- ਸਿਹਤ ਵਿਭਾਗ ਦੀ ਟੀਮ ਨੇ ਮਜ਼ਦੂਰਾਂ, ਕਿਸਾਨਾਂ ਤੇ ਆੜਤੀਆਂ ਨੂੰ ਸੋਸ਼ਲ ਡਿਸਟੈਨਸਿਗ ਤੇ ਹੱਥ ਧੋਣ ਦੇ ਤਰੀਕਿਆਂ ਬਾਰੇ ਕੀਤਾ ਜਾਗਰੂਕ
ਫਿਰੋਜ਼ਪੁਰ 15 ਅਪ੍ਰੈਲ 2020 : ਕੋਰੋਨਾ ਵਾਈਰਸ ਦੇ ਸਾਏ ਹੇਠ ਭਾਵੇਂ ਪੂਰੀ ਦੁਨੀਆਂ ਘਰਾਂ ਵਿਚ ਕੈਦ ਹੋ ਚੁੱਕੀ ਹੈ, ਪਰ ਰੋਜ਼ਮਰ੍ਹਾ ਦੀਆਂ ਵਸਤਾਂ ਤੇ ਖੇਤਾਂ ਵਿਚ ਕਿਸਾਨਾਂ ਦੇ ਪਏ ਖਜਾਨੇ ਦੀ ਰਾਖੀ ਲਈ ਸੂਬਾ ਸਰਕਾਰ ਵੱਲੋਂ ਪਹਿਲ ਕਦਮੀ ਕਰਦਿਆਂ ਅੱਜ ਤੋਂ ਸ਼ੁਰੂ ਕੀਤੀ ਕਣਕ ਦੀ ਖਰੀਦ ਦੇ ਚੱਲਦਿਆਂ ਮਮਦੋਟ ਦਾਣਾ ਮੰਡੀ ਵਿਚ ਪਹੁੰਚੀ ਸਿਹਤ ਵਿਭਾਗ ਦੀ ਟੀਮ। ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਸਮੇਤ ਕਸਬੇ ਅਧੀਨ ਆਉਂਦੀਆਂ ਸਮੂਹ ਮੰਡੀਆਂ ਵਿਚ ਆਉਂਦੇ ਮਜ਼ਦੂਰਾਂ ਨੂੰ ਕੋਰੋਨਾ ਵਾਈਰਸ ਦੇ ਪ੍ਰਭਾਵ ਤੋਂ ਜਾਣੂ ਕਰਵਾਉਣ ਅਤੇ ਉਸ ਦੇ ਬਚਾਓ ਬਾਰੇ ਜਾਣਕਾਰੀ ਦੇਣ ਲਈ ਮੰਡੀ ਵਿਚ ਪਹੁੰਚੀ ਵਿਭਾਗ ਦੀ ਟੀਮ ਨੇ ਜਿਥੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਸੀ ਦੂਰੀ ਬਣਾਉਣ ਦੇ ਫਾਈਦੇ ਤੋਂ ਜਾਣੂ ਕਰਵਾਇਆ, ਉਥੇ ਮੰਡੀਆਂ ਵਿਚ ਆਉਂਦੇ ਕਿਸਾਨਾਂ ਨੂੰ ਵੀ ਪੂਰੀ ਸਾਫ-ਸਫਾਈ ਦੇ ਨਾਲ-ਨਾਲ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ।
ਡਾ. ਰਜਿੰਦਰ ਮਨਚੰਦਾ ਐੱਸਐੱਮਓ ਨੇ ਸਪੱਸ਼ਟ ਕੀਤਾ ਕਿ ਕੋਰੋਨਾ ਵਾਈਰਸ ਲਗਾਤਾਰ ਲੋਕਾਂ ਨੂੰ ਆਪਣੇ ਖੂਨੀ ਪੰਜਿਆਂ ਵਿਚ ਲੈ ਰਿਹਾ ਹੈ ਅਤੇ ਇਸ ਤੋਂ ਅਸੀਂ ਭਾਰਤ ਵਾਸੀ ਕਾਫੀ ਬਚੇ ਹੋਏ ਹਾਂ ਅਤੇ ਸਾਡੇ ਬਚਣ ਦਾ ਮੁੱਖ ਕਾਰਨ ਸਾਡੇ ਵੱਲੋਂ ਬਣਾਈ ਆਪਸੀ ਸੋਸ਼ਲ ਡਿਸਟੈਸ ਹੈ। ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਅੰਕੁਸ਼ ਭੰਡਾਰੀ ਬੀਈਈ ਨੇ ਸਪੱਸ਼ਟ ਕੀਤਾ ਕਿ ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਹੇਠ ਮੰਡੀਆਂ ਵਿਚ ਸੈਨੇਟਾਈਜ ਦਾ ਛਿੜਕਾਅ ਹੋ ਰਿਹਾ ਹੈ, ਪਰ ਮੰਡੀਆਂ ਵਿਚ ਆਉਂਦੇ ਪ੍ਰਵਾਸੀ ਮਜ਼ਦੂਰਾਂ ਦੀ ਸਿਹਤ ਵਿਭਾਗ ਨੂੰ ਸੂਚਨਾ ਤੁਰੰਤ ਦੇਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮੰਡੀਆਂ ਵਿਚ ਆਉਂਦੇ ਮਜ਼ਦੂਰਾਂ ਨੂੰ ਹਰ ਤਰ੍ਹਾਂ ਦੀ ਸਿਹਤ ਸਹੂਲਤ ਨਾਲ ਮੁਹੱਇਆ ਕਰਨ ਦੇ ਨਾਲ-ਨਾਲ ਕਿਸੇ ਵੀ ਬਿਮਾਰੀ ਨੂੰ ਫੈਲਣ ਤੋਂ ਪਹਿਲਾ ਰੋਕਿਆ ਜਾ ਸਕੇ।
ਇਸ ਮੌਕੇ ਬੀਈਈ ਅੰਕੁਸ਼ ਭੰਡਾਰੀ, ਅਮਰਜੀਤ, ਮਹਿੰਦਰਪਾਲ ਐੱਮਪੀਐਚ ਡਬਲਯੂ ਮੇਲ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਸਮੇਂ-ਸਮੇਂ ਤੇ ਕਸਬੇ ਦੀਆਂ ਮੰਡੀਆਂ ਵਿਚ ਪਹੁੰਚ ਕਰਦੀ ਰਹੇਗੀ ਅਤੇ ਮਜ਼ਦੂਰਾਂ ਨੂੰ ਆਪਸੀ ਡਿਸਟੈਸ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਆਪਣੀ ਸਿਹਤ ਪ੍ਰਤੀ ਸੁਹਿਰਦ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿਚ ਕਹਿਰ ਮਚਾ ਰਹੀ ਕੋਰੋਨਾ ਜਿਹੀ ਬਿਮਾਰੀ ਨਾਲ ਲੜਣ ਲਈ ਸਾਨੂੰ ਸਭਨਾਂ ਨੂੰ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਬਿਮਾਰੀ 'ਤੇ ਆਪਣੀ ਜਿੱਤ ਦਰਜ ਕਰ ਸਕੀਏ।
ਮੰਡੀਆਂ ਵਿਚ ਆਉਂਦੇ ਕਿਸਾਨਾਂ ਤੇ ਆੜਤੀਆਂ ਨੂੰ ਅਪੀਲ ਕਰਦਿਆਂ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਬਚਾਓ ਵਿਚ ਹੀ ਬਚਾਓ ਹੈ ਅਤੇ ਜੇਕਰ ਕਿਸੇ ਪ੍ਰਵਾਸੀ ਮਜ਼ਦੂਰ ਵਿਚ ਕੋਈ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁਰੰਤ ਸਿਹਤ ਵਿਭਾਗ ਜਾਂ ਟੋਲ ਫ੍ਰੀ ਨੰਬਰ 'ਤੇ ਸੰਪਰਕ ਕੀਤਾ ਜਾਵੇ ਕਿਉਂਕਿ ਵਿਕਸਿਤ ਦੇਸ਼ਾਂ ਦੀ ਰਿਪੋਰਟ ਮੁਤਾਬਿਕ ਇਕ ਕੋਰੋਨਾ ਪੀੜਤ ਸੈਂਕੜਿਆਂ ਨੂੰ ਬਿਮਾਰੀ ਦੀ ਲਪੇਟ ਵਿਚ ਲਿਆ ਰਿਹਾ ਹੈ ਅਤੇ ਇਸ ਤੋਂ ਆਪਣਾ ਤੇ ਪਰਿਵਾਰ ਦਾ ਬਚਾਓ ਕਰਨ ਲਈ ਸਾਨੂੰ ਸਭਨਾਂ ਨੂੰ ਆਪਸੀ ਡਿਸਟੈਸ ਦੀ ਜ਼ਰੂਰਤ ਹੈ, ਜਿਸ ਨੂੰ ਬਰਕਰਾਰ ਰੱਖਣਾ ਸਾਡਾ ਸਭਨਾਂ ਦਾ ਮੁਢਲਾ ਫਰਜ਼ ਵੀ ਬਣਦਾ ਹੈ। ਇਸ ਸਿਹਤ ਵਿਭਾਗ ਦੀ ਟੀਮ ਨੇ ਸਮੇਂ-ਸਮੇਂ 'ਤੇ ਮੰਡੀਆਂ ਵਿਚ ਪਹੁੰਚ ਕਰਕੇ ਮਜ਼ਦੂਰਾਂ, ਕਿਸਾਨਾਂ ਤੇ ਆੜਤੀਆਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਦਾ ਅਹਿਦ ਲਿਆ।