ਅਸ਼ੋਕ ਵਰਮਾ
ਬਠਿੰਡਾ, 05 ਅਪ੍ਰੈਲ 2020: ਜਮਹੂਰੀ ਅਧਿਕਾਰ ਸਭਾ ਤੇ ਪੰਜਾਬ ਗੌਰਮਿੰਟ ਪੈਨਸਨਰ ਐਸੋਸੀਏਸਨ ਨੇ ਕਰੋਨਾ ਵਾਇਰਸ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਮੋਮਬੱਤੀਆਂ ਤੇ ਦੀਵੇ ਜਗਾਉਣ ਦੇ ਸੱਦੇ ਨੂੰ ਬੇਲੋੜਾ ਅਤੇ ਗ਼ੈਰ ਵਿਗਿਆਨਕ ਕਰਾਰ ਦਿੱਤਾ ਹੈ। ਅੱਜ ਇੱਥੇ ਜਮਹੂਰੀ ਅਧਿਕਾਰ ਸਭਾ ਜਿਲਾ ਬਠਿੰਡਾ ਦੇ ਪ੍ਧਾਨ ਪਿ੍ੰ ਬੱਗਾ ਸਿੰਘ ਜਨਰਲ ਸਕੱਤਰ, ਪਿ੍ਰਤਪਾਲ ਸਿੰਘ, ਪ੍ਰੈੱਸ ਸਕੱਤਰ ਡਾ ਅਜੀਤਪਾਲ ਸਿੰਘ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮੌੜ ਤੇ ਜਨਰਲ ਸਕੱਤਰ ਪਿ੍ੰਸੀਪਲ ਰਣਜੀਤ ਸਿੰਘ ਨੇ ਕਿਹਾ ਕਿ ਪਾਵਰ, ਸਿਹਤ, ਸਫਾਈ, ਢੋਆ-ਢੁਆਈ, ਖੇਤੀ ਤੇ ਛੋਟੀਆਂ ਸਨਅਤਾਂ ਆਦਿ ਵਿੱਚ ਕੰਮ ਕਰਦੇ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਇਨਾਂ ਖੇਤਰਾਂ ਵਿੱਚ ਲੋੜੀਂਦੀਆਂ ਸਹੂਲਤਾਂ ਅਤੇ ਸਾਜ਼ੋ ਸਮਾਨ ਮੁਹੱਈਆ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਹਸਪਤਾਲਾਂ ਵਿੱਚ ਸਿਖਿਅਤ ਡਾਕਟਰਾਂ ਨਰਸਾਂ ਤੇ ਹੋਰ ਲੋੜੀਂਦੇ ਪੈਰਾ-ਮੈਡੀਕਲ ਅਮਲੇ ਦੀ ਭਰਤੀ ਕਰਨਾ ਵਕਤ ਦੀ ਜਰੂਰਤ ਹੈ ਅਤੇ ਉਥੇ ਵੈਂਟੀਲੇਟਰ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਕੇਂਦਰ ਤੇ ਰਾਜ ਨੂੰ ਚਾਹੀਦਾ ਹੈ ਕਿ ਉਹ ਲੌਕ-ਡਾਉੂਨ ਕਾਰਨ ਆਪਣੀ ਰੋਟੀ ਰੋਜ਼ੀ ਕਮਾਉਣ ਤੋਂ ਅਸਮਰਥ ਹੋਏ ਕਿਰਤੀਆਂ ਨੂੰ ਲੋੜੀਂਦੀ ਖਾਦ ਖੁਰਾਕ ਤੇ ਵਿਤੀ ਮਦਦ ਪਹੁੰਚਾਵੇ। ਸਿਹਤ ਸੇਵਾਵਾਂ ਦਾ ਕੌਮੀਕਰਨ ਕੀਤਾ ਜਾਵੇ ਅਤੇ ਖੇਤੀ ਸੰਕਟ ਦੇ ਲਈ ਲੋੜੀਂਦੇ ਉਪਰਾਲੇ ਜੁਟਾਏ ਜਾਣ। ਆਗੂਆਂ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਖੌਫ ਨੂੰ ਲੋਕਾਂ ਦੇ ਮਨਾਂ ਚੋਂ ਕੱਢਣ ਲਈ ਵਿਗਿਆਨਕ ਸੋਝੀ ਮੁਹੱਈਆ ਕਰਾਈ ਜਾਵੇ ਨਾ ਕਿ ਅੰਧਵਿਸਵਾਸ਼ ਫੈਲਾਇਆ ਜਾਵੇ। ਉਨਾਂ ਸਪਸ਼ਟ ਕੀਤਾ ਕਿ ਪ੍ਧਾਨ ਮੰਤਰੀ ਮੋਦੀ ਦਾ ਸੱਦਾ ਲੋਕਾਂ ਦੀਆਂ ਬੁਨਿਆਦੀ ਸਮਸਿਆਵਾਂ ਤੋਂ ਧਿਆਨ ਲਾਂਭੇ ਕਰਨ ਦਾ ਸਾਧਨ ਤਾਂ ਬਣ ਸਕਦਾ ਹੈ ਪਰ ਸਮਸਿਆਵਾਂ ਦਾ ਵਿਗਿਆਨਕ ਹੱਲ ਨਹੀਂ ਕੱਢੇਗਾ।