ਰਜਨੀਸ਼ ਸਰੀਨ
- ਨਵਾਂਸ਼ਹਿਰ ਤੇ ਰਾਹੋਂ ਮੰਡੀਆਂ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਈ
- ਆੜ੍ਹਤੀਆਂ ਨੂੰ ‘ਸੋਸ਼ਲ ਡਿਸਟੈਂਸਿੰਗ’ ਅਤੇ ਸੈਨੇਟਾਈਜ਼ੇਸ਼ਨ ਦਾ ਪੂਰਾ ਧਿਆਨ ਰੱਖਣ ਦੀ ਤਾਕੀਦ
ਨਵਾਂਸ਼ਹਿਰ, 17 ਅਪਰੈਲ 2020 - ਐਮ ਐਲ ਏ ਅੰਗਦ ਸਿੰਘ ਨੇ ਅੱਜ ਨਵਾਂਸ਼ਹਿਰ ਮੰਡੀ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਕਿਹਾ ਕਿ ਕੋਵਿਡ ਕਰਫ਼ਿਊ ਦੌਰਾਨ ਕਿਸਾਨਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਇਸ ਮੌਕੇ ਮੰਡੀ ’ਚ ਜਿਣਸ ਲੈ ਕੇ ਅਨੰਤ ਕੁਮਾਰ ਦੀ ਢੇਰੀ ਦੀ ਬੋਲੀ ਆਪਣੀ ਹਾਜ਼ਰੀ ’ਚ ਲਗਵਾਈ। ਅਨੰਤ ਕੁਮਾਰ ਨੇ ਇਸ ਮੌਕੇ ਸਰਕਾਰ ਵੱਲੋਂ ਕੋਵਿਡ ਨਾਲ ਨਿਪਟਦੇ ਹੋਏ ਕਣਕ ਦੀ ਨਿਰਵਿਘਨ ਖਰੀਦ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਸ ਦਾ ਕਹਿਣਾ ਸੀ ਕਿ ਉਹ ਅੱਜ ਹੀ ਆੜ੍ਹਤੀ ਵੱਲੋਂ ਜਾਰੀ ਕੀਤੇ ਪਾਸ ’ਤੇ ਕਣਕ ਦੀ ਟਰਾਲੀ ਲੈ ਕੇ ਆਇਆ ਸੀ ਅਤੇ ਆਉਂਦਿਆਂ ਹੀ ਉਸ ਦੀਆਂ ਤਿੰਨਾਂ ਢੇਰੀਆਂ ਦਾ ਭਾਅ ਲੱਗ ਗਿਆ। ਉਸ ਨੇ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ।
ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਸਮੁੱਚੇ ਮੰਡੀ ਅਮਲੇ ਅਤੇ ਆੜ੍ਹਤੀਆਂ ਨੂੰ ਤਾਕੀਦ ਕੀਤੀ ਕਿ ਉਹ ਵਿਸ਼ਵ ਭਰ ’ਚ ਫੈਲੀ ਮਹਾਂਮਾਰੀ ਕੋਵਿਡ ਤੋਂ ਆਪਣੇ ਸਟਾਫ਼, ਖਰੀਦ ਏਜੰਸੀਆਂ, ਮੁਨੀਮਾਂ, ਤੋਲਿਆਂ, ਲੇਬਰ ਅਤੇ ਕਿਸਾਨਾਂ ਨੂੰ ਬਚਾਉਣ ਲਈ ਜਿੱਥੇ ‘ਸੋਸ਼ਲ ਡਿਸਟੈਂਸਿੰਗ’ ’ਤੇ ਪੂਰਾ ਧਿਆਨ ਦੇਣ ਉੱਥੇ ਮੰਡੀਆਂ ਦੀ ਸੈਨੇਟਾਈਜ਼ੇਸ਼ਨ ਵੀ ਬੇਹਤਰ ਢੰਗ ਨਾਲ ਕਰਵਾਈ ਜਾਵੇ। ਲੇਬਰ ਅਤੇ ਹੋਰ ਅਮਲੇ ਨੂੰ ਬਾਕਾਇਦਾ ਪਹਿਨਾਉਣੇ ਲਾਜ਼ਮੀ ਕੀਤੇ ਜਾਣ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਖਰੀਦ ਕੇਂਦਰਾਂ ਦੀ ਗਿਣਤੀ ਵਧਾ ਕੇ ਅਤੇ ਮੰਡੀਆਂ ’ਚ ਭੀੜ ਨਾ ਹੋਣ ਦੇਣ ਲਈ ਕੂਪਨ ਸਿਸਟਮ ਚਲਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਸੀਜ਼ਨ ਨਿਰਵਿਘਨਤਾ ਨਾਲ ਨੇਪਰੇ ਚੜ੍ਹੇਗਾ ਉੱਥੇ ਕੋਰੋਨਾ ਵਾਇਰਸ ਤੋਂ ਰੋਕਥਾਮ ’ਚ ਮੱਦਦ ਮਿਲੇਗੀ।
ਇਸ ਮੌਕੇ ਉਨ੍ਹਾਂ ਨਾਲ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਡੀ ਐਸ ਪੀ ਹਰਨੀਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਚਮਨ ਸਿੰਘ ਭਾਨ ਮਜਾਰਾ, ਸਕੱਤਰ ਮਾਰਕੀਟ ਕਮੇਟੀ ਪਰਮਜੀਤ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਵਾਲੀਆ, ਵਿਕਾਸ ਸੋਨੀ ਅਤੇ ਹੋਰ ਆੜ੍ਹਤੀ ਤੇ ਖਰੀਦ ਏਜੰਸੀਆਂ ਦੇ ਪ੍ਰਤੀਨਿਧ ਮੌਜੂਦ ਸਨ।