ਅਸ਼ੋਕ ਵਰਮਾ
ਬਠਿੰਡਾ, 20 ਅਪਰੈਲ 2020: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਏ ਕਰਫਿਊ ਦੌਰਾਨ ਪੁਲਿਸ ਮੁਲਾਜਮ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਪੂਰਾ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਤਹਿਤ ਇਥੇ ਗਨੇਸ਼ ਨਗਰ ਵਿਖੇ ਪਰਿਵਾਰ ਵੈਲਫੇਅਰ ਸੋਸਾਇਟੀ ਵੱਲੋਂ ਪੁਲਿਸ ਅਧਿਕਾਰੀ ਅਮਿ੍ਰੰਤਪਾਲ ਸਿੰਘ, ਸੁਖਮੰਦਰ ਸਿੰਘ, ਕਰਮਜੀਤ ਸਿੰਘ ਅਤੇ ਕੁਲਦੀਪ ਸਿੰਘ ਦਾ ਗਲਾਂ ’ਚ ਫੁਲਾਂ ਦੇ ਹਾਰ ਪਾ ਕੇ ਉਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਨਰਿੰਦਰ ਕੁਮਾਰ, ਵਿਜੈ ਅਗਰਵਾਲ, ਪੰਮੀ ਨਰੂਲਾ, ਸੰਜੇ , ਸੁਸ਼ੀਲ, ਟੇਕ ਚੰਦ ਅਤੇ ਰਵੀ ਕੁਮਾਰ ਨੇ ਆਖਿਆ ਕਿ ਇਸ ਮਹਾਂਮਾਰੀ ਦਾ ਸਭ ਤੋਂ ਵੱਧ ਖਤਰਾ ਪੁਲਿਸ ਮੁਲਾਜਮਾਂ ਨੂੰ ਹੈ ਕਿਉਂ ਕਿ ਇਨਾਂ ਕੋਲ ਹਰ ਕਿਸਮ ਦੇ ਵਿਅਕਤੀਆਂ ਦਾ ਆਉਣਾ ਜਾਣਾ ਰਹਿੰਦਾ ਹੈ ਪਰ ਫਿਰ ਵੀ ਇਹ ਮੁਲਾਜਮ ਆਪਣੀ ਡਿਊਟੀ ਦਲੇਰੀ ਨਾਲ ਨਿਭਾ ਰਹੇ ਹਨ। ਸੋਸਾਇਟੀ ਮੈਂਬਰਾਂ ਨੇ ਕਿਹਾ ਕਿ ਸਾਨੂੰ ਹਰ ਇੱਕ ਨੂੰ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਮੁਲਾਜਮਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇਨਾਂ ਨੂੰ ਆਪਣੀ ਡਿਊਟੀ ਦੌਰਾਨ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਅਸੀਂ ਕੋਰੋਨਾ ਵਾਇਰਸ ਦੀ ਮਹਾਂਮਮਾਰੀ ਤੋਂ ਨਿਜਾਤ ਪਾ ਸਕੀਏ । ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਹਰ ਇੱਕ ਇਨਸਾਨ ਪੁਲਿਸ ਦਾ ਸਹਿਯੋਗ ਕਰੇ ਤਾਂ ਫਿਰ ਹੀ ਇਸ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਕੰਮ ਤੋਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਉਹ ਆਪਣੀ ਡਿਊਟੀ ਨੂੰ ਸੁੱਰਖਿਅਤ ਢੰਗ ਨਾਲ ਨੇਪਰੇ ਚਾੜ ਸਕਣ। ਉਨਾਂ ਕਿਹਾ ਪੁਲਸ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਹਰ ਸਮੇਂ ਤਿਆਰ ਹੈ।