ਲੋਕਾਂ ਨੂੰ ਕੋਰੋਨਾ ਮੁਕਤ ਜ਼ਿਲ੍ਹੇ ਦੀ ਸਥਿਤੀ ਬਣਾਈ ਰੱਖਣ ਲਈ ਕਰਫ਼ਿਊ ਦਾ ਸਖ਼ਤੀ ਨਾਲ ਪਾਲਨ ਕਰਨ ਦਾ ਸੱਦਾ
ਫਿਰੋਜ਼ਪੁਰ, 11 ਅਪ੍ਰੈਲ 2020: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਹੈ ਕਿ ਫਿਰੋਜ਼ਪੁਰ ਜ਼ਿਲ੍ਹਾ ਕੋਰੋਨਾ ਵਾਇਰਸ ਤੋਂ ਮੁਕਤ ਹੈ ਕਿਉਂਕਿ ਦਸਵੇਂ ਸ਼ੱਕੀ ਮਰੀਜ਼ ਦੀ ਲੈਬ ਰਿਪੋਰਟ ਵੀ ਨੈਗੇਟਿਵ ਆਈ ਹੈ। ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਸਵੇਂ ਸ਼ੱਕੀ ਮਰੀਜ਼ ਦੇ ਨਮੂਨੇ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਦੇ ਵੀ.ਆਰ.ਡੀ.ਐਲ ਲੈਬ ਨੂੰ ਭੇਜੇ ਗਏ ਸਨ, ਜੋ ਕਿ ਨੈਗੇਟਿਵ ਪਾਏ ਗਏ, ਜਿਸ ਤੋਂ ਬਾਅਦ ਹੁਣ ਤੱਕ ਸਾਰੇ ਦਸ ਮਰੀਜ਼ਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਰੋਨਾ ਮੁਕਤ ਜ਼ਿਲ੍ਹੇ ਦੀ ਸਥਿਤੀ ਬਣਾਈ ਰੱਖਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਕਰਫ਼ਿਊ ਅਤੇ ਸਰਕਾਰ ਦੇ ਵੱਖ ਵੱਖ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋ ਰੋਕਿਆ ਜਾ ਸਕੇ। ਲੋਕ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਕਰਫ਼ਿਊ ਪੀਰੀਅਡ ਦੇ ਦੌਰਾਨ ਘਰਾਂ ਵਿਚੋਂ ਬਿਲਕੁਲ ਬਾਹਰ ਨਾ ਨਿਕਲਣ। ਉਨ੍ਹਾਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਇਸ ਨੂੰ ਲੋਕ ਲਹਿਰ ਵਿੱਚ ਬਦਲਣ ਦਾ ਸੱਦਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਕਰਫ਼ਿਊ ਦੇ ਦੌਰਾਨ ਲੋਕਾਂ ਨੂੰ ਰਾਸ਼ਨ,ਦੁੱਧ ਦਹੀਂ, ਦਵਾਈਆਂ, ઠ
ਫਲ-ਸਬਜ਼ੀਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਘਰ ਤੱਕ ਪਹੁੰਚਣ ਦੇ ਲਈ ਵੱਡੀ ਪੱਧਰ ਤੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਹਨ ਅਤੇ ਵੱਖ-ਵੱਖ ਦੁਕਾਨਦਾਰਾਂ ਨੂੰ ਹੋਮ ਡਿਲਿਵਰੀ ਦੇ ਲਈ ਕਰਫ਼ਿਊ ਪਾਸ ਬਣਾ ਕੇ ਦਿੱਤੇ ਗਏ ਹਨ।
ਇਸ ਤੋ ਇਲਾਵਾ ਗ਼ਰੀਬ ਅਤੇ ਲੋੜਵੰਦਾਂ ਲੋਕਾਂ ਲਈ ਜ਼ਿਲ੍ਹੇ ਦੀਆਂ ਕਰੀਬ 70 ਐਨ.ਜੀ.ਓ ਲੰਗਰ ਸੇਵਾ ਚਲਾ ਰਹੀਆਂ ਹਨ ਅਤੇ ਰੋਜ਼ਾਨਾ 50,000 ਹਜ਼ਾਰ ਦੇ ਕਰੀਬ ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ: ਨਵਦੀਪ ਸਿੰਘ ਨੇ ਦੱਸਿਆ ਕਿ ਦਸਵੇਂ ਸ਼ੱਕੀ ਮਰੀਜ਼ ਦਾ ਸੈਂਪਲ 9 ਅਪ੍ਰੈਲ ਨੂੰ ਲਿਆ ਗਿਆ ਸੀ, ਜਿਸ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਭੇਜਿਆ ਗਿਆ ਸੀ। ਨਮੂਨੇ ਦੀ ਰਿਪੋਰਟ ਨੈਗੇਟਿਵ ਆਈ ਅਤੇ ਇਸ ਤੋਂ ਪਹਿਲਾਂ ਸਾਰੇ 9 ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਸੀ।