ਕਿਸਾਨਾਂ ਨੂੰ ਕੋਵਿਡ-19 ਅਤੇ ਕਰਫਿੳੂ ਬੰਦਸ਼ਾਂ ਦੇ ਮੱਦੇਨਜ਼ਰ ਖਰੀਦ ਕਾਰਜਾਂ ਨਿਰੰਤਰ ਜਾਰੀ ਰੱਖਣ ਦਾ ਭਰੋਸਾ
ਚੰਡੀਗੜ, 02 ਅਪ੍ਰੈਲ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੂਬਾ ਭਰ ਵਿੱਚ ਕੋਵਿਡ-19 ਅਤੇ ਕਰਫਿੳੂ ਬੰਦਸ਼ਾਂ ਦੇ ਮੱਦੇਨਜ਼ਰ ਕਣਕ ਦੀ ਨਿਰਵਿਘਨ ਖਰੀਦ ਅਤੇ ਮੰਡੀਕਰਨ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।
ਅੱਜ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਨੇ ਖੇਤੀ ਕਾਰਜ ਦਿੱਕਤ ਰਹਿਤ ਜਾਰੀ ਰੱਖਣ ਅਤੇ ਜ਼ਮੀਨੀ ਪੱਧਰ ’ਤੇ ਭੋਜਨ ਦੀ ਸਪਲਾਈ ਬਰਕਰਾਰ ਰੱਖਣ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਣਕ ਦੀ ਵਢਾਈ ਅਤੇ ਇਸ ਦਾ ਇਕ-ਇਕ ਦਾਣਾ ਖਰੀਦਣ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੂੰ ਹਦਾਇਤ ਕੀਤੀ ਕਿ ਕਣਕ ਦੀ ਵਢਾਈ ਤੇ ਮੰਡੀਕਰਨ ਅਤੇ ਬਾਗਬਾਨੀ ਉਤਪਾਦਨ ਤੋਂ ਇਲਾਵਾ ਗਰਮੀਆਂ ਦੀਆਂ ਹੋਰ ਫਸਲਾਂ ਲਈ ਯਤਨਾਂ ਵਿੱਚ ਤੇਜ਼ੀ ਲਿਆਂਦੀ ਜਾਵੇ।
ਇਸ ਦੌਰਾਨ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਬੇਨਤੀ ਕੀਤੀ ਕਿ ਬੀ.ਐਸ.ਐਫ ਦੇ ਜਵਾਨਾਂ ਨੂੰ 400 ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਈਆਂ ਜਾਣ ਕਿਉਂਕਿ ਉਨਾਂ ਨੂੰ ਕੰਡਿਆਲੀ ਤਾਰ ਪਾਰ ਕਰਕੇ ਕਿਸਾਨਾਂ ਦੀ ਸਰੀਰਕ ਜਾਂਚ ਕਰਨ ਲਈ ਆਖਿਆ ਗਿਆ ਹੈ ਅਤੇ ਇਸ ਵੇਲੇ ਕਿਸਾਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਵਧੀਕ ਮੁੱਖ ਸਕੱਤਰ ਵਿਕਾਸ ਵੱਲੋਂ ਅੱਜ ਜਾਰੀ ਕੀਤੀ ਐਡਵਾਈਜ਼ਰੀ ਮੁਤਾਬਕ ਡਿਪਟੀ ਕਮਿਸ਼ਨਰਾਂ ਨੂੰ ਫਸਲਾਂ ਦੀ ਵਢਾਈ ਅਤੇ ਬਿਜਾਈ ਦੇ ਖੇਤੀ ਕਾਰਜਾਂ ਲਈ ਕਿਸਾਨਾਂ ਤੇ ਖੇਤੀ ਮਜ਼ਦੂਰਾਂ ਦੇ ਬਿਨਾਂ ਕਿਸੇ ਦਿੱਕਤ ਤੋਂ ਆਉਣ-ਜਾਣ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਬਿਜਾਈ ਲਈ ਖੇਤੀ ਲਾਗਤਾਂ ਦੀ ਉਪਲਬਧਤਾ ਅਤੇ ਸਪਲਾਈ ਨੂੰ ਵੀ ਨਿਸ਼ਚਤ ਕੀਤਾ ਜਾਵੇ। ਇਸੇ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਟਰੈਕਟਰ, ਟਰਾਲੀਆਂ, ਕੰਬਾਈਨਾਂ ਤੋਂ ਇਲਾਵਾ ਫਸਲ ਵੱਢਣ ਤੇ ਪੈਦਾਵਾਰ ਲਿਜਾਣ ਵਾਲੇ, ਖੇਤ ਵਾਹੁਣ ਅਤੇ ਬੀਜਣ ਵਾਲੇ ਖੇਤੀ ਸੰਦਾਂ ਸਮੇਤ ਸਾਰੀ ਖੇਤੀ ਮਸ਼ੀਨਰੀ ਦੇ ਆਉਣ-ਜਾਣ ਨੂੰ ਵੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਇਸੇ ਤਰਾਂ ਡਿਪਟੀ ਕਮਿਸ਼ਨਰਾਂ ਨੂੰ ਖੇਤੀ ਮਸ਼ੀਨਰੀ ਦੀ ਮੁਰੰਮਤ ਕਰਨ ਵਾਲੀਆਂ ਵਰਕਸ਼ਾਪਾਂ ਅਤੇ ਸਬੰਧਤ ਸਪੇਅਰ ਪਾਰਟਸ ਵਾਲੀਆਂ ਦੁਕਾਨਾਂ ਚਲਾਉਣ ਦੀ ਇਜਾਜ਼ਤ ਦੇਣ ਤੋਂ ਇਲਾਵਾ ਬੀਜਾਂ, ਖਾਦਾਂ, ਕੀਟਨਾਸ਼ਕਾਂ, ਨਦੀਨਨਾਸ਼ਕਾਂ ਦੀ ਵਿਕਰੀ ਅਤੇ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇਸੇ ਤਰਾਂ ਕਣਕ ਦੀ ਆਮਦ ਲਈ ਅਨਾਜ ਮੰਡੀਆਂ ਵਿੱਚ ਸਾਰੇ ਲੋੜੀਂਦੇ ਇੰਤਜ਼ਾਮ ਕਰਨ ਤੋਂ ਇਲਾਵਾ ਖਰੀਦ ਏਜੰਸੀਆਂ ਨੂੰ ਘੱਟੋ-ਘੱਟ ਸਮਰਥਨ ’ਤੇ ਖਰੀਦ ਕਰਨ ਲਈ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਫਸਲ ਦੀ ਵਢਾਈ ਤੇ ਬਿਜਾਈ ਸੀਜ਼ਨ ਦੌਰਾਨ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੇ ਕਦਮ ਚੁੱਕਣ ਲਈ ਆਖਿਆ ਗਿਆ ਹੈ। ਇਸ ਤਹਿਤ ਸਮਾਜਿਕ ਦੂਰੀ, ਚਿਹਰੇ ਨੂੰ ਢਕਣਾ, ਹੱਥ ਧੋਣੇ ਆਦਿ ਸ਼ਾਮਲ ਹੈ। ਇਸੇ ਤਰਾਂ ਜਨਤਕ ਭਰੋਸੇ ਦੇ ਨਿਰਮਾਣ ਲਈ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ, ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ।
ਇਹ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਵੱਲੋਂ ਕੌਮੀ ਆਫ਼ਤ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ 25 ਮਾਰਚ, 2020 ਨੂੰ ਜਾਰੀ ਕੀਤੇ ਹੁਕਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਸੂਬੇ ਦੇ ਮੁੱਖ ਸਕੱਤਰ ਨੇ ਲੌਕਡਾੳੂਨ ਦੇ ਸਮੇਂ ਦੌਰਾਨ ਖੇਤੀ ਅਤੇ ਸਹਾਇਕ ਧੰਦਿਆਂ ਲਈ ਢਿੱਲ ਦੇਣ ਦੀ ਹਦਾਇਤ ਦਿੱਤੀ ਸੀ ਤਾਂ ਕਿ ਸਪਲਾਈ ਚੇਨ ਬਰਕਰਾਰ ਰਹੇ।