ਜੀ ਐਸ ਪੰਨੂ
ਪਟਿਆਲਾ, 9 ਅਪ੍ਰੈਲ 2020 - ਪਟਿਆਲਾ ਜਿਲੇ ਵਿੱਚ ਕੋਰੋਨਾ ਜਾਂਚ ਲਈ ਟੈਸਟਾਂ ਦੀ ਗਿਣਤੀ ਦੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ:ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਹੁਣ ਤੱਕ ਕਰੋਨਾ ਜਾਂਚ ਲਈ ਭੇਜੇ ਕੁੱਲ 33 ਸੈਂਪਲਾਂ ਵਿਚੋਂ 11 ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਬਾਕੀ ਸੈਂਪਲਾਂ ਦੀ ਰਿਪੋਰਟ ਦੇਰ ਰਾਤ ਤੱਕ ਆਉਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ ਜਿਲੇ ਦੇ 103 ਸੈਂਪਲਾਂ ਵਿਚੋ ਇੱਕ ਪੋਜੀਟਿਵ ਅਤੇ 80 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ 22 ਦੀ ਰਿਪੋਰਟ ਆਉਣੀ ਬਾਕੀ ਹੈ।
ਡਾ:ਮਲਹੋਤਰਾ ਨੇ ਕਿਹਾ ਕਿ ਜਿਲ੍ਹੇ ਵਿੱਚ ਕਰੋਨਾ ਤੋਂ ਪ੍ਰਭਾਵਿਤ ਮਰੀਜਾਂ ਦੀ ਜਲਦੀ ਪਛਾਣ ਲਈ ਟੈਸਟਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ 19 ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਵਿਰੁੱਧ ਯੋਗ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਮ ਲੋਕਾਂ ਵੱਲੋਂ ਇਹ ਸੂਚਨਾਂ ਮਿਲੀ ਸੀ ਕਿ ਕੁੱਝ ਦਵਾਈ ਵਿਕਰੇਤਾਵਾਂ ਦੁਆਰਾ ਕੋਵਿਡ 19 ਤਹਿਤ ਡਿਪਟੀ ਕਮਿਸ਼ਨਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾਂ ਕਰਦੇ ਹੋਏ ਦੁਕਾਨਾਂ ਖੋਲ ਕੇ ਦਵਾਈਆਂ ਦੀ ਵਿੱਕਰੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਦਵਾਈਆਂ ਦੇਣ ਸਮੇਂ ਸਮਾਜਿਕ ਦੂਰੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ।
ਜਿਸ ਤੇ ਜਾਂਚ ਕਰਨ ਲਈ ਉਨ੍ਹਾਂ ਵੱਲੋਂ ਡਰੱਗ ਇੰਸਪੈਕਟਰ ਰੋਹਿਤ ਕਾਲੜਾ, ਸੰਤੋਸ਼ ਜਿੰਦਲ ਅਤੇ ਅਮਨ ਵਰਮਾਂ ਦੀ ਇੱਕ ਟੀਮ ਤਿਆਰ ਕਰਕੇ ਚੈਕਿੰਗ ਕਰਨ ਲਈ ਭੇਜਿਆ ਗਿਆ।ਟੀਮ ਵੱਲੋਂ ਰਾਜਿੰਦਰਾ ਹਸਪਤਾਲ ਦੇ ਨਜਦੀਕ ਸਿਆਲਕੋਟ ਮੈਡੀਕੋਜ਼ (ਖਾਨੇਵਾਲ ਪਾਤੜਾਂ ਦਵਾਈਆਂ ਦੀ ਦੁਕਾਨ) ਨੂੰ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਜਨਹਿੱਤ ਵਿੱਚ ਸੀਲ ਕਰ ਦਿੱਤਾ ਗਿਆ ਹੈ ਅਤੇ ਕੁੱਝ ਦੁਕਾਨਦਾਰਾਂ ਦੇ ਪਾਸ ਵੀ ਜਬਤ ਕੀਤੇ ਗਏ।
ਡਾ. ਮਲਹੋਤਰਾ ਨੇ ਸਮੂਹ ਦਵਾਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਦਵਾਈਆਂ ਦੀ ਹੋਮ ਡਲਿਵਰੀ ਯਕੀਨੀ ਬਨਾਉਣ ਅਤੇ ਦਵਾਈਆਂ ਦੀ ਪੈਕਿੰਗ ਸਮੇਂ ਦੁਕਾਨ ਦਾ ਸ਼ਟਰ ਬੰਦ ਰੱਖਿਆ ਜਾਵੇ।ਉਨ੍ਹਾਂ ਕਿਹਾ ਕਿ ਕੋਵਿਡ 19 ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਸਬੰਧਿਤ ਦੁਕਾਨਦਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।