ਹਰੀਸ਼ ਕਾਲੜਾ
ਰੂਪਨਗਰ, 23 ਅਪ੍ਰੈਲ 2020 : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਿਵਲ ਸਰਜਨ ਰੂਪਨਗਰ ਡਾ.ਐਚ.ਐਨ.ਸ਼ਰਮਾਂ ਦੇ ਹੁਕਮਾਂ ਤੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਬੱਚਿਆਂ ਤੇ ਮਾਵਾਂ ਦੇ ਟੀਕਾਕਰਨ ਦੀ ਮੁਹਿੰਮ ਜਾਰੀ ਹੈ ।ਡਾ.ਸ਼ਰਮਾਂ ਨੇ ਕਿਹਾ ਕਿ ਟੀਕਾਕਰਨ ਜਿੱਥੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ,ਉੱਥੇ ਹੀ ਮਾਵਾਂ ਦੇ ਸੁਰੱਖਿਅਤ ਜਣੇਪੇ ਤੇ ਧੁਨਖਵਾ ਤੋਂ ਬਚਾਉਣ ਲਈ ਸਹਾਈ ਹੈ ।
ਉਹਨਾਂ ਨੇ ਕਿਹਾ ਕਿ ਜਿਲ੍ਹੇ ਦੇ 85 ਸਿਹਤ ਕੇਂਦਰਾਂ, 02 ਸਬ ਡਵੀਜ਼ਨਲ ਹਸਪਤਾਲ ,04 ਕਮਿਊਨਿਟੀ ਸਿਹਤ ਕੇਂਦਰਾਂ ,01 ਪ੍ਰਾਇਮਰੀ ਸਿਹਤ ਕੇਂਦਰ ਅਤੇ ਸਿਵਲ ਹਸਪਤਾਲ ਵਿੱਚ ਹਰ ਬੁੱਧਵਾਰ ਟੀਕਾਕਰਨ ਕੀਤਾ ਜਾ ਰਿਹਾ ਹੈ ।ਜਿੱਥੇ ਸੈਂਕੜੇ ਬੱਚਿਆਂ ਤੇ ਮਾਵਾਂ ਨੂੰ ਲਾਭ ਮਿਲ ਰਿਹਾ ਹੈ ।ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਮਮਤਾ ਦਿਵਸ ਵਜੋਂ ਜਾਣੇ ਜਾਂਦੇ ਟੀਕਾਕਰਨ ਕੈਂਪਾਂ ਚ ਕੋਵਿਡ-19 ਦੀ ਮਹਾਂਮਾਰੀ ਨੂੰ ਦੇਖਦਿਆਂ ਹੋਇਆ ਆਪਸੀ ਸਰੀਰਿਕ ਦੂਰੀ ਦੇ ਨਾਲ-ਨਾਲ ਮਾਸਕ ਪਹਿਨਣ ਅਤੇ ਸਾਬਣ ਤੇ ਪਾਣੀ ਨਾਲ ਵਾਰ-ਵਾਰ ਹੱਥ ਸਾਫ਼ ਕਰਨ ਜਿਹੇ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਇੱਕ ਦੂਜੇ ਤੋਂ ਕੋਵਿਡ-19 ਦੀ ਲਾਗ ਲੱਗਣ ਦਾ ਖਤਰਾ ਨਾ ਰਹੇ । ਇਸ ਮੋਕੇ ਤੇ ਮਮਤਾ ਦਿਵਸ ਤੇ ਆਉਣ ਵਾਲੇ ਭਾਗੀਦਾਰਾਂ ਨੂੰ ਸਿਹਤ ਅਮਲੇ ਵੱਲੋਂ ਕੋਰੋਨਾ ਤੋਂ ਬਚਾਅ ਲਈ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ ।