਤਰ ਕਿਸ਼ਨ ਸਿੰਘ ਨੇ ਟਰੈਕਟਰ ਮਗਰ ਕਲਟੀਵੇਟਰ ਪਾਏ ਹੋਏ ਸਨ ਤੇ ਜ਼ਮੀਨ ਦੇ ਨਾੜ ਨੂੰ ਵਾਹ ਦਿੱਤਾ, ਜਿਸ ਨਾਲ ਉਸ ਦਾ ਨੁਕਸਾਨ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੱਲਾਂਵਾਲਾ ਦੀ ਪੁਲਿਸ ਦੇ ਏਐੱਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।