ਅਸ਼ੋਕ ਵਰਮਾ
- ਕਾਂਗਰਸ ਨੇ ਆਖਿਆ ਕਿ ਰਾਜਨੀਤਿਕ ਅੱਖ ਨਾਲ ਦੇਖ ਰਹੇ ਸਿੰਗਲਾ
ਬਠਿੰਡਾ, 10 ਅਪ੍ਰੈਲ 2020 - ਸਾਬਕਾ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਪਾਰੀ ਵਿੰਗ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਅੱਜ ਬਠਿੰੰਡਾ ’ਚ ਗਰੀਬਾਂ ਦੀ ਹੋਈ ਕਥਿਤ ਦੁਰਦਸ਼ਾ ਲਈ ਵਿੱਤ ਮੰਤਰੀ ਨੂੰ ਕਟਹਿਰੇ ’ਚ ਖੜਾ ਕੀਤਾ। ਉਨ੍ਹਾਂ ਆਖਿਆ ਕਿ ਬਾਦਲ ਨੇ ਕੋਵਿਡ-19 ਕਰਕੇ ਪੈਦਾ ਹੋਏ ਨਾਜ਼ੁਕ ਹਾਲਾਤਾਂ ਦੌਰਾਨ ਬਠਿੰਡਾ ਹਲਕੇ ਦੇ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ’ਚ ਅਣਗਹਿਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋੜ ਵੇਲੇ ਰਾਸ਼ਨ, ਦੁੱਧ ਅਤੇ ਦਵਾਈਆਂ ਨਾ ਮਿਲਣ ਕਰਕੇ ਬਠਿੰਡਾ ਸ਼ਹਿਰ ਦੇ ਲੋੜਵੰਦ ਤਬਕਿਆਂ ਦੁਰਦਸ਼ਾ ਹੋਈ ਪਈ ਹੈ।
ਇੱਥੇ ਇੱਕ ਪ੍ਰੈਸ ਬਿਆਨ ਰਾਹੀਂ ਸਿੰਗਲਾ ਨੇ ਕਿਹਾ ਕਿ ਸੂਬੇ ਵਿਚ ਕਰਫਿਊ ਲੱਗਣ ਮਗਰੋਂ ਪੰਜਾਬ ਸਰਕਾਰ ਬਠਿੰਡਾ ਦੇ ਗਰੀਬਾਂ, ਮਜ਼ਦੂਰਾਂ ਅਤੇ ਦਿਹਾੜੀਦਾਰਾਂ ਦੀਆਂ ਰਾਸ਼ਨ, ਦੁੱਧ ਅਤੇ ਦਵਾਈਆਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿਚ ਬੁਰੀ ਤਰਾਂ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਗਰੀਬ ਤਬਕੇ ਹੁਣ ਅਗਰਵਾਲ ਸਭਾਵਾਂ, ਮੰਦਰਾਂ ਦੀਆਂ ਕਮੇਟੀਆਂ, ਗੁਰੂਘਰਾਂ ਅਤੇ ਹੋਰ ਧਾਰਮਿਕ ਸੰਸਥਾਵਾਂ ਵੱਲੋਂ ਦਿੱਤੇ ਜਾ ਰਹੇ ਲੰਗਰ ਅਤੇ ਹੋਰ ਜਰੂਰੀ ਵਸਤਾਂ ਦੇ ਸਹਾਰੇ ਆਪਣੀ ਦਿਨ ਕਟੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਇਸ ਦੌਰਾਨ ਸ਼ਹਿਰ ਵਿਚ ਤਿੰਨ ਚੱਕਰ ਮਾਰ ਗਏ ਹਨ ਪਰ ਅਜੇ ਤੱਕ ਉੁਨ੍ਹਾਂ ਨੇ ਗਰੀਬਾਂ ਦੀ ਮਦਦ ਲਈ ਸਰਕਾਰੀ ਖਜ਼ਾਨੇ ਵਿਚੋਂ ਇੱਕ ਧੇਲਾ ਵੀ ਨਹੀਂ ਦਿੱਤਾ ਹੈ।
ਵਿੱਤ ਮੰਤਰੀ ਉੱਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਸੁਣਿਆ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਵਿੱਤ ਮੰਤਰੀ ਦਾ ਪੜ੍ਹਿਆ ਲਿਖਿਆ ਅਤੇ ਸੂਝਵਾਨ ਹੋਣਾ ਲੋਕਾਂ ਦੇ ਕਿਸ ਕੰਮ ਦਾ ਹੈ ਜਦੋਂ ਉਹ ਕਿਸੇ ਦੀ ਗੱਲ ਨਹੀਂ ਸੁਣਦੇ ਹਨ। ਉਨਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਲੋਕਾਂ ਦੀਆਂ ਮੁਸ਼ਕਿਲਾਂ ਬਾਰੇ ਸ਼ਹਿਰ ਦੇ ਨੁੰਮਾਇੰਦਿਆਂ ਅਤੇ ਪ੍ਰਸਾਸ਼ਨ ਵਿਚਕਾਰ ਤਾਲਮੇਲ ਲਈ ਕੋਈ ਮੀਟਿੰਗ ਨਹੀਂ ਕਰਵਾਈ ਹੈ। ਉਨਾਂ ਕਿਹਾ ਕਿ ਜੇਕਰ ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡ ਕੇ ਲੋਕਾਂ ਦੀ ਫੀਡਬੈਕ ਲਈ ਜਾਂਦੀ ਤਾਂ ਅਜਿਹੇ ਮਾੜੇ ਹਾਲਾਤ ਨਹੀਂ ਪੈਦਾ ਹੋਣੇ ਸਨ ।
ਸਿੰਗਲਾ ਨੇ ਕਿਹਾ ਕਿ ਅੱਜ ਜੇ ਕਿਸੇ ਗਰੀਬ ਦਾ ਬੱਚਾ ਬੀਮਾਰ ਹੋ ਜਾਂਦਾ ਹੈ ਤਾਂ ਉਸ ਲਈ ਦਵਾਈ ਦੀ ਕੋਈ ਸੁਵਿਧਾ ਨਹੀਂ ਹੈ। ਇੱਕ ਗਰੀਬ ਔਰਤ ਨੂੰ ਜਣੇਪੇ ਤੋਂ ਬਾਅਦ ਇਸ ਲਈ ਹਸਪਤਾਲ ਵਿਚੋਂ ਛੁੱਟੀ ਨਹੀਂ ਦਿਤੀ ਜਾ ਰਹੀ ਹੈ, ਕਿਉਂਕਿ ਉਸ ਕੋਲ ਬਿੱਲ ਭਰਨ ਦੇ ਪੈਸੇ ਨਹੀਂ ਹਨ। ਇਸ ਤਰਾਂ ਬਗੈਰ ਕਿਸੇ ਸਰਕਾਰੀ ਮੱਦਦ ਤੋਂ ਕਰਫਿਊ ਵਾਲੇ ਹਾਲਾਤਾਂ ਅੰਦਰ ਗਰੀਬਾਂ ਦਾ ਜੀਉਣਾ ਦੁੱਭਰ ਹੋਇਆ ਪਿਆ ਹੈ। ਵਿੱਤ ਮੰਤਰੀ ਨੂੰ ਸੁਆਲ ਕਰਦਿਆਂ ਅਕਾਲੀ ਆਗੂ ਨੇ ਪੁੱਛਿਆ ਕਿ ਕੀ ਉਹਨਾਂ ਆਪਣੇ ਅਖਤਿਆਰੀ ਫੰਡ ਵਿਚੋਂ ਕਿਸੇ ਗਰੀਬ ਦੀ ਮਦਦ ਕੀਤੀ ਹੈ।
ਸਿੰਗਲਾ ਨੇ ਕਿਹਾ ਕਿ ਅੱਜ ਸੰਕਟ ਦੀ ਘੜੀ ਵਿਚ ਲੋਕਾਂ ਨੂੰ ਆਪਣੇ ਵਿਧਾਇਕ ਦੀ ਸਖ਼ਤ ਲੋੜ ਹੈ, ਪਰ ਉਨਾਂ ਦੇ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰ ਦੇ ਬੂਹੇ ਉੱਤੇ ਠੇਡਾ ਮਾਰ ਕੇ ਅੰਦਰ ਆਉਣ ਲਈ ਆਖਣ ਵਾਲਾ ਵਿੱਤ ਮੰਤਰੀ ਅੱਜ ਔਖ ਦੀ ਘੜੀ ਵਿਚ ਉਲਟਾ ਲੋਕਾਂ ਦੇ ਢਿੱਡ ਉੱਤੇ ਠੇਡਾ ਮਾਰ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਪੈਸਾ ਆ ਰਿਹਾ ਹੈ ਅਤੇ ਲੋਕ ਵੀ ਦਿਲ ਖੋਲਕੇ ਰਾਹਤ ਫੰਡ ਵਿਚ ਪੈਸਾ ਦੇ ਰਹੇ ਹਨ, ਪਰ ਤੁਸੀਂ ਇਸ ਪੈਸੇ ਨੂੰ ਅੱਗੇ ਲੋੜਵੰਦਾਂ ਵਿਚ ਨਹੀਂ ਵੰਡ ਰਹੇ ।ਅਕਾਲੀ ਆਗੂ ਨੇ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸੈਕਟਰਾਂ ਵਿਚ ਵੰਡ ਕੇ ਲੋਕ ਨੁੰਮਾਇੰਦਿਆਂ ਤੋਂ ਫੀਡਬੈਕ ਲੈਣ ਅਤੇ ਪ੍ਰਸਾਸ਼ਨ ਨਾਲ ਤਾਲਮੇਲ ਬਿਠਾ ਕੇ ਗਰੀਬਾਂ ਅਤੇ ਲੋੜਵੰਦਾਂ ਲਈ ਰਾਸ਼ਨ, ਦੁੱਧ ਅਤੇ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ।
ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦਾ ਪੱਖ
ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ ਦਾ ਕਹਿਣਾ ਸੀ ਕਿ ਜੇਕਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੁੱਝ ਨਹੀਂ ਕੀਤਾ ਤਾਂ ਕਿਸੇ ਨੇ ਵੀ ਕੁੱਝ ਨਹੀਂ ਕਰਿਆ ਹੈ। ਉਨਾਂ ਆਖਿਆ ਕਿ ਵਿੱਤ ਮੰਤਰੀ ਨੇ ਕਾਂਗਰਸ ਦੇ ਕੱਲੇ ਕੱਲੇ ਵਰਕਰ ਦੀ ਡਿਊਟੀ ਲਾਈ ਹੈ ਜਿਸ ਤਹਿਤ ਹਰ ਲੋੜਵੰਦ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨਾਂ ਆਖਿਆ ਕਿ ਇਸ ਵੇਲੇ ਮਨੁੱਖਤਾ ਤੇ ਸਭ ਤੋਂ ਵੱਡਾ ਸੰਕਟ ਹੈ ਇਸ ਲਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਦੋਂਕਿ ਸਿੰਗਲਾ ਸਾਰੇ ਮਸਲੇ ਨੂੰ ਰਾਜਨੀਤਕ ਅੱਖ ਨਾਲ ਦੇਖ ਰਹੇ ਹਨ। ਉਨਾਂ ਕਿਹਾ ਕਿ ਹੋ ਸਕਦਾ ਹੈ ਸਾਡੇ ਤੋਂ ਕੋਈ ਕਮੀ ਰਹੀ ਹੋਵੇ ਤਾਂ ਸ੍ਰੀ ਸਿੰਗਲਾ ਨੂੰ ਸੁਝਾਅ ਦੇਣ ਲਈ ਅੱਗੇ ਆਉਣਾ ਚਾਹੀਦਾ ਸੀ। ਉਨਾਂ ਆਖਿਆ ਕਿ ਜਾਪਦਾ ਹੈ ਕਿ ਅਕਾਲੀ ਆਗੂ ਮੀਡੀਆ ਤੋਂ ਜਾਣਕਾਰੀ ਨਹੀਂ ਲੈਂਦੇ। ਜੇ ਅਜਿਹਾ ਕਰਦੇ ਤਾਂ ਇਹ ਬਿਆਨ ਨਹੀਂ ਦੇਣਾ ਸੀ।