ਕੁਆਰੰਟੀਨ ਦੇ ਉਦੇਸ਼ ਲਈ 5000 ਬੈਡ ਰਾਖਵੇਂ
ਐਸ ਏ ਐਸ ਨਗਰ, 9 ਅਪ੍ਰੈਲ 2020: "ਜ਼ਿਲ੍ਹਾ ਪ੍ਰਸ਼ਾਸਨ ਨੇ ਮਹਾਂਮਾਰੀ ਦੇ ਅਗਲੇ ਪੜਾਵਾਂ ਵਿੱਚ ਵਾਧੇ ਦੀ ਸਥਿਤੀ ਵਿੱਚ ਸੰਭਾਵੀ ਮਰੀਜ਼ਾਂ ਨੂੰ ਕੁਆਰੰਟੀਨ ਕਰਨ ਲਈ ਇਕ ਸੰਕਟਕਾਲੀਨ ਯੋਜਨਾ ਤਿਆਰ ਕੀਤੀ ਹੈ।" ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੀਆਂ ਵੱਖ ਵੱਖ ਉੱਚ ਵਿਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਕੀਤਾ।
ਸੰਕਟ ਦੀ ਇਸ ਘੜੀ ਵਿੱਚ ਉਨ੍ਹਾਂ ਦੇ ਸਮਰਥਨ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਪ੍ਰਸ਼ਾਸਨ ਕੋਲ ਕਾਫ਼ੀ ਕੁਆਰੰਟੀਨ ਸਹੂਲਤਾਂ ਹਨ ਪਰ ਕੋਵੀਡ -19 ਪਾਜ਼ੇਟਿਵ ਮਰੀਜ਼ਾਂ ਨੂੰ ਵੱਖ ਕਰਨ ਲਈ ਇਹਨਾਂ ਦੀ ਲੋੜ ਵਧੇਰੇ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਘਣੀ ਆਬਾਦੀ ਵਾਲੇ ਇਲਾਕਿਆਂ ਜਾਂ ਝੁੱਗੀਆਂ-ਝੌਂਪੜੀਆਂ ਦੇ ਮਰੀਜਾਂ ਨੂੰ ਘਰ ਵਿਚ ਵੱਖ ਨਹੀਂ ਰੱਖਿਆ ਜਾ ਸਕਦਾ, ਇਸ ਲਈ ਇਸ ਦੇ ਫੈਲਾਅ ਦੀ ਰੋਕਥਾਮ ਲਈ ਉਨ੍ਹਾਂ ਥਾਵਾਂ ਦੀ ਨਿਸ਼ਾਨਦੇਹੀ ਕਰਨਾ ਜ਼ਰੂਰੀ ਹੈ ਜਿਥੇ ਉਨ੍ਹਾਂ ਦੇ ਰਹਿਣ ਲਈ ਥਾਂ ਬਣਾਈ ਜਾ ਸਕੇ।
ਇਸ ਦੇ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਨੇ ਚੰਡੀਗੜ੍ਹ ਯੂਨੀਵਰਸਿਟੀ ਨਾਲ ਸਮਝੌਤਾ ਕੀਤਾ ਹੈ ਜਿਸ ਨੇ ਆਈਸੋਲੇਸ਼ਨ ਲਈ 1000 ਬੈੱਡ ਪ੍ਰਦਾਨ ਕੀਤੇ। ਇਸੇ ਤਰ੍ਹਾਂ, ਲੋੜ ਪੈਣ ‘ਤੇ ਪ੍ਰਤੀਕਿਰਿਆ ਦੇ ਸਮੇਂ ਨੂੰ ਘੱਟ ਕਰਨ ਲਈ ਪ੍ਰਸ਼ਾਸਨ ਨੇ ਉੱਚ ਸਿੱਖਿਆ ਸੰਸਥਾਵਾਂ ਤੋਂ ਆਪਣੇ ਖਾਲੀ ਹੋਸਟਲਾਂ ਨੂੰ ਕੁਆਰੰਟੀਨ ਸਹੂਲਤ ਵਜੋਂ ਵਰਤਣ ਸਬੰਧੀ ਸਹਾਇਤਾ ਦੀ ਮੰਗ ਵੀ ਕੀਤੀ।
ਉਹਨਾਂ ਕਿਹਾ ਕਿ ਲੱਛਣਾਂ ਵਾਲੇ ਮਾਮਲਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿਖੇ ਕੁਆਰੰਟੀਨ ਵਿਚ ਰੱਖਿਆ ਜਾਵੇਗਾ, ਜਦੋਂ ਕਿ ਬਿਨ੍ਹਾਂ ਲੱਛਣਾਂ ਵਾਲੇ ਕੇਸਾਂ ਨੂੰ ਘਰ ਵਿਚ ਹੀ ਅਲੱਗ ਰੱਖਿਆ ਜਾਵੇਗਾ ਤਾਂ ਜੋ ਇਹ ਕਮਿਊਨਿਟੀ ਵਿਚ ਇਸ ਦੇ ਫੈਲਾਅ ਨੂੰ ਰੋਕਣਾ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਵਿੱਦਿਅਕ ਅਦਾਰਿਆਂ ਨੂੰ ਜ਼ਿਲਾ ਪ੍ਰਸ਼ਾਸਨ ਨਾਲ ਖਾਲੀ ਹੋਸਟਲ ਕਮਰਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਮੌਕੇ 'ਤੇ ਕੁਆਰੰਟੀਨ ਸੁਵਿਧਾ ਵਜੋਂ ਵਰਤੇ ਜਾ ਸਕਣ ਵਾਲੇ ਕਮਰਿਆਂ / ਹਾਲਾਂ / ਕਲਾਸਰੂਮਾਂ ਦੀ ਗਿਣਤੀ ਦੱਸੀ। ਲਗਭਗ 4000 ਮਰੀਜ਼ਾਂ ਲਈ ਬੈੱਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ਼ਾਰੇ 'ਤੇ ਉਨ੍ਹਾਂ ਇਥੇ ਰਹਿਣ ਵਾਲਿਆਂ ਨੂੰ ਰਸੋਈ / ਮੈਸ ਅਤੇ ਕੱਪੜੇ ਧੋਣ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਭਰੋਸਾ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਦੀ ਸ਼ਲਾਘਾ ਕਰਦਿਆਂ, ਡਾ. ਅੰਸ਼ੂ ਕਟਾਰੀਆ, ਸਪੋਰਕਸਪਰਸਨ, ਜੁਆਇੰਟ ਐਕਸ਼ਨ ਕਮੇਟੀ (ਜੇ.ਏ.ਸੀ.) ਅਤੇ ਪ੍ਰਧਾਨ, ਪੰਜਾਬ ਅਨਏਡਿਡ ਕਾਲੇਜਜ਼ ਐਸੋਸੀਏਸ਼ਨ (ਪੀ.ਯੂ.ਸੀ.ਏ.) ਨੇ ਕਿਹਾ ਕਿ ਪੰਜਾਬ ਦੇ ਸਾਰੇ 1600 ਅਨਏਡਿਡ ਕਾਲਜ ਇਸ ਮਹਾਂਮਾਰੀ ਦੌਰਾਨ ਸਰਕਾਰ ਦੇ ਨਾਲ ਹਨ ਅਤੇ ਜੁਆਇੰਟ ਐਕਸ਼ਨ ਕਮੇਟੀ (ਜੇ.ਏ.ਸੀ.) ਮੁਹਾਲੀ ਜ਼ਿਲ੍ਹੇ ਵਿਚ ਨੇੜਲੇ ਕਾਲਜਾਂ ਵਿਚ ਹੁਣ ਅਤੇ ਜਰੂਰਤ ਪੈਣ ‘ਤੇ ਆਈਸੋਲੇਸ਼ਨ ਸਹੂਲਤ ਲਈ ਲਗਭਗ 3000-3500 ਬੈਡ ਦੇਵੇਗੀ।
ਸ੍ਰੀ ਚਰਨਜੀਤ ਸਿੰਘ ਵਾਲੀਆ, ਡਾਇਰੈਕਟਰ, ਜੇਏਸੀ ਅਤੇ ਪ੍ਰਧਾਨ ਨਰਸਿੰਗ ਕਾਲਜ ਐਸੋਸੀਏਸ਼ਨ ਨੇ ਕਿਹਾ ਕਿ ਸਾਰੇ ਨਰਸਿੰਗ ਕਾਲਜਾਂ ਦੇ ਨਾਲ ਮੈਨੇਜਮੈਂਟ ਸਟਾਫ ਅਤੇ ਵਿਦਿਆਰਥੀ ਸਰਕਾਰ ਦੇ ਨਾਲ ਹਨ ਅਤੇ ਜਦੋਂ ਵੀ ਲੋੜ ਪਈ ਨਰਸਿੰਗ ਵਿਦਿਆਰਥੀ ਇਸ ਸਥਿਤੀ ਵਿੱਚ ਉਨ੍ਹਾਂ ਨੂੰ ਸਹੀ ਸਿਖਲਾਈ ਦੇਣ ਤੋਂ ਬਾਅਦ ਸਿਹਤ ਕਰਮਚਾਰੀਆਂ ਵਜੋਂ ਕੰਮ ਕਰ ਸਕਦੇ ਹਨ।
ਮੀਟਿੰਗ ਦੌਰਾਨ ਐਸਵੀਆਈਈਟੀ, ਦੋਆਬਾ, ਰਿਆਤ ਬਾਹਰਾ, ਡੌਲਫਿਨ, ਇੰਡੋ ਗਲੋਬਲ, ਯੂਨੀਵਰਸਲ, ਪੀਜੀਸੀ ਲਾਲੜੂ, ਐਸਯੂਐਸ ਟੰਗੌਰੀ, ਕੁਐਸਟ ਕਾਲਜ, ਸਵਾਮੀ ਪਰਮਾਨੰਦ ਸਮੂਹ ਨਾਲ ਨਾਲ ਹੋਰ ਵਿਦਿਅਕ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਮੌਜੂਦ ਸਨ।