ਹਰਿੰਦਰ ਨਿੱਕਾ
ਬਰਨਾਲਾ 14 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਸ ਸਿੰਘ ਫੂਲਕਾ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਬਰਨਾਲਾ ਅੰਦਰ ਕਣਕ ਦੀ ਰਹਿੰਦ-ਖੂੰਹਦ (ਨਾੜ) ਨੂੰ ਅੱਗ ਲਗਾਉਣ/ਸਾੜਨ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲਾ ਮੈਜਿਸਟੇ੍ਰਟ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਫਸਲ ਕੱਟਣ ਉਪਰੰਤ ਫਸਲ ਦੀ ਰਹਿੰਦ-ਖੰੂਹਦ (ਨਾੜ) ਨੂੰ ਸਬੰਧਤ ਕਿਸਾਨ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਹਵਾ ਵਿੱਚ ਧੂੰਏ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ।
ਉਨਾਂ ਕਿਹਾ ਕਿ ਇਸ ਨਾਲ ਜਿੱਥੇ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ। ਉਹਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਆਲੇ ਦੁਆਲੇ ਖੜੀ ਫਸਲ ਜਾਂ ਪਿੰਡ ਵਿੱਚ ਵੀ ਅੱਗ ਲੱਗਣ ਦਾ ਡਰ ਰਹਿੰਦਾ ਹੈ, ਜਿਸ ਨਾਲ ਵੱਡੇ ਹਾਦਸੇ ਵੀ ਵਾਪਰ ਸਕਦੇ ਹਨ ਅਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਵੀ ਹੁੰਦਾ ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਵੀ ਔਖਾ ਹੋ ਸਕਦਾ।
ਇਸ ਦੇ ਨਾਲ ਹੀ ਇੱਕ ਹੋਰ ਹੁਕਮ ਜਾਰੀ ਕਰਦਿਆ ਜ਼ਿਲਾ ਮੈਜਿਸਟਰੇਟ ਸ. ਫੂਲਕਾ ਨੇ ਕਿਹਾ ਕਿ ਆਮ ਤੌਰ ’ਤੇ ਦੇਖਣ ਵਿੱਚ ਆਇਆ ਹੈ ਕਿ ਕਣਕ ਦੇ ਸੀਜ਼ਨ ਸਮੇਂ ਮੰਡੀਆਂ ਦੀਆਂ ਸੜਕਾਂ/ਹੋਰ ਸੜਕਾਂ ਤੇ ਕਣਕ ਦੀਆਂ ਬੱਲੀਆਂ, ਕਣਕ ਦਾ ਦਾਣਾ ਅੱਡ ਕਰਨ ਲਈ ਸੁੱਟ ਦਿੱਤਾ ਜਾਂਦਾ ਹੈ। ਤੇਜ਼ ਹਵਾਵਾਂ ਚੱਲਣ ਕਾਰਨ ਬੱਲੀਆਂ ਤੋਂ ਧੂੜ ਊਡਦੀ ਹੈ, ਜੋ ਹਵਾ ਵਿੱਚ ਮਿਲਕੇ ਵਾਤਾਵਰਣ ਨੂੰ ਦੂਸ਼ਿਤ ਕਰਦੀ ਹੈ। ਇਸ ਲਈ ਜਾਬਤਾ ਫੌਜ਼ਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਬਰਨਾਲਾ ਅੰਦਰ ਪੈਂਦੀਆਂ ਸਮੂਹ ਸੜਕਾਂ ਉੱਪਰ ਕਣਕ ਦੀਆਂ ਬੱਲੀਆਂ ਸੁੱਟਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਂਦੀ ਹੈ। ਉਨਾਂ ਦੱਸਿਆ ਕਿ ਉਕਤ ਹੁਕਮ ਮਿਤੀ 15 ਅਪਰੈਲ, 2020 ਤੋਂ 31 ਮਈ, 2020 ਤੱਕ ਜ਼ਿਲ੍ਹਾ ਬਰਨਾਲਾ ਅੰਦਰ ਲਾਗੂ ਰਹਿਣਗੇ।