ਮਨਪ੍ਰੀਤ ਸਿੰਘ ਜੱਸੀ
- ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਆੜਤੀਆਂ ਅਤੇ ਲੇਬਰ ਨੂੰ ਵੰਡੇ ਸੈਨੀਟਾਈਜਰ ਅਤੇ ਮਾਸਕ
ਅੰਮ੍ਰਿਤਸਰ, 21 ਅਪਰੈਲ 2020 - ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਸਰਕਾਰਾਂ ਲੋੜਵੰਦਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਹੀਆਂ ਹਨ ਉੱਥੇ ਕਈ ਧਾਰਮਿਕ ਸੰਸਥਾਵਾਂ ਵੀ ਲੋੜਵੰਦਾਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਡੇਰਾ ਬਿਆਸ ਵਲੋਂ ਰੋਜ਼ਾਨਾ 14 ਹਜਾਰ ਫੂਡ ਪੈਕਟ ਮਜੀਠਾ ਹਲਕੇ ਦੇ ਲੋੜਵੰਦਾ ਲਈ ਭੇਜੇ ਜਾ ਰਹੇ ਹਨ।
ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀਮਤੀ ਅਲਕਾ ਕਾਲੀਆ ਐਸ ਡੀ ਐਮ ਮਜੀਠਾ ਨੇ ਦਾਨਾ ਮੰਡੀ ਮਜੀਠਾ ਵਿਖੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨਾਂ ਇਸ ਮੌਕੇ ਮੰਡੀ ਵਿਖੇ ਆੜਤੀਆਂ, ਸਟਾਫ ਅਤੇ ਲੇਬਰ ਨੂੰ ਸੈਨੀਟਾਈਜਰ ਅਤੇ ਧੋ ਕੇ ਵਰਤਣ ਵਾਲੇ ਮਾਸਕਾਂ ਦੀ ਵੰਡ ਵੀ ਕੀਤੀ। ਉਨਾਂ ਹਦਾਇਤ ਕੀਤੀ ਕਿ ਮੰਡੀ ਵਿਚ ਕੰਮ ਕਰਦਾ ਜਾਂ ਕਣਕ ਲੈ ਕੇ ਆਉਂਦਾ ਕੋਈ ਵੀ ਵਿਅਕਤੀ ਆਪਸੀ ਦੂਰੀ ਦੀ ਪਾਲਣਾ ਸਬੰਧੀ ਹਦਾਇਤ ਨੂੰ ਹਰ ਹੀਲੇ ਆਪਣੇ ਆਪ ਉਤੇ ਲਾਗੂ ਕਰੇ, ਤਾਂ ਜੋ ਵਾਇਰਸ ਨੂੰ ਫੈਲਣ ਦਾ ਮੌਕਾ ਹੀ ਨਾ ਮਿਲ ਸਕੇ।
ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਮੰਡੀਆਂ ਵਿਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਪਰ ਇਹ ਸਭ ਤਾਂ ਹੀ ਕੰਮ ਕਰਨਗੇ। ਜੇਕਰ ਮੰਡੀ ਵਿਚ ਆਉਂਦਾ ਹਰ ਵਿਅਕਤੀ ਇਨਾਂ ਦੀ ਵਰਤੋਂ ਕਰੇ। ਉਨਾਂ ਸੈਕਟਰੀ ਮਾਰਕੀਟ ਕਮੇਟੀ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਲੋਕਾਂ ਨੂੰ ਇਕ ਸਥਾਨ ਤੇ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਉਨਾਂ ਵਿਚ ਘੱਟੋ ਘੱਟ ਇਕ ਮੀਟਰ ਦਾ ਫਾਸਲਾ ਜ਼ਰੂਰ ਰੱਖਿਆ ਜਾਵੇ।।
ਐਸ ਡੀ ਐਮ ਨੇ ਦੱਸਿਆ ਕਿ ਮਜੀਠਾ ਵਿਖੇ ਨਗਰ ਕੋਸਲ ਵਲੋ ਸ਼ਹਿਰ ਦੇ ਇਲਾਕਿਆਂ ਵਿਚ ਅਤੇ ਬਲਾਕ ਵਿਕਾਸ ਤੇ ਪ੍ਰਜੈਕਟ ਅਫਸਰਾਂ ਵਲੋ ਪਿੰਡਾਂ ਨੂੰ ਲਗਾਤਾਰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।। ਉਨਾਂ ਦੱਸਿਆ ਕਿ ਜਦ ਤੱਕ ਇਹ ਮਹਾਂਮਾਰੀ ਚਲ ਰਹੀ ਹੈ ਤਦ ਤਕ ਰੋਜ਼ਾਨਾਂ ਮੰਡੀਆਂ ਨੂੰ ਵੀ ਸੈਨੀਟਾਈਜ਼ ਕੀਤਾ ਜਾਵੇਗਾ।। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਬਹੁਤ ਜ਼ਰੂਰਤ ਅਨੁਸਾਰ ਹੀ ਘਰੋ ਬਾਹਰ ਨਿਕਲਣ।। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਉਦੀ ਹੈ ਤਾਂ ਮਜੀਠਾ ਵਿਖੇ ਬਣੇ ਕੰਟਰੋਲ ਰੂਮ ਨਾਲ ਸੰਪਰਕ ਸਥਾਪਤ ਕੀਤਾ ਜਾਵੇ।। ਇਸ ਮੌਕੇ ਨਾਇਬ ਤਹਿਸੀਲਦਾਰ ਮਜੀਠਾ ਸ਼੍ਰ ਜਸਬੀਰ ਸਿੰਘ ਸੰਧੂ ਵੀ ਹਾਜ਼ਰ ਸਨ।