ਰਜਨੀਸ਼ ਸਰੀਨ
- ਡੀ ਸੀ ਵਿਨੈ ਬਬਲਾਨੀ ਤੇ ਐਸ ਐਸ ਪੀ ਅਲਕਾ ਮੀਨਾ ਨੇ ਫੁੱਲ ਦੇ ਕੇ ਕੀਤਾ ਸੁਆਗਤ
- ਦੋ ਹੋਰ ਮਰੀਜ਼ਾਂ ਦੇ ਆਈਸੋਲੇਸ਼ਨ ਬਾਅਦ ਪਹਿਲੀ ਵਾਰ ਹੋਏ ਟੈਸਟ ਨੈਗੇਟਿਵ ਆਏ
- ਡਿਪਟੀ ਕਮਿਸ਼ਨਰ ਨੇ ਅੱਠ ਠੀਕ ਹੋ ਕੇ ਨਿਕਲੇ ਜ਼ਿਲ੍ਹੇ ਦੇ ਵਿਅਕਤੀਆਂ/ਬੱਚਿਆਂ ਦੀ ਮਜ਼ਬੂਤ ਇੱਛਾ ਸ਼ਕਤੀ ਦੀ ਦਿੱਤੀ ਦਾਦ
ਨਵਾਂਸ਼ਹਿਰ, 7 ਅਪ੍ਰੈਲ 2020 - ਕੋਵਿਡ-19 ਨਾਲ ਜੰਗ ਲੜ ਰਹੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਨੂੰ ਅੱਜ ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚੋਂ 8 ਮਰੀਜ਼ਾਂ ਦੇ ਸਿਹਤਯਾਬ ਹੋ ਕੇ ਨਿਕਲਣ ਨਾਲ ਵੱਡੀ ਸਫ਼ਲਤਾ ਮਿਲੀ ਹੈ।
ਇਨ੍ਹਾਂ ਸਿਹਤਯਾਬ ਹੋਏ ਮਰੀਜ਼ਾਂ ’ਚ ਬਾਬਾ ਗੁਰਬਚਨ ਸਿੰਘ ਪਠਲਾਵਾ (78), ਬਾਬਾ ਦਲਜਿੰਦਰ ਸਿੰਘ ਝਿੱਕਾ (60), ਸਰਪੰਚ ਹਰਪਾਲ ਸਿੰਘ ਪਠਲਾਵਾ (48), ਮਿ੍ਰਤਕ ਬਲਦੇਵ ਸਿੰਘ ਪਠਲਾਵਾ ’ਚੋਂ ਪੁੱਤਰ ਫ਼ਤਿਹ ਸਿੰਘ (35), ਪੋਤਰੀਆਂ ਹਰਪ੍ਰੀਤ ਕੌਰ (18), ਕਿਰਨਪ੍ਰੀਤ ਕੌਰ (12) ਤੇ ਗੁਰਲੀਨ ਕੌਰ (8), ਪੋਤਾ ਮਨਜਿੰਦਰ ਸਿੰਘ (2) ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐਸ ਐਸ ਪੀ ਅਲਕਾ ਮੀਨਾ ਨੇ ਅੱਜ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਏ ਇਨ੍ਹਾਂ ਸਾਰੇ ਵਿਅਕਤੀਆਂ/ਬੱਚਿਆਂ ਨੂੰ ਫੁੱਲ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਵੱਲੋਂ ਬਿਮਾਰੀ ਨਾਲ ਲੜਨ ਲਈ ਦਿਖਾਏ ਲਦਸਾਨੀ ਹੌਂਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ’ਚ ਇਲਾਜ ਅਧੀਨ ਸਮੂਹ ਕੋਵਿਡ-19 ਮਰੀਜ਼ਾਂ ਨੂੰ ਆਪਣੇ ਵੱਲੋਂ ਚੰਗੀ ਸਾਂਭ-ਸੰਭਾਲ ਦੇਣ ਦਾ ਉਪਰਾਲਾ ਕੀਤਾ ਗਿਆ ਤਾਂ ਜੋ ਉਹ ਜਲਦ ਸਿਹਤਯਾਬ ਹੋ ਸਕਣ।
ਉਨ੍ਹਾਂ ਕਿਹਾ ਕਿ ਬਾਬਾ ਬਲਦੇਵ ਸਿੰਘ ਦੀ ਮੌਤ ਬਾਅਦ 18 ਮਰੀਜ਼ਾਂ ਦੇ ਇੱਕ ਦਮ ਆਈਸੋਲੇਸ਼ਨ ’ਚ ਆਉਣ ਨਾਲ ਜ਼ਿਲ੍ਹੇ ’ਚ ਕੋਵਿਡ-19 ਕਾਰਨ ਬਣੇ ਦਹਿਸ਼ਤ ਦੇ ਮਾਹੌਲ ਨੂੰ ਇਨ੍ਹਾਂ 8 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਠੱਲ੍ਹ ਪਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਗਲੇ ਦਿਨਾਂ ’ਚ ਪ੍ਰਮਾਤਮਾ ਦੀ ਕਿਰਪਾ ਨਾਲ ਬਾਕੀ ਮਰੀਜ਼ ਵੀ ਸਿਹਤਯਾਬ ਹੋ ਕੇ ਬਾਹਰ ਨਿਕਲਣਗੇ।
ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਨਾਲ ਲੜੀ ਜਾ ਰਹੀ ਜੰਗ ’ਚ ਅਵੇਸਲੇ ਨਾ ਹੋਣ ਬਲਿਕ ਘਰਾਂ ’ਚ ਰਹਿਣ, ਹੱਥ ਵਾਰ-ਵਾਰ ਧੋਣ, ਭੀੜ ਤੋਂ ਦੂਰੀ ਰੱਖਣ ਅਤੇ ਇੱਕ ਦੂਸਰੇ ਤੋਂ ਵੀ ਡੇਢ ਮੀਟਰ ਦਾ ਫ਼ਾਸਲਾ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਹੁਣ ਜਦੋਂ ਜ਼ਿਲ੍ਹਾ ਬਹੁਤ ਹੀ ਮੁਸ਼ਕਿਲਾਂ ਨੂੰ ਸਰ ਕਰਕੇ ਅੱਗੇ ਵੱਧ ਰਿਹਾ ਹੈ ਤਾਂ ਸਾਡੇ ਇਹਤਿਆਤ ਰੱਖਣ ਦੀ ਜ਼ਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ।
ਐਸ ਐਸ ਪੀ ਅਲਕਾ ਮੀਨਾ ਨੇ ਸਮੂਹ ਸਿਹਤਯਾਬ ਹੋਏ ਵਿਅਕਤੀਆਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਬਿਮਾਰੀ ਨਾਲ ਲੜਨ ਲਈ ਦਿਖਾਏ ਅਸਾਧਾਰਨ ਹੌਂਸਲੇ ਦੀ ਪ੍ਰਸ਼ੰਸਾ ਕੀਤੀ।
ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਮੈਡੀਕਲ ਸਟਾਫ਼ ਅਤੇ ਸਿਹਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੋਵਿਡ-19 ਨੂੰ ਮਾਤ ਦੇਣ ’ਚ ਨਿਭਾਏ ਰੋਲ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਫੁੱਲ ਭੇਟ ਕੀਤੇ। ਇਸ ਮੌਕੇ ਏ ਡੀ ਸੀ ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਡੀ ਐਸ ਪੀ ਦੀਪਿਕਾ ਸਿੰਘ ਤੇ ਹਰਨੀਲ ਸਿੰਘ, ਐਸ ਐਮ ਓ ਡਾ. ਹਰਵਿੰਦਰ ਸਿੰਘ ਵੀ ਮੌਜੂਦ ਸਨ।