ਅਸ਼ੋਕ ਵਰਮਾ
ਬਠਿੰਡਾ,10 ਅਪਰੈਲ 2020 - ਬਠਿੰਡਾ ਦੇ ਸੁੱਚਾ ਸਿੰਘ ਨਗਰ ਵਾਸੀ ਦੀ ਆਈਸੋਲੇਸ਼ਨ ਵਾਰਡ ’ਚ ਹੋਈ ਮੌਤ ਉਪਰੰਤ ਜਿਲ੍ਹਾ ਪ੍ਰਸ਼ਾਸਨ ਦੇ ਫਿਕਰ ਵਧ ਗਏ ਹਨ। ਹੁਣ ਇਸ ਸ਼ੱਕੀ ਮਰੀਜ ਹਰਦੀਪ ਸਿੰਘ ਗਰੇਵਾਲ ਦੀ ਰਿਪੋਰਟ ਦੀ ਊਡੀਕ ਕੀਤੀ ਜਾ ਰਹੀ ਹੈ।ਹਾਲਾਂਕਿ ਬਠਿੰਡਾ ਜ਼ਿਲੇ ਵਿਚ ਅਜੇ ਤਕ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਫਿਰ ਵੀ ਜੇ ਕਿਤੇ ਰਿਪੋਰਟ ਪਾਜ਼ਿਟਿਵ ਆ ਜਾਂਦੀ ਹੈ ਤਾਂ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਉਸ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮਿ੍ਰਤਕ ਦਾ ਅੱਜ ਸਿਰਫ ਪੀਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਅੰਤਮ ਸਸਕਾਰ ਵੀ ਕਰ ਦਿੱਤਾ ਗਿਆ ਹੈ।
ਹਰਦੀਪ ਸਿੰਘ ਗਰੇਵਾਲ ਨੂੰ ਇੱਕ ਦਿਨ ਪਹਿਲਾਂ ਖੰਘ, ਜ਼ੁਕਾਮ, ਗਲੇ ‘ਚ ਇਨਫੈਕਸ਼ਨ ਅਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਫਲੂ ਕਾਰਨਰ ’ਚ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਉਸ ’ਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਸਨ। ਨਿਯਮਾਂ ਮੁਤਾਬਕ ਉਸ ਦੇ ਸੈਂਪਲ ਲੈ ਲਏ ਅਤੇ ਆਈਸੋਲੇਸ਼ਨ ਵਾਰਡ ’ਚ ਭੇਜ ਦਿੱਤਾ।
ਵੇਰਵਿਆਂ ਅਨੁਸਾਰ ਪਾਵਰਕੌਮ ਤੋਂ ਸੇਵਾ ਮੁਕਤ ਹੋਏ ਹਰਦੀਪ ਸਿੰਘ ਗਰੇਵਾਲ ਵਾਸੀ ਸੁੱਚਾ ਸਿੰਘ ਨਗਰ ਨੂੰ ਸ਼ੱਕੀ ਮੰਨਦਿਆ ਮਾਨਸਾ ਰੋਡ ਤੇ ਸਨਅਤੀ ਵਿਕਾਸ ਕੇਂਦਰ ’ਚ ਸਥਿਤ ਐਡਵਾਂਸਡ ਕੈਂਸਰ ਡਾਇਗਨੋਸਟਿਕ ਸੈਂਟਰ ਵਿਚ ਬਣਾਏ ਆਈਸੋਲੇਸ਼ਨ ਵਾਰਡ ’ਚ ਭੇਜਿਆ ਗਿਆ ਸੀ। ਸਿਹਤ ਵਿਭਾਗ ਨੂੰ ਸ਼ੱਕ ਸੀ ਕਿ ਗਰੇਵਾਲ ਵਿਚ ਕੋਰੋਨਾ ਵਾਇਰਸ ਦੇ ਲੱਛਣ ਹਨ। ਇਸ ਵਿਅਕਤੀ ਦਾ ਹਾਲੇ ਇਲਾਜ ਹੀ ਚੱਲ ਰਿਹਾ ਸੀ ਕਿ ਵੀਰਵਾਰ ਰਾਤ ਨੂੰ ਉਸ ਦੀ ਮੌਤ ਹੋ ਗਈ। ਸਿਹਤ ਵਿਭਾਗ ਨੇ ਮੌਤ ਤੋਂ ਪਹਿਲਾਂ ਹਰਦੀਪ ਸਿੰਘ ਗਰੇਵਾਲ ਦੇ ਸੈਂਪਲ ਲੈ ਲਏ ਸਨ, ਜਿੰਨਾਂ ਨੂੰ ਜਾਂਚ ਲਈ ਪਟਿਆਲਾ ਲਿਬਾਰਟਰੀ ’ਚ ਭੇਜਿਆ ਹੋਇਆ ਹੈ। ਸਿਹਤ ਵਿਭਾਗ ਦੇ ਅਧਿਕਾਰੀ ਇੰਨਾਂ ਸੈਂਪਲਾਂ ਦੀ ਰਿਪੋਰਟ ਉਡੀਕ ਰਹੇ ਹਨ ਜੋਕਿ ਖੁਲਾਸਾ ਕਰੇਗੀ ਕਿ ਮਿ੍ਰਤਕ ਕਰੋਨਾ ਵਾਇਰਸ ਪੀੜਤ ਸੀ ਜਾਂ ਨਹੀਂ। ਮਿ੍ਰਤਕ ਨੂੰ ਸ਼ੂਗਰ ਅਤੇ ਹਾਈ ਬਲੱਡ ਪ੍ਰਰੈਸ਼ਰ ਦੀ ਬਿਮਾਰੀ ਵੀ ਸੀ।
ਦੂਜੇ ਪਾਸੇ ਦੇਰ ਸ਼ਾਮ ਗਰੇਵਾਲ ਦੀ ਮੌਤ ਉਪਰੰਤ ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਲਾਸ਼ ਨੂੰ ਬਕਾਇਦਾ ਸੀਲ ਕਰਕੇ ਰੱਖ ਦਿੱਤਾ ਗਿਆ ਸੀ। ਬਾਅਦ ’ਚ ਇਹ ਲਾਸ਼ ਪੂਰੀ ਅਹਿਤਿਹਾਤ ਸਮੇਤ ਪ੍ਰੀਵਾਰ ਹਵਾਲੇ ਕਰ ਦਿੱਤੀ ਗਈ ਜਿਸ ਦਾ ਅੰਤਮ ਸਸਕਾਰ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਆਖਰੀ ਰਸਮਾਂ ਵਕਤ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਮੀਤੇ ਗਏ ਸਨ। ਇਸ ਤੋਂ ਇਲਾਵਾ ਅੱਜ ਸਿਰਫ ਮਿ੍ਰਤਕ ਦੀ ਪਤਨੀ ਅਤੇ ਲੜਕੇ ਸਮੇਤ ਕੁੱਝ ਹੀ ਲੋਕ ਸਨ।
ਸੂਤਰ ਦੱਸਦੇ ਹਨ ਕਿ ਪ੍ਰਸ਼ਾਸ਼ਨ ਨੇ ਹਰਦੀਪ ਸਿੰਘ ਗਰੇਵਾਲ ਦੇ ਸੰਪਰਕ ’ਚ ਆਉਣ ਵਾਲੇ ਪ੍ਰ੍ਰ੍ਰੀਵਾਰਕ ਮੈਂਬਰਾਂ ਦੀ ਸੂਚੀ ਤਿਆਰ ਕਰਕੇ ਉਨਾਂ ਦੀ ਮੈਡੀਕਲ ਜਾਂਚ ਮਕੰਮਲ ਕਰ ਲਈ ਹੈ ਤਾਂ ਜੋ ਲੋੜ ਪੈਣ ਤੇ ਉਨਾਂ ਨੂੰ ਇਕਾਂਤਵਾਸ ’ਚ ਰੱਖਿਆ ਜਾ ਸਕੇ। ਸੂਤਾਂ ਨੇ ਦੱਸਿਆ ਕਿ ਜੇਕਰ ਰਿਪੋਰਟ ਪਾਜ਼ਿਟਿਵ ਆਉਂਣੀ ਹੈ ਤਾਂ ਸਿਹਤ ਵਿਭਾਗ ਅਆਪਣੀ ਪ੍ਰਕਿਰਿਆ ਸ਼ੁਰੂ ਕਬ ਦੇਵੇਗਾ ਤਾਂ ਕਿ ਕਰੋਨਾਂ ਵਾਇਰਸ ਨੂੰ ਹੋਰ ਜਿਆਦਾ ਫੈਲਣ ਤੋਂ ਰੋਕਿਆ ਜਾ ਸਕੇ।
ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਉਨਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ ‘ਚ ਉਸ ਨੂੰ ਸਾਹ ਲੈਣ ਵਿਚ ਕਾਫ਼ੀ ਤਕਲੀਫ਼ ਹੋ ਰਹੀ ਸੀ, ਤਾਂ ਉਸ ਨੂੰ ਵੈਂਟੀਲੇਟਰ ‘ਤੇ ਰੱਖ ਲਿਆ। ਉਨਾਂ ਦੱਸਿਆ ਕਿ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਤ ‘ਚ ਕੋਈ ਸੁਧਾਰ ਨਾ ਹੋਇਆ ਤਾਂ ਗਰੇਵਾਲ ਨੂੰ ਫਰੀਦਕੋਟ ਮੈਡੀਕਲ ਕਾਲਜ ’ਚ ਰੈਫ਼ਰ ਕਰਨ ਦੀ ਯੋਜਨਾ ਬਣੀ ਜਾ ਸੀ। ਉਨਾਂ ਦੱਸਿਆ ਕਿ ਫਰੀਦਕੋਟ ਮੈਡੀਕਲ ਕਾਲਜ ਨੇ ਪੀੜਤ ਨੂੰ ਭੇਜਣ ਲਈ ਹਰੀ ਝੰਡੀ ਵੀ ਦਿਖਾ ਦਿੱਤੀ ਪਰ ਵੀਰਵਾਰ ਦੇਰ ਸ਼ਾਮ ਉਸ ਦੀ ਹਾਲਤ ਵਿਗੜ ਗਈ ਜੋਕਿ ਉਸ ਲਈ ਜਾਨਲੇਵਾ ਸਿੱਧ ਹੋਈ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਪੁਸ਼ਟੀ ਸਬੰਧੀ ਸੈਂਪਲ ਪਟਿਆਲਾ ਭੇਜੇ ਗਏ ਹਨ ਜਿੰਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋ ਸਕੇਗਾ । ਉਨਾਂ ਦੱਸਿਆ ਕਿ ਮਿ੍ਰਤਕ ਕਰੋਨਾਂ ਵਾਇਰਸ ਦਾ ਸ਼ੱਕੀ ਸ਼ੱਕੀ ਮਰੀਜ ਹੋਣ ਕਰਕੇ ਪ੍ਰਸ਼ਾਸ਼ਨ ਵੱਲੋਂ ਪੂਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।