ਹਰਿੰਦਰ ਨਿੱਕਾ
* ਗਾਲੀ-ਗਲੋਚ ਅਤੇ ਧਾਰਮਿਕ ਚਿੰਨ ਦੀ ਬੇਅਦਬੀ ਦੇ ਦੋਸ਼ ਹੇਠ ਬਰਨਾਲਾ ਪੁਲੀਸ ਵੱਲੋਂ ਇਕ ਖਿਲਾਫ ਕੇਸ ਦਰਜ
* ਮੁਲਜ਼ਮ ਦੀ ਗਿ੍ਰਫਤਾਰੀ ਲਈ ਭਾਲ ਜਾਰੀ, ਛੇਤੀ ਹੋਵੇਗੀ ਗਿ੍ਰਫਤਾਰੀ: ਏਐਸਆਈ ਗਿਆਨ ਸਿੰਘ
ਬਰਨਾਲਾ, 3 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਲਾਏ ਕਰਫਿਊ ਦੌਰਾਨ ਫਲ-ਸਬਜ਼ੀਆਂ ਦੀ ਘਰ ਘਰ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਡਿਊਟੀ ’ਤੇ ਤਾਇਨਾਤ ਸਰਕਾਰੀ ਕਰਮਚਾਰੀ ਦੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੇਸ਼ ਹੇਠ ਬਰਨਾਲਾ ਪੁਲੀਸ ਨੇ ਇਕ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ।
ਜੇਈ ਇੰਦਰਜੀਤ ਸਿੰਘ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਉਹ ਫਲ-ਸਬਜ਼ੀਆਂ ਦੀ ਘਰ ਘਰ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਸਬਜ਼ੀ ਮੰਡੀ ਬਰਨਾਲਾ ਵਿਖੇ ਡਿਊਟੀ ਨਿਭਾਅ ਰਿਹਾ ਸੀ ਕਿ ਕੁਝ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਉਸ ਨੇ ਸਭ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਆਖਿਆ।
ਇਸ ’ਤੇ ਗੁਰਸੇਵਕ ਸਿੰਘ ਉਰਫ ਮੰਗਾ ਪ੍ਰਧਾਨ ਪੁੱਤਰ ਬਲਕਾਰ ਸਿੰੰਘ ਤੂੰਬੀ ਵਾਲੇ ਵਾਸੀ ਗਲੀ ਨੰਬਰ 4 ਪੱਤੀ ਰੋਡ ਨੇ ਉਸ (ਇੰਦਰਜੀਤ ਸਿੰਘ) ਨਾਲ ਗਾਲੀ-ਗਲੋਚ ਕੀਤੀ, ਧੱਕਾ-ਮੁੱਕੀ ਕਰਦੇ ਹੋਏ ਉਸ ਦੀ ਦਾੜੀ ਨੂੰ ਹੱਥ ਪਾਇਆ ਅਤੇ ਉਸ ਦੀ ਡਿਊਟੀ ਵਿੱਚ ਵਿਘਨ ਪਾਇਆ। ਸ਼ਿਕਾਇਤਕਰਤਾ ਅਨੁਸਾਰ ਗੁਰਸੇਵਕ ਸਿੰਘ ਦਾ ਕਰਫਿਊ ਪਾਸ ਵੀ ਨਹੀਂ ਬਣਿਆ ਸੀ, ਜਿਸ ਕਰ ਕੇ ਉਸ ਨੇ ਕਾਨੂੰਨ ਦੀ ਉਲੰਘਣਾ ਕੀਤੀ।
ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵੱਲੋਂ ਜ਼ਿਲਾ ਮੈਜਿਸਟ੍ਰੇਟ ਨੂੰ ਕੀਤੀ ਕਾਰਵਾਈ ਦੀ ਸਿਫਰਸ਼ ਮਗਰੋਂ ਪੁਲਿਸ ਨੇ ਫੌਰੀ ਗੁਰਸੇਵਕ ਸਿੰਘ ਮੰਗਾ ਪ੍ਰਧਾਨ ਵਾਸੀ ਗਲੀ ਨੰਬਰ 4, ਪੱਤੀ ਰੋਡ ਬਰਨਾਲਾ ਖ਼ਿਲਾਫ਼ ਥਾਣਾ ਸਿਟੀ ਇਕ ਬਰਨਾਲਾ ਵਿੱਚ ਆਈਪੀਸੀ ਦੀ ਧਾਰਾ 353, 186, 188, 506 ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਤਫਤੀਸ਼ ਕਰ ਰਹੇ ਏਐਸਆਈ ਗਿਆਨ ਸਿੰਘ (ਥਾਣਾ ਸਿਟੀ-1, ਬਰਨਾਲਾ) ਨੇ ਦੱਸਿਆ ਕਿ ਮੁਲਜ਼ਮ ਨੂੰ ਸਰਕਾਰੀ ਕਰਮਚਾਰੀ ਨਾਲ ਦੁਰਵਿਵਹਾਰ, ਡਿੳੂਟੀ ਵਿਚ ਵਿਘਨ ਪਾਉਣ, ਧਾਰਮਿਕ ਚਿੰਨ ਦੀ ਬੇਅਦਬੀ ਦੇ ਦੋਸ਼ਾਂ ਹੇਠ ਨਾਮਜ਼ਦ ਕੀਤਾ ਹੈ। ਕੇਸ ਦੀ ਤਫਤੀਸ਼ ਜਾਰੀ ਹੈ ਤੇ ਮੁਲਜ਼ਮ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਮੁਲਜ਼ਮ ਨੂੰ ਛੇਤੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ।