ਹਰੀਸ਼ ਕਾਲੜਾ
- ਕਿਸਾਨਾਂ ਵੱਲੋਂ ਮੰਡੀ ਵਿਚ ਲਿਆਂਦੀ ਕਣਕ ਦਾ ਇੱਕ ਇੱਕ ਦਾਣਾ ਖ਼ਰੀਦਿਆ ਜਾਵੇਗਾ-ਰਾਣਾ ਕੇ.ਪੀ ਸਿੰਘ
- ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ
ਕੀਰਤਪੁਰ ਸਾਹਿਬ, 18 ਅਪ੍ਰੈਲ 2020 - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਦਾਣਾ ਮੰਡੀ ਕੀਰਤਪੁਰ ਸਾਹਿਬ ਦਾ ਦੌਰਾ ਕਰਕੇ ਕਣਕ ਦੀ ਚਲ ਰਹੀ ਖਰੀਦ ਦਾ ਜਾਇਜ਼ਾ ਲਿਆ ਗਿਆ।ਇਸ ਮੌਕੇ ਉਹਨਾਂ ਵੱਲੋਂ ਆੜ੍ਹਤੀਆਂ ਅਤੇ ਮੰਡੀ ਵਿਚ ਕਣਕ ਲੈ ਕੇ ਆਏ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ, ਜਿਲ੍ਹਾ ਪੁਲਿਸ ਮੁੱਖੀ ਸ਼ਵਪਨ ਸ਼ਰਮਾ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਕਨੂ ਗਰਗ, ਜਿਲ੍ਹਾ ਮੰਡੀ ਅਫਸਰ ਅਜੈ ਪਾਲ ਸਿੰਘ ਬਰਾੜ, ਜਿਲਾ ਫੂਡ ਤੇ ਸਪਲਾਈ ਕੰਟਰੋਲਰ ਸਤਵੀਰ ਸਿੰਘ ਮਾਵੀ,ਤਹਿਸੀਲਦਾਰ ਰਾਮ ਕਿਸ਼ਨ, ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਡੀ ਐਫ ਐਸ ਓ ਸ਼ਿਫਾਲੀ ਚੋਪੜਾ ਹਾਜਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੰਡੀਆਂ ਵਿਚ ਕਿਸਾਨਾਂ ਵੱਲੋਂ ਲਿਆਂਦੀ ਕਣਕ ਦਾ ਇੱਕ ਇੱਕ ਦਾਣਾ ਖ਼ਰੀਦੀਆਂ ਜਾਵੇਗਾ।ਸਰਕਾਰ ਨੂੰ ਕਿਸਾਨਾਂ ਅਤੇ ਆਮ ਲੋਕਾ ਦੀ ਸਿਹਤ ਦਾ ਵੀ ਫਿਕਰ ਹੈ, ਇਸ ਲਈ ਮੰਡੀਆਂ ਵਿਚ ਭੀੜ ਪੈਣ ਤੋਂ ਰੋਕਣ ਲਈ ਕੂਪਨ ਸਿਸਟਮ ਲਾਗੂ ਕੀਤਾ ਗਿਆ ਹੈ। ਜਿਸ ਨਾਲ ਨਿਰਧਾਰਿਤ ਕਿਸਾਨ ਹੀ ਮੰਡੀਆਂ ਵਿਚ ਕਣਕ ਲੈ ਕੇ ਆ ਸਕਣਗੇ ਅਤੇ ਮੰਡੀਆ ਵਿਚ ਸੋਸ਼ਲ ਡਿਸਟੈਂਸ ਕਾਇਮ ਰਹੇਗਾ ਅਤੇ ਮੰਡੀ ਵਿਚ ਭੀੜ ਨਹੀਂ ਹੋਵੇਗੀ।
ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਮੰਡੀਆਂ ਵਿਚੋਂ ਕਣਕ ਚੁੱਕਣ ਲਈ ਇਸ ਸਮੇਂ ਵੱਖ ਵੱਖ ਖਰੀਦ ਏਜੰਸੀਆਂ, ਪ੍ਰਸ਼ਾਸਨ, ਆੜ੍ਹਤੀਏ, ਮਜ਼ਦੂਰ ਆਦਿ ਸਾਰੇ ਮਿਹਨਤ ਨਾਲ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਤੋਂ ਬਚਣ ਦਾ ਉਪਾਅ ਆਪਸੀ ਫਾਸਲਾ ਹੈ। ਇਸ ਲਈ ਮੰਡੀਆਂ ਵਿਚ ਕਣਕ ਖਰੀਦਣ ਸਮੇਂ ਸਾਰੇ ਅਧਿਕਾਰੀਆਂ, ਆੜ੍ਹਤੀਆਂ, ਮਜ਼ਦੂਰਾਂ,ਕਿਸਾਨਾਂ ਆਦਿ ਨੂੰ ਆਪਸੀ ਫਾਸਲਾ ਰੱਖਣ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਲਿਫਟਿੰਗ ਅਤੇ ਬਾਰਦਾਨੇ ਦੀ ਵੀ ਕੋਈ ਸਮੱਸਿਆ ਨਹੀਂ ਹੈ।ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਹੋਲੀ ਹੋਲੀ ਕਰਕੇ ਕਣਕ ਨੂੰ ਮੰਡੀ ਵਿਚ ਲਿਆਉਣ, ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਸਾਰੇ ਕਿਸਾਨਾਂ ਦੀ ਕਣਕ ਦੀ ਖਰੀਦ ਕੀਤੀ ਜਾਵੇਗੀ।
ਕੋਰੋਨਾ ਵਾਇਰਸ ਬਾਰੇ ਬੋਲਦੇ ਹੋਏ ਰਾਣਾ ਕੇ ਪੀ ਸਿੰਘ ਨੇ ਕਿਹਾ ਕੇ ਜੇਕਰ ਇਸ ਵਾਇਰਸ ਕਾਰਨ ਸਥਿਤੀ ਗੰਭੀਰ ਹੁੰਦੀ ਹੈ ਤਾਂ ਸੂਬਾ ਸਰਕਾਰ ਵੱਲੋਂ ਇਸ ਤੋਂ ਬਚਾਅ ਲਈ ਪੂਰੀ ਤਿਆਰੀ ਕੀਤੀ ਹੋਈ ਹੈ। ਸਿਹਤ ਵਿਭਾਗ ਪੂਰੀ ਤਿਆਰੀ ਕਰਕੇ ਬੈਠਾ ਹੈ। ਉਹਨਾਂ ਕਿਹਾ ਕਿ ਇਸ ਮੁਸੀਬਤ ਨਾਲ ਇਸ ਸਮੇਂ ਇਕੱਲਾ ਭਾਰਤ ਹੀ ਨਹੀਂ ਬਲਕਿ ਬਹੁਤ ਸਾਰੇ ਦੇਸ਼ ਮੁਕਾਬਲਾ ਕਰ ਰਹੇ ਹਨ। ਲੋਕਾਂ ਦੀ ਭਲਾਈ ਲਈ ਹੀ ਲਾਕਡਾਊਨ ਕੀਤਾ ਗਿਆ ਹੈ। ਇਸ ਲਈ ਜਨਤਾ ਨੂੰ ਵੀ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ਮੌਕੇ ਡੀ.ਐਸ.ਪੀ ਦਵਿੰਦਰ ਸਿੰਘ,ਪਾਲੀ ਸ਼ਾਹ ਕੌੜਾ, ਬਲਵੀਰ ਸਿੰਘ ਭੀਰੀ, ਸੁਰਿੰਦਰ ਪਾਲ ਸਿੰਘ ਸਕੱਤਰ ਮਾਰਕੀਟ ਕਮੇਟੀ, ਜੇ.ਈ ਨਰੇਸ਼ ਸੈਣੀ,ਲੇਖਾਕਾਰ ਵਰਿਆਮ ਸਿੰਘ ਘੱਟੀਵਾਲ, ਆੜ੍ਹਤੀ ਪ੍ਰਿਤਪਾਲ ਸਿੰਘ ਕੂਨਰ, ਸ਼ਿਆਮ ਅਗਰਵਾਲ, ਐਸ.ਐਚ.ਓ ਸੰਨ੍ਹੀ ਖੰਨਾ ਆਦਿ ਹਾਜਰ ਸਨ।