ਚੁਕਾਈ ਦੇ ਮੰਦੇ ਹਾਲ ਕਾਰਨ ਚਿੰਤਾ ’ਚ ਡੁੱਬਿਆ ਅੰਨਦਾਤਾ
ਅਸ਼ੋਕ ਵਰਮਾ
ਬਠਿੰਡਾ, 20 ਅਪਰੈਲ 2020: ਅੱਜ ਦਿਨ ਦੀ ਠੰਢਕ ਤੋਂ ਬਾਅਦ ਅਚਾਨਕ ਪਏ ਮੀਂਹ ਕਾਰਨ ਬੇਸ਼ੱਕ ਮੌਸਮ ਠੰਢਾ ਹੋਗਿਆ ਪਰ ਇਸ ਬਾਰਸ਼ ਨੇ ਕਿਸਾਨਾ ਦੀਆਂ ਆਸਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਕਣਕ ਦੀ ਸਹੀ ਖਰੀਦ ਕਰਨ ਦੇ ਦਾਅਵੇ ਕਰਦੀ ਆ ਰਹੀ ਹੈ ਪਰ ਤਾਜਾ ਸਥਿੱਤੀ ਇਹ ਹੈ ਕਿ ਜਿਲਾਂ ਬਠਿੰਡਾ ਦੀਆਂ ਮੰਡੀਆਂ ’ਚ ਕਣਕ ਦੇ ਭਰੇ ਗੱਟਿਆਂ ਦੇ ਅੰਬਾਰ ਲੱਗੇ ਪਏ ਹਨ ਜਿਨਾਂ ਨੂੰ ਭਿੱਜਦਿਆਂ ਦੇਖ ਕਿਸਾਨ ਚਿੰਤਾ ’ਚ ਡੁੱਬ ਗਏ ਹਨ।੍ਰ ਵੇਰਵਿਆਂ ਅਨੁਸਾਰ ਜ਼ਿਲੇ ਵਿੱਚ ਕਰੀਬ 12 ਲੱਖ ਬੋਰੀ ਖੁੱਲੇ ਆਸਮਾਨ ਹੇਠ ਪਈ ਹੈ ਜਦੋਂਕਿ ਵਿੱਕਰੀ ਲਈ ਲਿਆਂਦੀ ਕਣਕ ਇਸੋ ਤੋ ਵੱਖਰੀ ਹੈ।
ਅਫਸਰ ਕੁੱਝ ਵੀ ਕਹਿਣ ਕਣਕ ਦੀ ਖਰੀਦ ਦਾ ਕੰਮ ਵੀ ਅਜੇ ਕੀੜੀ ਦੀ ਚਾਲ ਨਾਲ ਚੱਲ ਰਿਹਾ ਹੈ । ਉਂਜ ਹਾਲੇ ਖਰੀਦ ਕੇਂਦਰਾਂ ਵਿੱਚ ਕਣਕ ਆਉਣੀ ਬਾਕੀ ਹੈ। ਖਰੀਦ ਕੇਂਦਰਾਂ ਵਿੱਚ ਪਏ ਅਨਾਜ ਦੀ ਰਾਖੀ ਕਿਸਾਨਾਂ ਤੇ ਸ਼ਾਹੂਕਾਰਾਂ ਨੂੰ ਕਰਨੀ ਪੈ ਰਹੀ ਹੈ ।ਅੱਜ ਪਈ ਤੇਜ਼ ਬਾਰਸ਼ ਕਾਰਨ ਖਰੀਦ ਕੇਂਦਰਾਂ ਵਿੱਚ ਪਈ ਇਹ ਕਣਕ ਭਿੱਜਦੀ ਰਹੀ। ਇਸ ਜ਼ਿਲੇ ਵਿੱਚ ਵਿੱਚ ਲਿਫਟਿੰਗ ਦਾ ਕੰਮ ਪਹਿਲੇ ਦਿਨ ਤੋਂ ਹੀ ਮੰਦਾ ਰਿਹਾ ਹੈ ਜਿਸ ਕਰਕੇ ਹਾਲੇ ਵੀ ਇਹ ਅਨਾਜ ਮੰਡੀਆਂ ਵਿੱਚ ਰੁਲ ਰਿਹਾ ਹੈ। ਸਰਕਾਰੀ ਤੌਰ ਤੇ ਜਾਰੀ ਵੇਰਵਿਆਂ ਅਨੁਸਾਰ ਜ਼ਿਲੇ ਵਿੱਚ 19 ਅਪ੍ਰੈਲ ਤੱਕ ਬਠਿੰਡਾ ਜ਼ਿਲੇ ਦੀਆਂ ਮੰਡੀਆਂ ਵਿਚ 74836 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਿਸ ਚੋਂ ਮਸਾਂ 15 ਹਜਾਰ ਮੀਟਰਿਕ ਟਨ ਚੁੱਕੀ ਜਾ ਸਕੀ ਹੈ। ਇਸ ਹਿਸਾਬ ਨਾਲ ਇਕੱਲੇ ਬਠਿੰਡਾ ਜਿਲੇ ਦਾ ਅੰਕੜਾ 12 ਲੱਖ ਗੱਟਿਆਂ ਦਾ ਬਣਦਾ ਹੈ। ਮੌਸਮ ’ਚ ਬਦਲਾਅ ਕਾਰਨ ਇਸ ਵਾਰ ਵਾਢੀ ਲੇਟ ਹੋਣ ਕਰਕੇ ਮੰਡੀਆਂ ਵਿੱਚ ਕਣਕ ਦੀ ਆਮਦ 15ਅਪਰੈਲ ਤੋਂ ਮਗਰੋਂ ਹੀ ਸ਼ੁਰੂ ਹੋਈ ਸੀ।
ਸਰਕਾਰੀ ਹਲਕੇ ਆਖਦੇ ਹਨ ਕਿ ਵੱਡੀ ਸਮੱਸਿਆ ਲੇਬਰ ਅਤੇ ਇਕੱਠ ਨਾਂ ਕਰਨ ਦੀ ਹੈ, ਜਿਸ ਕਰਕੇ ਮੰਡੀਆਂ ਵਿੱਚੋਂ ਹਾਲੇ ਵੀ ਕਣਕ ਦੀ ਫਸਲ ਲੀਹੇ ਨਹੀਂ ਪਾਈ ਜਾ ਸਕੀ ਹੈ। ਕਰੋਨਾ ਵਾਇਰਸ ਦੀ ਰੋਕਥਾਮ ’ਚ ਰੁੱਝਾ ਜ਼ਿਲਾ ਪ੍ਰਸ਼ਾਸਨ ਚੁਕਾਈ ਦੇ ਪੱਖ ਤੋਂ ਫੇਲ ਰਿਹਾ ਹੈ। ਅਧਿਕਾਰੀ ਇਕੱਠ ਤੋਂ ਡਰਦੇ ਹਨ ਕਿਉਂਕਿ ਉਨਾਂ ਨੂੰ ਖਦਸ਼ਾ ਹੈ ਕਿ ਜਿਅਦਾ ਭੀੜ ਕਰੋਨਾ ਨੂੰ ਸੱਦਾ ਦੇ ਸਕਦੀ ਹੈ।
ਵੇਰਵਿਆਂ ਅਨੁਸਾਰ ਜਿਲੇ ਦੇ ਹਰੇਕ ਖਰੀਦ ਕੇਂਦਰ ‘ਤੇ ਕਣਕ ਦੀਆਂ ਬੋਰੀਆਂ ਹਾਲੇ ਵੀ ਲਿਫਟਿੰਗ ਦੀ ਉਡੀਕ ਕਰ ਰਹੀਆਂ ਹਨ। ਵੱਡੀ ਗੱਲ ਇਹ ਹੈ ਕਿ ਖਰੀਦ ਕੇਂਦਰਾਂ ਵਿੱਚ ਕਣਕ ਦੇ ਬਾਰਸ਼ ਨਾਲ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ। ਉਸ ਤੋਂ ਵੱਡਾ ਡਰ ਮੌਸਮ ਦਾ ਹੈ ਜੋਕਿ ਇਸ ਤੋਂ ਵੀ ਜਿਆਦਾ ਖਰਾਬ ਹੋ ਸਕਦਾ ਹੈ।
ਬਠਿੰਡਾ ਮੰਡੀ ਵਿੱਚ ਵੀ ਹਜ਼ਾਰਾਂ ਬੋਰੀ ਬਿਨਾਂ ਢਕੀ ਹੋਈ ਪਈ ਹੈ ਜਿਸ ਨੂੰ ਢਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਫੀ ਗੱਟੇ ਭਿੱਜ ਗਏ। ਜ਼ਿਲੇ ਦੇ ਵੱਡੇ ਕਸਬੇ ਭਗਤਾ ਭਾਈ ਦੇ ਖਰੀਦ ਕੇਂਦਰ ਵਿੱਚ ਵੀ ਕਣਕ ਦਾ ਗੱਟਾ ਚੁਕਾਈ ਬਿਨਾ ਪਿਆ ਹੈ ਅਤੇ ਫਸਲ ਵੀ ਪਈ ਹੈ। ਕਿਸਾਨ ਪੁੱਛਦੇ ਹਨ ਕਿ ਉਹ ਆਪਣੀ ਜਿਣਸ ਦਾ ਕੀ ਕਰਨ।
ਸੰਕਟ ਕਾਰਨ ਜ਼ਿਲੇ ਵਿੱਚ ਐਤਕੀਂ 4 ਸੌ ਦੇ ਕਰੀਬ ਖਰੀਦ ਕੇਂਦਰ ਬਣਾਏ ਹਨ ਜਿਨਾਂ ਵਿੱਚ ਕਿਸਾਨਾਂ ਨੂੰ ਵਿੱਚ ਰੁਲਣਾ ਪੈ ਰਿਹਾ ਹੈ । ਲੇਬਰ ਠੇਕੇਦਾਰ ਆਖ ਰਹੇ ਹਨ ਕਿ ਟਰੱਕ ਨਾਂ ਆਉਣ ਕਰਕੇ ਕਣਕ ਚੁੱਕੀ ਨਹੀਂ ਜਾ ਰਹੀ ਹੈ ਸਿਰਫ ਟਰੈਕਟਰ ਹੀ ਕਣਕ ਚੁੱਕ ਰਹੇ ਹਨ। ਆੜਤੀਆ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਸੀ ਕਿ ਮੰਡੀਆਂ ਵਿੱਚ ਪਏ ਅਨਾਜ ਦੀ ਰਾਖੀ ਆੜਤੀਆਂ ਨੂੰ ਕਰਨੀ ਪੈਂਦੀ ਹੈ । ਉਨਾਂ ਦੱਸਿਆ ਕਿ ਕੋਈ ਘਾਟ ਵਾਧ ਹੋ ਗਈ ਤਾਂ ਸਰਕਾਰ ਨੇ ਆੜਤੀਏ ਨੂੰ ਬਲੀ ਦਾ ਬੱਕਰਾ ਬਣਾ ਲੈਣਾ ਹੈ। ਉਨਾਂ ਦੱਸਿਆ ਕਿ ਉਹ ਤਾਂ ਸ਼ੁਰੂ ਤੋਂ ਹੀ ਮਸਲਾ ਜ਼ਿਲਾ ਪ੍ਰਸ਼ਾਸਨ ਕੋਲ ਰੱਖਦੇ ਰਹੇ ਹਨ ਪਰ ਕੋਈ ਹੱਲ ਨਹੀਂ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਫੋਨ ਨਹੀਂ ਚੁੱਕਿਆ
ਡਿਪਟੀ ਕਮਿਸ਼ਨਰ ਬਠਿੰਡਾ ਬੀ ਸੀ ਨਿਵਾਸਨ ਨਾਲ ਕਣਕ ਦੀ ਚੁਕਾਈ ਅਤੇ ਹੋਰ ਸਮੱਸਿਆਵਾਂ ਸਬੰਧੀ ਸੰਪਰਕ ਕਰਨਾ ਚਾਹਿਆ ਪਰ ਉਨਾਂ ਫੋਨ ਨਹੀਂ ਚੁੱਕਿਆ ਜਦੋਂਕਿ ਲੋਕ ਸੰਪਰਕ ਵਿਭਾਗ ਵੱਲੋਂ 19 ਅਰਿੈਲ ਨੂੰ ਜਾਰੀ ਸੂਚਨਾ ਅਨੁਸਾਰ ਖੁਰਾਕ ਤੇ ਸਪਲਾਈ ਕੰਟਰੋਲਰ ਬਠਿੰਡਾ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਮੰਡੀਆਂ ਵਿਚੋਂ ਕਣਕ ਦੀ ਲਿਫ਼ਟਿੰਗ ਵੀ ਨਾਲੋਂ ਨਾਲ ਸ਼ੁਰੂ ਹੋ ਚੁੱਕੀ ਹੈ ਅਤੇ 19 ਅਪਰੈਲ ਤੱਕ 14696 ਮੀਟਿ੍ਰਕ ਟਨ ਕਣਕ ਮੰਡੀਆਂ ਵਿਚੋਂ ਚੁੱਕ ਲਈ ਗਈ ਹੈ। ਅੱਜ ਜਿਲਾ ਪ੍ਰਸ਼ਾਸ਼ਨ ਵੱਲੋਂ ਕੋਈ ਸੂਚਨਾ ਜਾਰੀ ਨਈਂ ਕੀਤੀ ਗਈ ਹੈ।
--