ਹਰਿੰਦਰ ਨਿੱਕਾ
- ਹੁਣ ਇਸ ਇਕੋ ਹੈਲਪ ਲਾਈਨ ਨੰਬਰ ਤੇ ਸਾਰੀਆਂ ਲਾਜ਼ਮੀ ਸੇਵਾਵਾਂ ਸਬੰਧੀ ਹੋ ਸਕੇਗੀ ਸ਼ਿਕਾਇਤ ਦਰਜ
ਸੰਗਰੂਰ, 10 ਅਪ੍ਰੈਲ 2020 - ਕਰਫਿਊ ਦੇ ਮੱਦੇਨਜ਼ਰ ਲੋਕਾਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦੇ ਹੈਲਪ ਲਾਈਨ ਨੰਬਰ 01672-232304 ਦੀਆਂ ਕਾਲਿੰਗ ਲਾਈਨਾਂ ਦਾ ਵਿਸਥਾਰ ਕਰਕੇ 10 ਕਰ ਦਿੱਤਾ ਗਿਆ ਹੈ ਅਤੇ 24 ਘੰਟੇ ਚਾਲੂ ਰਹਿਣ ਵਾਲੇ ਇਸ ਹੈਲਪਲਾਈਨ ਨੰਬਰ 'ਤੇ ਕੋਈ ਵੀ ਨਾਗਰਿਕ ਖੁਦ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦੇ ਸਕਦਾ ਹੈ ਜਿਸ ਨੂੰ ਫੌਰੀ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।
ਇਹ ਜਾਣਾਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਹੈਲਪਲਾਈਨ ਨੰਬਰ 'ਤੇ ਕੋਈ ਵੀ ਨਾਗਰਿਕ ਰਾਸ਼ਨ ਸਮੱਗਰੀ, ਦਵਾਈਆਂ, ਫਲਾਂ, ਸਬਜ਼ੀਆਂ, ਗੈਸ ਸਿਲੰਡਰ ਸਮੇਤ ਸਮੂਹ ਲਾਜ਼ਮੀ ਸੇਵਾਵਾਂ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਹੈਲਪ ਲਾਈਨ ਨੰਬਰ 'ਤੇ ਸੇਵਾਵਾਂ ਪ੍ਰਦਾਨ ਕਰ ਰਹੇ ਓਪਰੇਟਰਾਂ ਵੱਲੋਂ ਸ਼ਿਕਾਇਤਾਂ ਅਤੇ ਸੁਝਾਅ ਆਦਿ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਢੁੱਕਵੀਂ ਕਾਰਵਾਈ ਲਈ ਸਬੰਧਤ ਨੋਡਲ ਅਫ਼ਸਰ ਕੋਲ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੋੜ ਪੈਣ 'ਤੇ ਇਸ ਹੈਲਪ ਲਾਈਨ ਦੀਆਂ ਕਾਲਿੰਗ ਲਾਈਨਾਂ ਦੀ ਗਿਣਤੀ 100 ਤੱਕ ਵੀ ਵਧਾਈ ਜਾ ਸਕਦੀ ਹੈ। ਥੋਰੀ ਨੇ ਸਪੱਸ਼ਟ ਕੀਤਾ ਕਿ ਇਹ ਜ਼ਿਲ੍ਹਾ ਪੱਧਰੀ ਹੈਲਪ ਲਾਈਨ ਨੰਬਰ ਪਹਿਲਾਂ ਤੋਂ ਪਿੰਡਾਂ 'ਚ ਚੱਲ ਰਹੇ 2000 ਤੋਂ ਵੱਧ ਹੈਲਪ ਲਾਈਨ ਨੰਬਰਾਂ ਤੋਂ ਵੱਖਰਾ ਹੈ।