ਅਸ਼ੋਕ ਵਰਮਾ
ਬਠਿੰਡਾ, 22 ਅਪ੍ਰੈਲ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਅੱਜ ਮਾਡਲ ਟਾਊਨ ਫੇਸ 2 ਵਾਸੀ ਗੁਰਟੇਕ ਸਿੰਘ ਪੁੱਤਰ ਕਿਸ਼ਨ ਸਿੰਘ ਨੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਦਾਖਲ ਕੋਰੋਨਾਂ ਮਰੀਜਾਂ ਦੀ ਸਹੂਲਤ ਲਈ ਅੱਜ 6 ਵੱਡੇ ਕੂਲਰ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦਾਨ ਵਜੋਂ ਦਿੱਤੇ।
ਹਸਪਤਾਲ ਵਿੱਚ ਇਸ ਮੌਕੇ ਮੌਜੂਦ ਪਰਿਵਾਰਿਕ ਮੈਂਬਰਾਂ ਜਿਸ ਵਿੱਚ ਉਨ੍ਹਾਂ ਦੇ ਥਰਮਲ ਪਲਾਂਟ ਬਠਿੰਡਾ ਤੋਂ ਬਤੌਰ ਸਹਾਇਕ ਚੀਫ ਇੰਜੀਨੀਅਰ ਸੇਵਾ ਮੁਕਤ ਦਾਮਾਦ ਦਰਸ਼ਨ ਸਿੰਘ ਲਾਲੇਆਂਣਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਦਿਨੀਂ ਗੁਰਦੁਆਰਾ ਭਾਈ ਮਤੀ ਦਾਸ ਨਗਰ, ਜਿਥੋਂ ਹਰ ਰੋਜ ਸ਼ਾਮ ਨੂੰ ਸਿਵਲ ਹਸਪਤਾਲ ਦੇ ਮਰੀਜਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਲੰਗਰ ਤਿਆਰ ਹੋ ਕੇ ਜਾਂਦਾ ਹੈ, ਲਈ ਵੀ 3 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਓਹ ਹਸਪਤਾਲ ਵਿਖੇ ਸਹਾਇਤਾ ਕਰਦੇ ਰਹਿਣਗੇ। ਇਸ ਮੌਕੇ ਅਕਾਲ ਬਖਸ਼ਿਸ਼ ਸੇਵਾ ਸਿਮਰਨ ਸੋਸਾਇਟੀ ਭਾਈ ਮਤੀ ਦਾਸ ਨਗਰ ਦੇ ਮੁੱਖ ਸੇਵਾਦਾਰ ਭਾਈ ਬਿਕਰਮ ਸਿੰਘ ਧਿੰਗੜ, ਭਾਈ ਨਾਇਬ ਸਿੰਘ ਲਾਲੇਆਨਾ, ਭਾਈ ਜੁਗਰਾਜ ਸਿੰਘ ਸੂਬੇਦਾਰ ਹਾਜਰ ਸਨ। ਇਸ ਮੌਕੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਮਨਿੰਦਰ ਪਾਲ ਸਿੰਘ, ਚੀਫ ਫਾਰਮੇਸੀ ਅਫ਼ਸਰ ਸ੍ਰੀ ਰਾਜੇਸ਼ ਬਾਂਸਲ, ਫਾਰਮੇਸੀ ਅਫ਼ਸਰ ਸ੍ਰੀ ਸੁਰਿੰਦਰ ਕੁਮਾਰ ਬਾਂਸਲ ਦੁਆਰਾ ਦਾਨੀ ਪਰਿਵਾਰ ਦੁਆਰਾ ਕੀਤੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।