ਪਠਲਾਵਾ, ਲਧਾਣਾ ਉੱਚਾ ਤੇ ਮਹਿਲ ਗਹਿਲਾਂ ਮੰਡੀਆਂ ’ਚ ਸੀਲ ਕੀਤੇ ਪਿੰਡ ਦੀ ਜਿਣਸ ਹੀ ਆਵੇਗੀ
ਜ਼ਿਲ੍ਹੇ ਦੀਆਂ ਮੰਡੀਆਂ ’ਚ ਆੜ੍ਹਤੀ ਆਪਣੇ ਸਟਾਫ਼ ’ਤੇ ਲੇਬਰ ਲਈ ਇੰਨਫ੍ਰਾਰੈਡ ਥਰਮੋਮੀਟਰ ਦਾ ਪ੍ਰਬੰਧ ਕਰਨ
ਖਰੀਦ ਸੀਜ਼ਨ ਲਈ ਜਾਰੀ ਪਾਸਾਂ ਦੀ ਗਲਤ ਵਰਤੋਂ ਕਰਨ ’ਤੇ ਹੋਵੇਗੀ ਕਾਰਵਾਈ
ਨਵਾਂਸ਼ਹਿਰ, 18 ਅਪਰੈਲ 2020: ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕਣਕ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਕੋੋਰੋਨਾ ਵਾਇਰਸ ਤੋਂ ਇਹਤਿਆਤ ਲਈ ਮੰਡੀਆਂ ’ਚ ਕਿਸਾਨਾਂ, ਲੇਬਰ ਤੇ ਖਰੀਦ ’ਚ ਜੁਟੇ ਹੋਰ ਅਮਲੇ ਦੀ ਸਿਹਤ ਜਾਂਚ ਲਈ ਅੱਜ ਤੋਂ 19 ਮੈਡੀਕਲ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਖਰੀਦ ਪ੍ਰਬੰਧਾਂ ਦੇ ਮੁਲਾਂਕਣ ਲਈ ਸੱਦੀ ਮੀਟਿੰਗ ਦੌਰਾਨ ਕੀਤਾ। ਇਸ ਮੀਟਿੰਗ ’ਚ ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਡੀ ਐਮ ਬੰਗਾ ਗੌਤਮ ਜੈਨ ਅਤੇ ਸਹਾਇਕ ਕਮਿਸ਼ਨਰ (ਜ) ਦੀਪਜੋਤ ਕੌਰ ਮੌਜੂਦ ਸਨ।
ਮੀਟਿੰਗ ’ਚ ਬੰਗਾ ਸਬ ਡਵੀਜ਼ਨ ਦੇ ਪਠਲਾਵਾ ਅਤੇ ਆਲੇ ਦੁਆਲੇ ਦੇ 15 ਸੀਲ ਕੀਤੇ ਪਿੰਡਾਂ ਦੀ ਚਾਲੂ ਖਰੀਦ ਸੀਜ਼ਨ ਦੌਰਾਨ ਜਿਣਸ ਵੇਚਣ ’ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ, ਇਸ ਲਈ ਇਨ੍ਹਾਂ ਪਿੰਡਾਂ ਲਈ ਪਠਲਾਵਾ, ਲਧਾਣਾ ਉੱਚਾ ਅਤੇ ਮਹਿਲ ਗਹਿਲਾਂ ਦੀਆਂ ਮੰਡੀਆਂ ਰਾਖਵੀਂਆਂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਮੰਡੀਆਂ ’ਚ ਇਨ੍ਹਾਂ 15 ਪਿੰਡਾਂ ਤੋਂ ਇਲਾਵਾ ਹੋਰ ਕਿਸੇ ਪਿੰਡ ਦੀ ਜਿਣਸ ਨਹੀਂ ਵੇਚੀ ਜਾ ਸਕੇਗੀ। ਇਨ੍ਹਾਂ ਮੰਡੀਆਂ ’ਚ ਸੈਨੇਟਾਈਜ਼ੇਸ਼ਨ ਅਤੇ ਕੋਵਿਡ-19 ਰੋਕਥਾਮ ਤਹਿਤ ਸਮੱੁਚੇ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ ਗਈ।
ਇਸ ਦੇ ਨਾਲ ਹੀ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ’ਚ ਆੜ੍ਹਤੀਆਂ ਨੂੰ ਆਪਣੇ ਸਟਾਫ਼, ਲੇਬਰ ਅਤੇ ਜਿਮੀਂਦਾਰਾਂ ਦੀ ਨਿਯਮਿਤ ਸਿਹਤ ਜਾਂਚ ਲਈ ਇੰਨਫ੍ਰਾਰੈਡ ਥਰਮੋਮੀਟਰ ਦਾ ਪ੍ਰਬੰਧ ਕਰਨ ਦੀ ਹਦਾਇਤ ਵੀ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਨੇ ਦੱਸਿਆ ਕਿ ਕਲ੍ਹ 18 ਮੰਡੀਆਂ ’ਚ ਕਣਕ ਦੀ ਆਮਦ ਹੋਈ ਅਤੇ 13 ਮੰਡੀਆਂ ’ਚ ਭਾਅ ਲਾਏ ਗਏ। ਉਨ੍ਹਾਂ ਦੱਸਿਆ ਕਿ ਅੱਜ ਨਿਯਮਿਤ ਤੌਰ ’ਤੇ ਉਨ੍ਹਾਂ ਸਾਰੀਆਂ ਮੰਡੀਆਂ ਜਿਨ੍ਹਾਂ ’ਚ ਮਾਲ ਆਇਆ ਹੋਇਆ ਹੈ, ਦੀ ਬੋਲੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਕੁੱਝ ਆੜ੍ਹਤੀਆਂ ਵੱਲੋਂ ਜ਼ਿਲ੍ਹੇ ’ਚ ਵਰਤੋਂ ਯੋਗ ਪਾਸ ਦੀ ਜ਼ਿਲ੍ਹੇ ਤੋਂ ਬਾਹਰ ਜਾਣ ’ਚ ਕੀਤੀ ਵਰਤੋਂ ਸਬੰਧੀ ਪੜਤਾਲ ਰਿਪੋਰਟ ਦੇਣ ਲਈ ਆਖਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਆੜ੍ਹਤੀ ਅੰਤਰ ਜ਼ਿਲ੍ਹਾ ਪਾਸ ਲਈ ਸਹਾਇਕ ਕਮਿਸ਼ਨਰ ਪਾਸੋਂ ਪ੍ਰਵਾਨਗੀ ਲਵੇ।
ਉਨ੍ਹਾਂ ਨੇ ਜ਼ਿਲ੍ਹੇ ’ਚ ਆਰਜ਼ੀ ਫੜ੍ਹ ਵਾਲੇ ਇੱਕ ਸ਼ੈਲਰ ਮਾਲਕ ਵੱਲੋਂ ਆਪਣੇ ਲੈਟਰ ਪੈਡ ’ਤੇ ਹੀ ਲੇਬਰ ਲਿਆਉਣ ਲਈ ਜਾਰੀ ਪਾਸ ਦਾ ਸਖਤ ਨੋਟਿਸ ਲੈਂਦੇ ਹੋਏ ਡੀ ਐਫ ਐਸ ਸੀ ਨੂੰ ਤੁਰੰਤ ਬਣਦੀ ਕਾਰਵਾਈ ਅਮਲ ’ਚ ਲਿਆਉਣ ਲਈ ਕਿਹਾ, ਜਿਸ ’ਤੇ ਡੀ ਐਫ ਐਸ ਸੀ ਰਾਕੇਸ਼ ਭਾਸਕਰ ਨੇ ਦੱਸਿਆ ਕਿ ਇਸ ਸ਼ੈੱਲਰ ’ਚ ਬਣਾਏ ਆਰਜ਼ੀ ਫੜ੍ਹ ਨੂੰ ਕੈਂਸਲ ਕਰਨ ਦੀ ਸਿਫ਼ਾਰਸ਼ ਮੁੱਖ ਦਫ਼ਤਰ ਨੂੰ ਕੀਤੀ ਜਾ ਚੁੱਕੀ ਹੈ।
ਮੀਟਿੰਗ ’ਚ ਮੁੱਖ ਖੇਤੀਬਾੜੀ ਅਫ਼ਸਰ ਸੁਰਿੰਦਰ ਸਿੰਘ, ਜੀ ਓ ਜੀ ਦੇ ਮੁਖੀ ਕਰਨਲ (ਸੇਵਾ ਮੁਕਤ) ਚੂਹੜ ਸਿੰਘ ਅਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਪ੍ਰਤੀਨਿਧ ਮੌਜੂਦ ਸਨ।