ਐਸ ਏ ਐਸ ਨਗਰ, 19 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟਰੇਟ, ਐਸ.ਏ.ਐਸ.ਨਗਰ, ਮੁਹਾਲੀ ਸ੍ਰੀ ਗਿਰੀਸ਼ ਦਿਆਲਨ ਨੇ ਸੀ. ਪੀ.ਸੀ. ਦੀ ਧਾਰਾ 144 ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲੇ ਵਿਚ ਲਗਾਇਆ ਗਿਆ ਕਰਫਿਊ ਲਾਗੂ ਰਹੇਗਾ ਅਤੇ “ਕੋਈ ਵੀ ਵਾਧੂ ਗਤੀਵਿਧੀਆਂ (ਪਹਿਲਾਂ ਦੇ ਆਦੇਸ਼ਾਂ ਅਧੀਨ ਆਗਿਆ / ਛੋਟਾਂ ਵਿਚਲੀ ਪਾਬੰਦੀਆਂ) ਇਸ ਦਫਤਰ ਵੱਲੋਂ ਦਿੱਤੀਆਂ ਜਾਂਦੀਆਂ ਵਿਸ਼ੇਸ਼ ਛੋਟਾਂ ਤੋਂ ਬਗੈਰ ਚਾਲੂ ਨਹੀਂ ਕੀਤੀਆਂ ਜਾਣਗੀਆਂ।" ਇਹ, ਗਤੀਵਿਧੀਆਂ ਦੇ ਉਦੇਸ਼ਾਂ, ਜਨਤਾ ਨੂੰ ਮੁਸ਼ਕਲ ਘਟਾਉਣ ਅਤੇ ਸਰਕਾਰੀ ਕਾਰੋਬਾਰ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਦੇ ਅਧਾਰ 'ਤੇ ਨਿਰਧਾਰਤ ਕੀਤੀਆਂ ਜਾਣਗੀਆਂ।
ਮਹਾਂਮਾਰੀ ਦੇ ਉਭਰ ਰਹੇ ਖਤਰੇ ਅਤੇ ਸੰਭਾਵਤ ਵਿਸ਼ਾਲਤਾ ਨੂੰ ਵੇਖਦਿਆਂ ਅਤੇ ਮਨੁੱਖੀ ਜੀਵਨ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਖਤ ਉਪਾਅ ਲਾਗੂ ਕੀਤੇ ਗਏ ਹਨ।
ਕੋਈ ਵੀ ਉਲੰਘਣਾ ਕਰਨ ‘ਤੇ ਉਸ ਖਿਲਾਫ ਆਫਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ (ਐਮ.ਐਚ.ਏ., ਭਾਰਤ ਸਰਕਾਰ) ਦੁਆਰਾ ਸੋਧੇ ਗਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜੋ ਦੇਸ਼ ਵਿਚ 20 ਅਪ੍ਰੈਲ, 2020 ਤੋਂ ਕੁਝ ਵਾਧੂ ਗਤੀਵਿਧੀਆਂ ਖੋਲ੍ਹਣ ਦੀ ਇਜਾਜ਼ਤ ਦਿੰਦੇ ਹਨ ਪਰ ਇਹ ਵੀ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਇਹ ਦਿਸ਼ਾ ਨਿਰਦੇਸ਼ "ਹੌਟਸਪੌਟਸ" ਵਿੱਚ ਬਣੇ ਕੰਟੇਨਮੈਂਟ ਜ਼ੋਨਾਂ, ਜਿਸ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਓ ਐਚਐਫਡਬਲਯੂ), ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੁਆਰਾ ਨਿਰਧਾਰਤ ਕੀਤੇ ਕੋਵਿਡ-19 ਦੇ ਵੱਡੇ ਫੈਲਾਅ ਵਾਲੇ ਖੇਤਰਾਂ ਜਾਂ ਕੋਵਿਡ-19 ਦੇ ਵੱਡੀ ਗਿਣਤੀ ਵਿਚ ਫੈਲਣ ਵਾਲੇ ਸਮੂਹਾਂ ਦੇ ਖੇਤਰ ਸ਼ਾਮਲ ਹਨ, 'ਤੇ ਲਾਗੂ ਨਹੀਂ ਹੋਣਗੇ।
19 ਅਪ੍ਰੈਲ, 2020 ਤੱਕ, ਜ਼ਿਲੇ ਵਿਚ ਕੋਵਿਡ ਪਾਜੇਟਿਵ ਮਾਮਲਿਆਂ ਦੀ ਗਿਣਤੀ 61 ਹੈ ਜੋ ਕਿ ਸੂਬੇ ਵਿਚ ਸਭ ਤੋਂ ਵੱਧ ਹੈ।
ਜ਼ਿਲ੍ਹੇ ਦੀ ਆਪਣੀ ਸੀਮਾ ਯੂ.ਟੀ. ਚੰਡੀਗੜ੍ਹ ਅਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸੂਬਿਆਂ ਦੇ ਨਾਲ ਲੱਗਦੀ ਹੈ। ਕਾਫ਼ੀ ਗਿਣਤੀ ਵਿਚ ਲੋਕ ਮੁਹਾਲੀ ਜਾਂਦੇ ਹਨ ਅਤੇ ਇਨ੍ਹਾਂ ਰਾਜਾਂ ਤੋਂ ਵਾਪਸ ਆਉਂਦੇ ਹਨ ਕਿਉਂਕਿ ਉਨ੍ਹਾਂ ਦੇ ਕੰਮ ਦੀ ਜਗ੍ਹਾ ਜਾਂ ਰਿਹਾਇਸ਼ ਇੱਥੇ ਸਥਿਤ ਹੈ। ਅਜਿਹੀਆਂ ਸਥਿਤੀਆਂ ਵਿੱਚ, ਜਿਥੇ ਜ਼ਿਲ੍ਹਾ ਅਜੇ ਤੱਕ ਪਾਜੇਟਿਵ ਕੇਸ ਤੋਂ ਬਿਨਾਂ 14 ਦਿਨਾਂ ਦੀ ਅਵਸਥਾ ਵਿੱਚ ਨਹੀਂ ਪਹੁੰਚਿਆ ਹੈ ਅਤੇ ਜ਼ਿਲ੍ਹੇ ਵਿਚ ਪੰਜਾਬ ਭਰ ਚੋਂ ਸਭ ਤੋਂ ਵੱਧ ਕੋਵਿਡ ਦੇ ਪਾਜੇਟਿਵ ਕੇਸ ਹਨ ਇਸ ਲਈ ਮਹਾਂਮਾਰੀ ਫੈਲਣ ਦੇ ਖ਼ਤਰੇ ਨੂੰ ਅਜੇ ਵੀ ਨਕਾਰਿਆ ਨਹੀਂ ਜਾ ਸਕਦਾ।