ਹਰਿੰਦਰ ਨਿੱਕਾ
- ਖੇਤੀ ਕਾਰਜਾਂ ਲਈ ਆਉਣ-ਜਾਣ ਦਾ ਸਮਾਂ ਨਿਰਧਾਰਿਤ
ਬਰਨਾਲਾ, 4 ਅਪ੍ਰੈਲ 2020 - ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਜ਼ਿਲਾ ਬਰਨਾਲਾ ਅੰਦਰ ਕਰਫਿਊ ਲਾਗੂ ਹੈ, ਜਿਸ ਤਹਿਤ ਕਿਸੇ ਵੀ ਵਿਅਕਤੀ ਦੇ ਸੜਕਾਂ, ਗਲੀਆਂ ਜਾਂ ਜਨਤਕ ਥਾਵਾਂ ’ਤੇ ਘੁੰਮਣ ਫਿਰਨ ਦੀ ਮਨਾਹੀ ਹੈ। ਇਸ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕਣਕ ਦੇ ਸੀਜ਼ਨ ਦੌਰਾਨ ਖੇਤੀਬਾੜੀ ਦੇ ਕੰਮਾਂ ਲਈ ਕੁਝ ਛੋਟ ਦਿੱਤੀ ਗਈ ਹੈ।
ਇਨਾਂ ਹੁਕਮਾਂ ਅਨੁਸਾਰ ਕਿਸਾਨਾਂ ਵਲੋਂ ਕਣਕ ਦੀ ਫ਼ਸਲ ਦੀ ਕਟਾਈ ਅਤੇ ਵੱਖ-ਵੱਖ ਖੇਤੀ ਕਾਰਜਾਂ ਲਈ ਖੇਤ ਮਜ਼ਦੂਰਾਂ ਸਮੇਤ ਖੇਤਾਂ ਵਿੱਚ ਆਉਣ-ਜਾਣ ਲਈ ਸਵੇਰ ਦਾ ਸਮਾਂ 6 ਤੋਂ 9 ਵਜੇ ਤੱਕ (ਤਿੰਨ ਘੰਟੇ) ਅਤੇ ਖੇਤ ਤੋਂ ਵਾਪਸ ਆਉਣ ਦਾ ਸਮਾਂ ਸ਼ਾਮ 7 ਤੋਂ ਰਾਤ 9 ਵਜੇ ਤੱਕ (2 ਘੰਟੇ) ਹੋਵੇਗਾ। ਕਿਸਾਨਾਂ ਵੱਲੋਂ ਫ਼ਸਲ ਦੀ ਕਟਾਈ ਬਿਜਾਈ ਅਤੇ ਢੋਆ-ਢੋਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਜਿਵੇਂ ਕਿ ਟਰੈਕਟਰ, ਟਰਾਲੀ, ਕੰਬਾਇਨ ਆਦਿ ਦੀ ਆਵਾਜਾਈ ’ਤੇ ਮੁਕੰਮਲ ਤੌਰ ’ਤੇ ਛੋਟ ਹੋਵੇਗੀ, ਪਰ ਖੇਤਾਂ ਵਿਚ ਕੰਬਾਇਨ ਦੇ ਚੱਲਣ ਦਾ ਸਮਾਂ ਸਵੇਰੇ 8 ਤੋਂ ਸ਼ਾਮ 7 ਵਜੇ ਤੱਕ ਹੀ ਹੋਵੇਗਾ। ਸਬੰਧਤ ਮਸ਼ੀਨਰੀ ’ਤੇ 4 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣਗੇ ਅਤੇ ਦੂਰੀ 2 ਮੀਟਰ ਦੀ ਬਣਾ ਕੇ ਰੱਖਣਗੇ।
ਖੇਤੀਬਾੜੀ ਮਸ਼ੀਨਰੀ ਦੀ ਮੁਰੰਮਤ ਅਤੇ ਸਪੇਅਰ ਪਾਰਟਸ ਸਬੰਧੀ ਦੁਕਾਨਾਂ ਦਾ ਸਮਾਂ ਸਵੇਰੇ 6 ਤੋਂ ਸਵੇਰੇ 9 ਵਜੇ ਤੱਕ ਹੋਵੇਗਾ। ਦੁਕਾਨਦਾਰਾਂ ਨੂੰ ਸਪੇਅਰ ਪਾਰਟਸ ਦੀ ਹੋਮ ਡਲਿਵਰੀ ਹੀ ਕੀਤੀ ਜਾਵੇਗੀ। ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਵਾਲੀਆਂ ਦੁਕਾਨਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ (ਚਾਰ ਘੰਟੇ) ਤੱਕ ਦਾ ਹੋਵਗਾ। ਇਹ ਦੁਕਾਨਦਾਰ ਮੁੱਖ ਖੇਤੀਬਾੜੀ ਅਫਸਰ ਵੱਲੋਂ ਹੋਏ ਨਿਰਦੇਸ਼ਾਂ ਅਨੁਸਾਰ ਦੁਕਾਨ ਖੋਲਣਗੇ ਅਤੇ ਆਪਣੇ ਗਾਹਕਾਂ ਨੂੰ ਹੋਮ ਡਿਲਿਵਰੀ ਹੀ ਕਰਨਗੇ। ਤੂੜੀ ਵਾਲੀ ਮਸ਼ੀਨ ਸਟਰਾ ਰੀਪਰ ਪਹਿਲੀ ਮਈ ਤੋਂ ਚਲਾਏ ਜਾਣ ਤਾਂ ਜੋ ਕਣਕ ਦੀ ਫ਼ਸਲ ਤੇ ਨਾੜ ਨੂੰ ਅੱਗ ਤੋਂ ਬਚਾਅ ਰਹੇ। ਇਸ ਕੰਮ ਵਿਚ ਮੌਜੂਦ ਵਿਅਕਤੀਆਂ ਆਪਸੀ ਦੂਰੀ 2 ਮੀਟਰ ਦੀ ਰੱਖਣਗੇ।
ਸਮੂਹ ਕਿਸਾਨਾਂ/ਖੇਤ ਮਜ਼ਦੂਰਾਂ ਵਲੋਂ ਜੇਕਰ ਖੇਤਾਂ ਵਿੱਚ ਹੱਥੀਂ ਕਟਾਈ/ਬਿਜਾਈ ਆਦਿ ਦਾ ਕੰਮ ਕੀਤਾ ਜਾਵੇਗਾ ਤਾਂ ਉਸ ਸਮੇਂ 10 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣਗੇ। ਆਪਸੀ ਦੂਰੀ 2 ਮੀਟਰ ਦੀ ਹੋਵੇਗੀ। ਫੇਸ ਮਾਸਕ ਪਾਉਣਗੇ, ਹੱਥਾਂ ਦੀ ਸਾਫ਼ ਸਫ਼ਾਈ ਰੱਖਣਗੇ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨਗੇ। ਇਸ ਤੋਂ ਇਲਾਵਾ ਕੋਰੋਨਾਵਾਇਰਸ (ਕੋਵਿਡ-19) ਸਬੰਧੀ ਸਰਕਾਰ ਵਲੋਂ ਸਮੇਂ ਸਮੇਂ ’ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਗੇ।