ਜੀ ਐਸ ਪੰਨੂ
ਪਟਿਆਲਾ, 14 ਅਪ੍ਰੈਲ 2020 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਇਹ ਮੌਕਾ ਨਾ ਵਿਰੋਧ ਕਰਨ ਦਾ ਹੈ, ਨਾ ਰੋਸ ਜਾਹਿਰ ਕਰਨ ਦਾ ਅਤੇ ਨਾ ਹੈ ਕਿਸੇ ਤਰਾਂ ਦਾ ਗਿਲਾ ਕਰਨ ਦਾ ਹੈ, ਕਿਉਂ ਕੇ ਕੋਰੋਨਾ ਦੇ ਕਹਿਰ ਨੇ ਸਬ ਬੇਵਸ ਕਰਕੇ ਰੱਖ ਦਿੱਤਾ ਹੈ। ਇਸ ਲਈ ਅਸੀਂ ਪੰਜਾਬ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵਲੋਂ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸੂਬੇ ਵਿਚ ਹਰ ਸਰਕਾਰੀ ਅਤੇ ਗੈਰ ਸਰਕਾਰੀ ਸਤਿਕਾਰਯੋਗ ਮੁਲਾਜਮ ਸਹਿਬਾਨਾਂ ਅਤੇ ਅਫ਼ਸਰ ਸਹਿਬਾਨਾਂ ਸਮੇਤ ਕੋਰੋਨਾ ਵਿਰੁੱਧ ਜੰਗ ਲੜ ਰਹੇ ਜਾਬਾਜਾਂ ਨੂੰ ਨਿੱਜੀ ਸੁਰੱਖਿਆ ਉਪਕਰਨਾਂ ਸਮੇਤ ਹੋਰ ਮੈਡੀਕਲ ਸਹੂਲਤਾਂ ਦੇਣ ਦਾ ਐਲਾਨ ਕਰ ਚੁੱਕੇ ਹੋ ਠੀਕ ਉਸੇ ਤਰਾਂ ਪੰਜਾਬ ਦੇ ਸਮੁੱਚੇ ਪੱਤਰਕਾਰਾਂ ਲਈ ਵੀ ਲੋੜੀਂਦੇ ਐਲਾਨ ਜਰੂਰ ਕਰੋ, ਕਿਉਂਕਿ ਸਮਾਜ ਦੇ ਚੋਥੇ ਥੰਮ ਮੀਡੀਆ ਤੋਂ ਬਿਨਾਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਲੋਕ ਸੱਖਣੇ ਹਨ।
ਕੈਪਟਨ ਸਾਹਬ ਤੁਸੀਂ ਵੀ ਭਲੀ-ਭਾਂਤ ਜਾਣਦੇ ਹੋ ਅਤੇ ਜੱਗ ਜਾਹਿਰ ਹੈ ਕਿ ਮੀਡੀਆ ਤੋਂ ਬਿਨਾਂ ਸਮਾਜਿਕ ਲੋਕ ਆਪਣੀ ਹਰ ਪਰਾਪਤੀ ਉਨੀ ਦੇਰ ਅਧੂਰੀ ਸਮਝਦੇ ਹਨ, ਜਿੰਨੀ ਦੇਰ ਉਨਾਂ ਦਾ ਕੰਮ ਮੀਡੀਆ ਵਿਚ ਨਸ਼ਰ ਨਾ ਹੋ ਜਾਵੇ। ਇੱਥੇ ਹੀ ਬਸ ਨਹੀਂ ਪੁਲਿਸ ਅਤੇ ਸਿਵਲ ਪ੍ਸ਼ਾਸਨ ਦੇ ਹਰੇਕ ਛੋਟੇ ਵੱਡੇ ਐਲਾਨ, ਪ੍ਰਾਪਤੀ ਜਾਂ ਕੰਮ ਦਾ ਸਾਰਾ ਦਾਰੋਮਦਾਰ ਮੀਡੀਆ ਦੇ ਸਿਰ ਹੁੰਦਾ ਹੈ।
ਠੀਕ ਇਸੇ ਤਰਾਂ ਧਾਰਮਿਕ ਪੱਖ ਤੋਂ ਵੀ ਉੱਨੀ ਦੇਰ ਕੋਈ ਕਾਰਜ ਸਫ਼ਲ ਨਹੀਂ ਮਨਿਆ ਜਾਂਦਾ, ਜਿੰਨੀ ਦੇਰ ਉਸ ਨੂੰ ਅਖਬਾਰਾਂ ਅਤੇ ਟੈਲੀਵਿਜਨ ਵਧੀਆਂ ਢੰਗ ਨਾਲ ਪ੍ਰਸਾਰਿਤ ਨਾ ਕਰ ਦੇਣ , ਬਾਕੀ ਰਹੀ ਗੱਲ ਰਾਜਨੀਤਿਕ ਪੱਖ ਦੀ ਤਾਂ ਉਸ ਬਾਰੇ ਬੱਚਾ -ਬੱਚਾ ਜਾਣਦਾ ਹੈ ਕਿ ਅਵਾਮ ਤੇ ਰਾਜ ਕਰਨ ਵਾਲਿਆਂ ਦੀ ਕੋਈ ਵੀ ਨੀਤੀ ਉਨਾਂ ਚਿਰ ਕਾਰਗਰ ਸਾਬਿਤ ਨਹੀਂ ਹੁੰਦੀ ਜਿੰਨੀ ਦੇਰ ਮੀਡੀਆ ਚ ਉਸ ਦੀ ਰੱਜ ਕਿ ਚਰਚਾ ਨਾ ਹੋ ਜਾਵੇ। ਹੁਣ ਤੁਸੀਂ ਕੈਪਟਨ ਸਾਬ ਖੁਦ ਸੋਚੋ ਕਿ ਜਿਸ ਮੀਡੀਆ ਬਗੈਰ ਸਮਾਜ ਦੀਆ ਤਿੰਨੇ ਸਮਾਜਿਕ , ਧਾਰਮਿਕ ਅਤੇ ਰਾਜਨੀਤਿਕ ਧਿਰਾਂ ਆਪਣੇ ਹਰ ਕੰਮ ਨੂੰ ਅਧੂਰਾ ਸਮਝਦੀਆ ਹੋਣ ਤਾਂ ਅਜਿਹੇ ਵਿਚ ਮੀਡੀਆ ਦਾ ਰੋਲ ਕਿੰਨਾ ਲੋੜੀਂਦਾ ਹੋ ਜਾਂਦਾ ਹੈ।
ਇਸ ਵਕਤ ਉਕਤ ਤਿੰਨੇ ਧਿਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੇਕਰ ਕੋਰੋਨਾ ਦੇ ਖ਼ਤਰਨਾਕ ਦੌਰ ਵਿਚ ਕੋਈ ਜਾਨ ਤੇ ਖੇਡ ਕੇ 24 ਘੰਟੇ ਬਿਨਾਂ ਕਿਸੇ ਲਾਲਚ ਤੋਂ ਆਪਣੇ ਫਰਜ਼ ਨੂੰ ਅੰਜਾਮ ਦੇ ਰਿਹਾ ਹੈ, ਤਾਂ ਉਹ ਹੈ ਸਿਰਫ਼ ਤੇ ਸਿਰਫ ਮੀਡੀਆ।ਕਿਉਂਕਿ ਸਰਕਾਰੀ ਜਾਂ ਗੈਰ ਸਰਕਾਰੀ ਲੋਕ ਹਰ ਪਿੰਡ ਅਤੇ ਸ਼ਹਿਰ ਵਿਚ ਡਿਊਟੀ ਸਮੇਤ ਲੋੜਵੰਦਾਂ ਦੀ ਮਦਦ ਕਰ ਰਹੇ ਹਨ, ਲੇਕਿਨ ਇਕੱਲਾ ਮੀਡੀਆ ਹੀ ਹੈ ਜਿਹੜਾ ਜਾਨ ਜੋਖ਼ਿਮ 'ਚ ਪਾ ਕਿ ਸਾਰੀਆਂ ਧਿਰਾਂ ਨੂੰ ਵੱਖ -ਵੱਖ ਥਾਵਾਂ 'ਤੇ ਜਾ ਕੇ ਕਵਰ ਕਰ ਰਿਹਾ ਹੈ।
ਜਿਸ ਦੇ ਚੱਲਦੇ ਡਾਕਟਰਾਂ ਅਤੇ ਮੈਡੀਕਲ ਅਮਲੇ ਤੋਂ ਬਾਅਦ ਕੋਰੋਨਾ ਦਾ ਸਭ ਤੋਂ ਵੱਧ ਖਤਰਾ ਪੱਤਰਕਾਰਾਂ ਨੂੰ ਹੈ। ਇਸ ਲਈ ਕੈਪਟਨ ਸਾਬ ਅਸੀਂ ਤੁਹਾਨੂੰ ਇਹ ਅਪੀਲ ਨਹੀਂ ਕਰਦੇ ਕਿ ਤਰਸ ਦੇ ਅਧਾਰ 'ਤੇ ਪੱਤਰਕਾਰਾਂ ਨੂੰ ਰਾਸ਼ਨ ਦਿੱਤਾ ਜਾਵੇ, ਬਲਕਿ ਅਸੀਂ ਬੜੇ ਹੱਕ ਅਤੇ ਮਾਨ ਨਾਲ ਨਿਮਰਤਾ ਸਹਿਤ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੀ. ਐਮ. ਹਾਉਸ ਵਲੋਂ ਸਰਕਾਰੀ ਹੁਕਮ ਜਾਰੀ ਕੀਤੇ ਜਾਣ ਕਿ ਸੂਬੇ ਦੇ ਸਾਰੇ ਪ੍ਰੈਸ ਫੋਟੋਗ੍ਰਾਫਰਾਂ, ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਤੁਰੰਤ ਮੈਡੀਕਲ ਕਿੱਟਾ ਮੁਹਈਆ ਕਾਰਵਾਈਆਂ ਜਾਣ ਅਤੇ ਇਸ ਦੇ ਨਾਲ ਹੀ ਕੋਰੋਨਾ ਦੇ ਦੌਰ ਤੱਕ ਸਾਰੇ ਪੱਤਰਕਾਰਾਂ ਦਾ ਮੈਡੀਕਲ ਅਤੇ ਦੂਜਾ ਬੀਮਾ ਕੀਤਾ ਜਾਵੇ, ਤਾਂ ਜੋ ਆਪਣੇ ਫ਼ਰਜ ਦੌਰਾਨ ਕੋਰੋਨਾ ਕਰਕੇ ਕਿਸੇ ਪੱਤਰਕਾਰ ਸਾਥੀ ਦੀ ਸ਼ਹਾਦਤ ਹੁੰਦੀ ਹੈ, ਤਾਂ ਉਸਦੇ ਪਰਿਵਾਰ ਨੂੰ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ। ਕੈਪਟਨ ਸਾਹਿਬ, ਇਸ ਅਹਿਮ ਅਤੇ ਜਰੂਰੀ ਅਪੀਲ ਨੂੰ ਤੁਰੰਤ ਉਸੇ ਤਰਾਂ ਅਮਲ ਚ ਲਿਆਂਦਾ ਜਾਵੇ, ਜਿਸ ਤਰਾਂ ਤੁਸੀਂ ਕੋਰੋਨਾ ਦੀ ਜੰਗ ਲੜ ਰਹੇ ਬਾਕੀ ਮੁਲਾਜਮਾਂ ਵਾਸਤੇ ਕੀਤਾ ਹੈ।
ਇੱਥੇ ਅਸੀ ਸਾਰੀਆਂ ਵਿਰੋਧੀ ਧਿਰਾਂ ਖਾਸ ਕਰ ਕੋਰੋਨਾ ਵਿਰੁੱਧ ਲੜਾਈ 'ਚ ਅਹਿਮ ਰੋਲ ਅਦਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀ. ਜੇ. ਪੀ , ਸਰਦਾਰ ਮਜੀਠੀਆਂ, ਮੁੱਖ ਮੰਤਰੀ ਨੂੰ ਹਰ ਜਰੂਰੀ ਕੰਮ ਲਈ ਦਲੇਰੀ ਲਈ ਨਾਲ ਖੱਤ ਲਿਖਣ ਵਾਲੇ ਸਾਂਸਦ ਪ੍ਰਤਾਪ ਸਿੰਘ ਬਾਜਵਾ, ਆਮ ਆਦਮੀ ਪਾਰਟੀ, ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ਼ ਪਾਰਟੀ, ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ ਟਕਸਾਲੀ, ਬਹੁਜਨ ਸਮਾਜ ਪਾਰਟੀ, ਸਾਰੇ ਸ਼ਿਵ ਸੈਨਾ ਸੰਗਠਨ, ਸਾਰੀਆਂ ਕਾਮਰੇਡ ਪਾਰਟੀਆਂ, ਪੰਜਾਬ ਦੇ ਸਾਰੇ ਪਾਰਲੀਮੈਂਟ ਮੇਂਬਰ ਸਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੇ ਧਾਰਮਿਕ ਆਗੂ ਸਹਿਬਾਨਾਂ, ਸਾਰੇ ਸਮਾਜਿਕ ਆਗੂ ਸਹਿਬਾਨਾਂ ਅਤੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸਮੇਤ ਸੱਤਾ ਧਿਰ ਦੇ ਸਾਰੇ ਐਮ. ਐਲ. ਏਜ ਅਤੇ ਸਾਰੇ ਮੰਤਰੀ ਸਹਿਬਾਨਾਂ ਦਾ ਵੀ ਸਮਾਜ ਵਿਚ ਪੱਤਰਕਾਰਾਂ ਦੀ ਅਹਿਮ ਸੇਵਾ ਨੂੰ ਮੱਦੇਨਜਰ ਰੱਖਦੇ ਹੋਏ ਫ਼ਰਜ ਬਣਦਾ ਹੈ ਕਿ ਉਹ ਮੁੱਖ ਮੰਤਰੀ ਪੰਜਾਬ ਅੱਗੇ ਹਰ ਢੁੱਕਵੇ ਸਾਧਨ ਰਾਹੀਂ ਪੱਤਰਕਾਰਾਂ ਦੀਆਂ ਉਕਤ ਅਹਿਮ ਤਿੰਨ ਮੰਗਾ ਲਈ ਬਹੁਤ ਹੀ ਤਗੜੇ ਪੱਧਰ 'ਤੇ ਆਵਾਜ਼ ਉਠਾਉਣ।
ਆਖਿਰ ਵਿਚ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਾਂਗੇ ਕਿ ਇਸ ਅਪੀਲ ਨੂੰ ਆਪਸੀ ਧੜੇਬੰਦੀ ਅਤੇ ਯੂਨੀਅਨ ਪੱਧਰ ਤੋਂ ਉਪਰ ਉੱਠ ਕਿ ਸੋਸ਼ਲ ਮੀਡੀਆ ਸਮੇਤ ਆਪਣੀਆਂ-ਆਪਣੀਆਂ ਅਖਬਾਰਾਂ ਅਤੇ ਟੈਲੀਵਿਜਨ ਰਾਹੀਂ ਇੰਨੇ ਜੋਸ਼ ਅਤੇ ਜਜ਼ਬੇ ਨਾਲ ਹੱਕੀ ਵਾਜਿਬ ਮੰਗਾ ਦੀ ਆਵਾਜ਼ ਉਠਾਓ, ਕਿ ਕੈਪਟਨ ਸਾਬ ਤੁਰੰਤ ਇਸ 'ਤੇ ਫੈਂਸਲਾ ਲੈਣ, ਦੋਸਤੋ ਉਕਤ ਸਾਰੀਆਂ ਧਿਰਾਂ ਇਸ ਅਪੀਲ ਨੂੰ ਦਰ-ਕਿਨਾਰ ਕਰਨ ਤੋਂ ਪਹਿਲਾ ਆਪਣੇ ਜਮੀਰ ਅੰਦਰ ਝਾਤੀ ਜਰੂਰ ਮਾਰ ਲੈਣਾ ਜੀ, ਕਿਉਂਕਿ ਇਹ ਮੇਰੇ ਵਰਗੇ ਕਿਸੇ ਇਕ ਦੀ ਨਹੀਂ, ਬਲਕਿ ਸਮੁੱਚੇ ਭਾਈਚਾਰੇ ਦੀ ਜਾਇਜ ਅਵਾਜ ਹੈ।