ਪਾਲ ਸਿੰਘ ਨੌਲੀ ਦੀ ਜਲੰਧਰ ਤੋਂ ਖਿੱਚੀ ਫੋਟ
ਗੁਰਪ੍ਰੀਤ ਸਿੰਘ ਮੰਡਿਆਣੀ
ਏਅਰ ਪਲਿਊਸ਼ਨ ਦੇ ਹਵਾਲੇ ਨਾਲ ਜਦੋਂ ਮੈਂ ਕਿਸੇ ਨੂੰ ਦੱਸਿਆ ਕਰਨਾ ਕੇ ਕੋਈ ਵੇਲਾ ਹੁੰਦਾ ਸੀ ਜਦੋਂ ਬਰਫ਼ ਨਾਲ ਲੱਦੇ ਧੌਲਾਧਾਰ -ਪਹਾੜ ਲੁਧਿਆਣੇ ਤੋਂ ਸਾਫ਼ ਦਿਸਦੇ ਹੁੰਦੇ ਸੀ ਤਾਂ ਕੋਈ ਇਹ ਗੱਲ ਮੰਨਣ ਤਿਆਰ ਨਹੀਂ ਸੀ ਹੁੰਦਾ।ਪਰ ਅੱਜ ਦੀਆ ਖ਼ਬਰਾਂ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ।ਪੰਜਾਬੀ ਟ੍ਰਿਬਿਊਨ ਦੇ ਸਟਾਫ਼ ਰਿਪੋਰਟਰ ਪਾਲ ਸਿੰਘ ਨੌਲ਼ੀ ਨੇ ਫੇਸ ਬੁੱਕ ਤੇ ਫ਼ੋਟੋ ਪਾਈ ਹੈ ਕਿ ਜਲੰਧਰੋਂ ਪਹਾੜਾਂ ਦੀ ਬਰਫ਼ ਦਿਸਦੀ ਹੈ ।’ ਸਿੱਖ ਸਿਆਸਤ ਮੀਡੀਆ ’ ਦੇ ਐਡੀਟਰ ਪਰਮਜੀਤ ਸਿੰਘ ਗ਼ਾਜ਼ੀ ਨੇ ਦਸੂਹਾ ਤਹਿਸੀਲ ਚ ਪੈਂਦੇ ਆਪਦੇ ਪਿੰਡ ਪੰਜ ਢੇਰ ਗ਼ਾਜ਼ੀ ਤੋਂ ਵੀ ਧੌਲਾਧਾਰ ਤੇ ਦਿਸਦੀ ਬਰਫ਼ ਦੀ ਬੜੀ ਦਿਲਕਸ਼ ਫ਼ੋਟੋ ਫੇਸ ਬੁੱਕ ਤੇ ਚਾੜ੍ਹੀ ਹੈ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਉੱਤਰ-ਪੂਰਬ ਵਾਲੇ ਪਾਸੇ ਛੋਟੇ ਪਹਾੜਾਂ ਦੀ ਇੱਕ ਲੜੀ ਹੈ ਤੇ ਉਹ ਟੱਪ ਕੇ ਫੇਰ ਕਾਂਗੜਾ ਘਾਟੀ ਅਖਵਾਉਂਦਾ ਨੀਮ ਮੈਦਾਨੀ ਇਲਾਕਾ ਹੈ ।ਹਿਮਾਚਲ ਦੀ ਇਸ ਘਾਟੀ ਚ ਕਾਂਗੜਾ, ਨੂਰਪੁਰ ਤੇ ਪਾਲਮਪੁਰ ਵਰਗੇ ਸ਼ਹਿਰ ਪੈਂਦੇ ਨੇ।ਕਾਂਗੜਾ ਘਾਟੀ ਤੋਂ ਹੋਰ ਅਗਾਂਹ ਜਾ ਕੇ ਜਿਹੜੇ ਉੱਚੇ ਪਹਾੜਾਂ ਦੀ ਲੜੀ ਪੈਂਦੀ ਹੈ ਉਹਨੂੰ ਹੀ ਧੌਲਾਧਾਰ ਪਹਾੜ ਜਾਂ ਅੰਗਰੇਜ਼ੀ ਵਿੱਚ ਧੌਲਾਧਾਰ ਮਾਂਊਟੇਨ ਰੇਂਜ ਕਹਿੰਦੇ ਨੇ। ਜਲੰਧਰ ਤੋਂ ਇਹਦਾ ਘੱਟੋ ਘੱਟ ਹਵਾਈ ਫ਼ਾਸਲਾ 100 ਕਿੱਲੋਮੀਟਰ ਬਣਦਾ ਹੈ ਤੇ ਲੁਧਿਆਣਿਓਂ 125 ਕਿੱਲੋਮੀਟਰ ਦੇ ਕਰੀਬ।
(ਤਹਿਸੀਲ ਦੱਸੀਆਂ ਪਿੰਡ ‘ਪੰਜ ਢੇਰ ਗਾਜ਼ੀ ‘ ਫੋਟੋ ਪਰਮਜੀਤ ਸਿੰਘ ਗਾਜ਼ੀ ਐਡੀਟਰ ਸਿੱਖ ਸਿਆਸਤ ਮੀਡੀਆ)
ਇੱਕ ਅੰਗਰੇਜ਼ ਸਫ਼ੀਰ ਦੇ ਅਸਿਸਟੈਂਟ ਵਜੋਂ ਉਹਦੇ ਨਾਲ ਸਫ਼ਰ ਕਰ ਰਹੇ ਇੱਕ ਹਿੰਦੁਸਤਾਨੀ ਵੱਲੋਂ ਖ਼ੁਦ ਲਿਖੀ ਕਿਤਾਬ ਚ ਲੁਧਿਆਣੇ ਤੋਂ ਧੌਲਾਧਾਰ ਦੇ ਪਹਾੜ ਦਿਸਣ ਦਾ ਜ਼ਿਕਰ ਸੰਨ 1832 ਦਾ ਹਵਾਲਾ ਦੇ ਕੀਤਾ ਹੈ।ਇਹ ਕਿਤਾਬ ਪਹਿਲੀ ਦਫ਼ਾ 1834 ਚ ਕਲਕੱਤਿਓਂ ਛਪੀ ਸੀ ਤੇ ਇਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਪੀਆਂ ਹੱਥੋ-ਹੱਥ ਵਿਕ ਗਈਆਂ ਇੱਥੋਂ ਕਿ ਦੁਬਾਰਾ ਛਪਾਈ ਵਾਸਤੇ ਵੀ ਕੋਈ ਕਿਤਾਬ ਕਾਪੀ ਨਾ ਥਿਆਵੇ । ਲਾ ਪਾ ਕੇ ਇੱਕ ਕਾਪੀ ਇੰਗਲੈਂਡ ਦੀ ਇੱਕ ਲਾਇਬਰੇਰੀ ਚੋਂ ਲੱਭੀ ਤਾਂ ਜਾ ਕੇ 1846 ਚ ਇਹਦਾ ਦੂਜਾ ਐਡੀਸ਼ਨ ਲੰਡਨ ਵਿੱਚ ਛਾਪਿਆ ਗਿਆ । ਅੰਗਰੇਜ਼ੀ ਦੀ ਇਹ ਕਿਤਾਬ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ 1971 ਚ ਛਾਪੀ ।
ਇਸ ਕਿਤਾਬ ਦਾ ਟਾਈਟਲ ਇਹ ਹੈ Travels in the PANJAB,AFGHANISTAN and TURKISTAN,to Balakh,Bukhara and Herat and A visit to Great Britain and Germany. By Mohan Lal.
ਇਸ ਕਿਤਾਬ ਦਾ ਲਿਖਾਰੀ ਮੋਹਣ ਲਾਲ ਇੱਕ ਅੰਗਰੇਜ਼ ਸਫ਼ੀਰ ਲੈਫ਼ਟੀਨੈਂਟ (ਬਾਅਦ ਚ ’ਸਰ’) ਅਲੈਗਜ਼ੈਂਡਰ ਬਰਨੀਜ਼ ਨਾਲ ਦੁਭਾਸ਼ੀਏ ਵਜੋਂ ਤਾਇਨਾਤ ਸੀ ਜੋ ਬਾਅਦ ਅੰਗਰੇਜ਼ ਸਰਕਾਰ ਦੇ ਕਾਬੁਲ ਮਿਸ਼ਨ ਚ ਵੀ ਤਾਇਨਾਤ ਰਿਹਾ।ਮਿਸਟਰ ਅਲੈਗਜ਼ੈਂਡਰ ਬਰਨੀਜ਼ ਨੇ ਦਿੱਲੀਓਂ ਆਪਦਾ ਸਫ਼ਰ 20 ਦਸੰਬਰ 1831 ਨੂੰ ਸ਼ੁਰੂ ਕੀਤਾ , 23 ਦਸੰਬਰ ਨੂੰ ਪਾਣੀਪਤ ਕੋਲ ਸੜਕ ਤੇ ਜਾਂਦਾ ਉਨ੍ਹਾਂ ਨੂੰ ਮਹਾਰਾਜਾ ਪਟਿਆਲਾ ਵੀ ਰੁਕ ਕੇ ਮਿਲਿਆ ਜੋ ਦਿੱਲੀ ਜਾ ਰਿਹਾ ਸੀ ਵਾਇਸਰਾਏ ਹਿੰਦ ਵਿਲੀਅਮ ਬੈਂਟਿਕ ਨੂੰ ਮਿਲਣ ਵਾਸਤੇ।
ਅਲੈਗਜ਼ੈਂਡਰ 30 ਦਸੰਬਰ ਨੂੰ ਲੁਧਿਆਣੇ ਪੁੱਜ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਚ ਦਾਖਲ ਹੋਣ ਦੀ ਮਨਜ਼ੂਰੀ ਮਿਲਣ ਮਗਰੋਂ 3 ਜਨਵਰੀ 1832 ਨੂੰ ਲੁਧਿਆਣਿਓਂ ਲਹੌਰ ਜਾਣ ਵਾਸਤੇ ਸਤਲੁਜ ਦਰਿਆ ਦੇ ਨਾਲ-ਨਾਲ ਪੱਛਮ ਵੱਲ ਨੂੰ ਦਰਿਆ ਦੇ ਵਹਿਣ ਵੱਲ ਹੋ ਤੁਰਿਆ। ਲੁਧਿਆਣਿਓਂ 8 ਮੀਲ ਅਗਾਂਹ ਤੁਰ ਕੇ ਭੂੰਦੜੀ ਤੋਂ ਪਹਿਲਾਂ ਗੌਂਸਪੁਰ ਦੇ ਮੁਕਾਮ ਤੇ ਦਰਿਆ ਕੰਢੇ ਰਾਤ ਕੱਟੀ ਜਿੱਥੇ ਮਹਾਰਾਜੇ ਦੇ ਇੱਕ ਅਫ਼ਸਰ ਨੇ ਓਹਲਾ ਦੀ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ।
ਅਲੈਗਜ਼ੈਂਡਰ ਦਾ ਸਹਾਇਕ ਅਤੇ ਕਿਤਾਬ ਦਾ ਲਿਖਾਰੀ ਮੋਹਣ ਲਾਲ ਕਿਤਾਬ ਦੇ ਸਫ਼ਾ ਨੰਬਰ 6 ਤੇ ਲਿਖਦਾ ਹੈ ਕਿ ਕਿ 4 ਜਨਵਰੀ 1832 ਦੀ ਹੱਡ ਚੀਰਵੀਂ ਸਵੇਰ ਨੂੰ ਜਦੋਂ ਅਸੀਂ ਉੱਠੇ ਤਾਂ ਮੈਨੂੰ ਉੱਚੇ-ਉੱਚੇ ਪਹਾੜ ਨਜ਼ਰੀਂ ਪਏ ਜੋ ਕਿ ਸਾਰੇ ਦੇ ਸਾਰੇ ਬਰਫ਼ ਨਾਲ ਚਿੱਟੇ ਹੋਏ ਪਏ ਸੀ ।ਜ਼ਾਹਿਰਾ ਤੌਰ ਤੇ ਮੋਹਣ ਲਾਲ ਧੌਲਾਧਾਰ ਪਹਾੜ ਦਾ ਜ਼ਿਕਰ ਕਰ ਰਿਹਾ ਸੀ।ਇਹ ਕਿਤਾਬ ਮੈਂ ਵੀਹ ਵਰ੍ਹੇ ਪਹਿਲਾਂ ਪੜ੍ਹੀ ਸੀ ।ਪਰ ਵੀਹ ਸਾਲਾਂ ਚ ਘੱਟੋ ਘੱਟ ਵੀਹ ਬੰਦਿਆਂ ਨੇ ਮੇਰੇ ਇਸ ਰੈਫਰੈਂਸ ਤੇ ਇਤਬਾਰ ਨਹੀਂ ਸੀ ਕੀਤਾ।ਬੀਤੇ ਦਸ ਦਿਨਾਂ ਤੋਂ ਕਰਫ਼ਿਊ ਦੇ ਸਬੱਬ ਨਾਲ ਮਨੁੱਖ ਵੱਲੋਂ ਪਲੂਸ਼ਨ ਫੈਲਾਉਣ ਵਾਲੀ ਸਾਰੀ ਨਕਲੋਂ-ਹਰਕਤ ਰੁਕਣ ਨਾਲ ਹੀ ਇਹ ਸੰਭਵ ਹੋਇਆ ਹੈ ਕਿ ਅਸੀਂ ਦੇਖ ਸਕੇ ਹਾਂ ਸਾਡੇ ਵਡੇਰੇ ਕਿੰਨੀ ਦੂਰ ਦੁਰੇਡੇ ਤੱਕ ਦੇਖ ਸਕਦੇ ਸੀ।
ਗੁਰਪ੍ਰੀਤ ਸਿੰਘ ਮੰਡਿਆਣੀ
ਸੰਪਰਕ 8872664000