ਹਰਿੰਦਰ ਨਿੱਕਾ
- ਐਮਸੀ ਸੋਨੀ ਬੋਲਿਆ, ਜਿੰਨ੍ਹੀ ਮੇਰੀ ਹਿੰਮਤ ਸੀ, ਰਾਸ਼ਨ ਵੰਡਦਾ ਰਿਹਾ,,,
- ਲਾਕ ਡਾਊਨ ਤੋਂ ਪਹਿਲਾਂ,ਕੱਟ ਗਏ 350 ਘਰਾਂ ਦੇ ਨੀਲੇ ਕਾਰਡ
- ਲਾਕ ਡਾਊਨ ਖੋਲ੍ਹ ਦਿਉ, ਜਾਂ ਫਿਰ ਇਨ੍ਹਾਂ ਦੀ ਰੋਟੀ ਦਾ ਕੋਈ ਹੱਲ ਕਰੋ
- ਲਾਕ ਡਾਊਨ ਦਾ ਲੇਖਾ-ਜੋਖਾ
ਬਰਨਾਲਾ, 14 ਅਪ੍ਰੈਲ 2020 - ਕੋਰੋਨਾ ਦੇ ਡਰਾਏ ਅਤੇ ਭੁੱਖ- ਦੁੱਖ ਦੇ ਸਤਾਏ ਲੋਕਾਂ ਨੂੰ ਘਰਾਂ ਅੰਦਰ ਤੜਿਆਂ ਅੱਜ ਪੂਰੇ 24 ਦਿਨ ਹੋ ਗਏ ਨੇ । ਨਾ ਕਿਸੇ ਸਮਾਜ ਸੇਵੀ ਤੇ ਨਾ ਹੀ ਕਿਸੇ ਸਰਕਾਰੀ ਮੁਲਾਜਿਮ ਨੇ ਆ ਕੇ ਆਵਾ ਬਸਤੀ ਦੇ 150 ਅਤੇ ਨੂਰ ਹਸਪਤਾਲ ਦੇ ਪਿਛਲੇ ਪਾਸੇ ਬੈਠੇ 50/60 ਘਰਾਂ ਦਾ ਬੂਹਾ ਖੜਕਾਇਐ, ਬਈ ਆਹ ! ਲਉ ਰਾਸ਼ਨ, ਤੁਸੀਂ ਰੁੱਖੀ-ਸੁੱਖੀ ਖਾ ਕੇ ਮਾੜਾ ਟਾਈਮ ਟਪਾ ਲਉ। ਢਿੱਡ ਦੀ ਭੁੱਖ ਦੇ ਭਿਖਾਰੀ ਬਣਾਏ ਕਿਰਤੀਆਂ ਨੇ ਇਕੱਠੇ ਹੋ ਕੇ ਇਹ ਗੱਲ ਵਾਰਡ ਨੰਬਰ 5 ਦੇ ਸਾਬਕਾ ਐਮਸੀ ਸੋਨੀ ਜਾਗਲ ਨੂੰ ਉਹਦੇ ਘਰੇ ਜਾ ਕੇ ਕਹੀ। ਸੋਨੀ ਦੇ ਵੀ ਆਪਣੇ ਵਾਰਡ 'ਚ ਰਹਿੰਦੇ ਮਿਹਨਤਕਸ਼ ਵਿਅਕਤੀਆਂ ਦੇ ਘਰ ਘਰ ਰਾਸ਼ਨ ਪਹੁੰਚਾਉਂਦਿਆਂ ਤਿੰਨ ਹਫਤਿਆਂ ਚ, ਹੱਥ ਖੜ੍ਹੇ ਹੋ ਗਏ। ਹੋਣੇ ਵੀ ਤਾਂ ਸੀ, ਕਿਉਂਕਿ ਲੌਕਡਾਊਨ ਕਿੰਨਾਂ ਸਮਾਂ ਚੱਲੂ ! ਇਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਿਨਾਂ ਦੂਸਰਾ ਕੋਈ ਨਹੀਂ ਜਾਣਦਾ।
ਐਮਸੀ ਸੋਨੀ ਨੇ ਲੋਕਾਂ ਦਾ ਦੁੱਖ ਤੇ ਆਪਣੀ ਬੇਵਸੀ, ਕੋਠੇ ਚੜ੍ਹਕੇ ਕੂਕਣ ਵਾਂਗੂ, ਫੇਸਬੁੱਕ ਤੇ ਲਾਈਵ ਹੋ ਕੇ ਤਿੰਨ ਦਿਨ ਪਹਿਲਾਂ, ਸਰਕਾਰ, ਸ਼ਾਸ਼ਨ, ਪ੍ਰਸ਼ਾਸ਼ਨ ਤੇ ਸਮਾਜ ਸੇਵੀਆਂ ਦੇ ਕੰਨੀ ਵੀ ਪਾ ਦਿੱਤੀ ਹੈ। ਫਿਰ ਵੀ ਕੋਈ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਦੇਣ ਨਹੀ ਬਹੁੜਿਆ। ਹੱਥੀਂ ਕਿਰਤ ਕਰਕੇ ਆਪਣਾ ਪਰਿਵਾਰ ਪਾਲਣ ਵਾਲੇ ਲੋਕ, ਲੌਕਡਾਉਣ ਨੇ ਭਿਖਾਰੀ ਬਣਾ ਦਿੱਤੇ। ਜਿਹੜੇ ਰੜਕ-ਮੜਕ ਨਾਲ ਰਹਿੰਦੇ ਸੀ ਕਿ ਬਈ ਅਸੀਂ, ਕੋਈ ਵਿਹਲੇ, ਨਹੀਂ,ਮਿਹਨਤ ਕਰਕੇ ਖਾਣੇ ਆ।
-ਕਰਫਿਊ ਤੋਂ ਪਹਿਲਾਂ,ਨੀਲੇ ਕਾਰਡ ਵੀ ਕਟ ਗਏ,,
ਵਾਰਡ ਨੰਬਰ-5 ਦੇ ਸਾਬਕਾ ਐਮਸੀ ਸੋਨੀ ਜਾਗਲ ਨੇ ਭਰੇ ਮਨ ਨਾਲ ਕਿਹਾ ਕਿ ਯਾਰ ਮੈਂ, ਸੋਚਿਆ ਸੀ, ਆਹ, ਹਫਤੇ 2 ਹਫਤਿਆਂ ਦੀ ਤੰਗੀ ਐ। ਮੈਂ ਔਖਾ-ਸੌਖਾ ਬਹੁਤਾ ਨਹੀਂ, ਤਾਂ ਆਪਣੇ ਵਾਰਡ ਤੇ ਬੰਦਿਆਂ ਨੂੰ ਆਟੇ-ਕੋਟੇ ਦੀ ਤੰਗੀ ਨਹੀਂ ਆਉਣ ਦੇਣੀ , ਹੁਣ ਤਿੰਨ ਹਫਤੇ ਲੰਘ ਚੁੱਕੇ ਨੇ। ਲੌਕਡਾਉਣ ਖੁੱਲ੍ਹਣ ਦਾ ਹਾਲੇ ਕੋਈ ਨਾਮ-ਉਂ-ਨਿਸ਼ਾਨ ਨਹੀਂ ।
ਸੋਨੀ ਨੇ ਦੱਸਿਆ ਬਈ, ਉਹਨੇ 2000 ਆਟੇ ਦੀ ਥੈਲੀ ਆਪਣੇ ਕੋਲੋਂ ਜਰੂਰਤਮੰਦਾਂ ਦੇ ਘਰੀਂ ਭੇਜ਼ ਦਿੱਤੀ। ਹੁਣ ਉਹਦੇ ਵੀ ਹੱਥ ਖੜ੍ਹੇ ਹੋ ਗਏ। ਸੋਨੀ ਕਹਿੰਦਾ, ਫਿਰ ਵੀ ਉਹ ਘਰ ਆਏ, ਕਿਸੇ ਇਕੱਲੇ ਇਕੈਹਿਰੇ ਬੰਦੇ ਨੂੰ ਖਾਲੀ ਨੀ ਮੋੜਦਾ, ਆਟੇ ਦੀ ਥੈਲੀ, ਦੇ ਦਿੰਨੈ, ਬਈ ਮੈਥੋਂ ਤਾਂ ਹੁਣ ਆਹੀ ਸਰਦੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਨੂੰ ਅੱਖਾਂ ਮੁੰਦ ਕੇ ਬੈਠਿਆਂ ਹੁਣ ਨਹੀਂ ਸਰਨਾ।
ਕੋਈ ਨਾ ਕੋਈ ਹੱਲ ਤੇ ਵਖਤ ਦੇ ਭਿਖਾਰੀ ਬਣਾਏ ਕਿਰਤੀਆਂ ਦਾ ਕਰਨਾ ਹੀ ਪਊ। ਉਨ੍ਹਾਂ ਕਿਹਾ ਕਿ ਲੌਕਡਾਉਣ ਤੋਂ ਕੁਝ ਮਹੀਨੇ ਪਹਿਲਾਂ ਉਸ ਦੇ ਵਾਰਡ ਦੇ ਕਰੀਬ 350 ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ । ਜੇ ਕਿਤੇ ਉਹ ਵੀ ਨਾ ਕੱਟੇ, ਹੁੰਦੇ ਤਾਂ ਲੋਕ ਆਟਾ-ਦਾਲ ਨਾਲ ਟਾਈਮ ਕੱਢ ਲੈਂਦੇ। ਪਰ ਅਫਸੋਸ ! । ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਹੱਥੀਂ ਕਿਰਤ ਕਰਕੇ ਪੇਟ ਪਾਲਦੇ ਲੋਕਾਂ ਦੀ 3 ਨਹੀਂ ਤਾਂ 2 ਡੰਗ ਦੀ ਰੋਟੀ ਦਾ ਕੋਈ ਨਾ ਕੋਈ ਜੁਗਾੜ ਜਰੂਰ ਕਰੇ।
ਉਨਾਂ ਕਿਹਾ ਕਿ ਅਸੀਂ ਸਰਕਾਰ ਨਾਲ ਸਹਿਮਤ ਹਾਂ ਕਿ ਕੋਰੋਨਾ ਤੋਂ ਬਚਾਉ ਲਈ, ਲੌਕਡਾਉਣ ਜਰੂਰੀ ਹੈ, ਪਰ ਕੰਮ ਬੰਦ ਹੋਣ ਤੋਂ ਬਾਅਦ ਘਰੋ-ਘਰੀ ਬੰਦ ਹੋਏ ਮਜਦੂਰਾਂ ਦਾ ਢਿੱਡ ਰੋਟੀ ਨਾਲ ਹੀ ਭਰਨੈ। ਜਾਂ ਤਾਂ ਸਰਕਾਰ ਲੌਕਡਾਉਣ ਖੋਹਲ ਦੇਵੇ, ਇਹ ਵਿਚਾਰੇ ਆਪਣਾ ਕੰਮ ਕਰਨ ਤੇ ਗੁਜਾਰਾ ਕਰਦੇ ਰਹਿਣ ਜਾਂ ਫਿਰ ਇਹਨਾਂ ਦੇ ਘਰੀਂ ਰਾਸ਼ਨ ਪਹੁੰਚਾਵੇ। ਨਹੀਂ, ਫਿਰ ਅੱਜ ਨਹੀਂ ਤਾਂ ਕੱਲ੍ਹ, ਇਹ ਕੋਰੋਨਾ ਦੀ ਬਜਾਏ, ਭੁੱਖੇ ਹੀ ਮਰ ਜਾਣਗੇ।