- ਵਿਧਾਇਕਾਂ, ਮੰਤਰੀਆਂ ਦੀਆਂ ਤਨਖਾਹਾਂ, ਪੈਨਸ਼ਨਾਂ ਤੇ ਲੱਗੇ ਕੱਟ: ਡੀਟੀਐੱਫ
ਫਿਰੋਜ਼ਪੁਰ, 15 ਅਪ੍ਰੈਲ 2020 : ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕੱਟ ਲਗਾਉਣ ਦੀਆਂ ਕਨਸੋਆਂ ਦੇ ਚੱਲਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 30 ਪ੍ਰਤੀਸ਼ਤ ਕਟੌਤੀ ਕਰਨ ਦੇ ਬਿਆਨ ਖ਼ਿਲਾਫ਼ ਅਧਿਆਪਕ ਵਰਗ ਵਿੱਚ ਰੋਹ ਭੜਕ ਗਿਆ ਹੈ। ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ ਸਾਈਆਂ ਵਾਲਾ ਤੇ ਜ਼ਿਲ੍ਹਾ ਸਕੱਤਰ ਬਲਰਾਮ ਸ਼ਰਮਾ ਨੇ ਸਾਬਕਾ ਵਿੱਤ ਮੰਤਰੀ ਵੱਲੋਂ ਇੱਕ ਚਿੱਠੀ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਸੁਝਾਅ ਦਾ ਤਿੱਖਾ ਨੋਟਿਸ ਲਿਆ ਹੈ।
ਅਧਿਆਪਕ ਆਗੂਆਂ ਨੇ ਆਖਿਆ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟਣ ਦੇ ਮਸ਼ਵਰੇ ਦੇਣ ਵਾਲੇ ਮੰਤਰੀਆਂ ਨੂੰ ਪਹਿਲਾਂ ਆਪਣੇ ਗਿਰੀਵਾਨ ਵਿਚ ਝਾਤੀ ਮਾਰਨੀ ਚਾਹੀਦੀ ਹੈ। ਜਿਹੜੇ ਚੜ੍ਹੇ ਮਹੀਨੇ ਲੱਖਾਂ ਰੁਪਏ ਦੀਆਂ ਪੈਨਸ਼ਨਾਂ ਤੇ ਹੋਰ ਭੱਤੇ ਲੈ ਸਰਕਾਰੀ ਖਜ਼ਾਨੇ ਨੂੰ ਘੁਣ ਵਾਂਗ ਖਾਣ ਲੱਗੇ ਹੋਏ ਹਨ। ਜ਼ਿਲ੍ਹਾ ਆਗੂਆਂ ਗੁਰਦੇਵ ਸਿੰਘ, ਗੁਰਸੇਵਕ ਸਿੰਘ, ਸਤੀਸ਼ ਕੁਮਾਰ, ਸੰਦੀਪ ਕੁਮਾਰ ਨੇ ਆਖਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਸਾਰੇ ਮੁਲਾਜ਼ਮਾਂ ਦਾ 25 ਫੀਸਦੀ ਡੀਏ ਦੱਬੀ ਬੈਠੀ ਹੈ ਤੇ ਪਿਛਲੇ ਤਿੰਨ ਸਾਲਾਂ ਤੋਂ ਇਨ੍ਹਾਂ ਕਿਸ਼ਤਾਂ ਦਾ ਬਕਾਇਆ ਵੀ ਸਰਕਾਰ ਵੱਲ ਖੜ੍ਹਾ ਹੈ।
ਜਦਕਿ ਹਜ਼ਾਰਾਂ ਮੁਲਾਜ਼ਮ ਠੇਕੇ ਭਰਤੀ ਅਧੀਨ ਨਿਗੂਣੀਆ ਤਨਖਾਹਾਂ 'ਤੇ ਕੰਮ ਕਰ ਰਹੇ ਹਨ। ਆਗੂਆਂ ਨੇ ਆਖਿਆ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਕੱਟ ਲਗਾਉਣ ਦਾ ਦਮ ਭਰਨ ਵਾਲੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਤੇ ਟੈਕਸਾਂ ਨਾਲ ਭਰਦੇ ਸਰਕਾਰੀ ਖਜ਼ਾਨੇ ਵਿੱਚੋਂ ਗ਼ੱਫੇ ਲੈ ਰਹੇ ਹਨ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਖ਼ੁਦ ਮੁਲਾਜ਼ਮ ਵਿਰੋਧੀ ਵਤੀਰੇ ਦਾ ਮਾਲਕ ਹੈ, ਜਿਸਨੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਕਾਲ ਵਿੱਚ ਮੁਲਾਜ਼ਮਾਂ ਦੇ ਪੱਲੇ ਕੱਖ ਨਹੀਂ ਸੀ ਪਾਇਆ। ਪੇ ਕਮਿਸ਼ਨ ਦੀ ਰਿਪੋਰਟ ਨੂੰ ਹਵਾ ਨਹੀਂ ਸੀ ਲੱਗਣ ਦਿੱਤੀ ਤੇ ਪੱਕੇ ਰੁਜ਼ਗਾਰ ਦਾ ਹੱਕ ਮੰਗਦੇ ਮੁਲਾਜ਼ਮਾਂ ਲਾਠੀ, ਗੋਲੀ ਨਾਲ ਨਿਵਾਜ਼ਿਆ ਸੀ।
ਆਗੂਆਂ ਨੇ ਆਖਿਆ ਕਿ ਸਰਕਾਰ ਸੰਕਟ ਦੀ ਘੜੀ ਵਿਚ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਕੱਟ ਲਗਾਉਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਤੇ ਮੋਟੇ ਟੈਕਸ ਲਗਾਵੇ, ਖਜ਼ਾਨਾ ਚੂੰਢ ਰਹੇ ਵਿਧਾਇਕਾਂ, ਮੰਤਰੀਆਂ ਦੇ ਪੈਨਸ਼ਨ, ਭੱਤਿਆਂ ਤੇ ਕੱਟ ਲਗਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਪਹਿਲਾਂ ਹੀ ਸਰਕਾਰੀ ਵਿੱਤੀ ਵਿਤਕਰੇ ਦਾ ਸ਼ਿਕਾਰ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਕੱਟ ਲਗਾਉਣ ਬਾਰੇ ਸੋਚਣ ਤੇ ਉੱਠਣ ਵਾਲੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸ਼ਾਮ ਸਿੰਘ, ਰਤਨਦੀਪ ਸਿੰਘ, ਵਿਸ਼ਾਲ ਕੁਮਾਰ, ਵਿਸ਼ਾਲ ਸਹਿਗਲ, ਸੰਤੋਖ ਸਿੰਘ, ਅਜੇ ਕੁਮਾਰ,ਗੁਰਪ੍ਰੀਤ ਮੱਲੋ ਕੇ, ਗੁਰਪਾਲ ਸੰਧੂ, ਕੁਲਵਿੰਦਰ ਹਰਦਾਸਾ ਵੀ ਹਾਜ਼ਰ ਸਨ।