ਐਸ ਏ ਐਸ ਨਗਰ, 02 ਅਪ੍ਰੈਲ 2020: ਵਿੱਦਿਅਕ ਵਰ੍ਹੇ 2020-21 ਲਈ ਵਿਦਿਆਰਥੀਆਂ ਤੋਂ ਫੀਸਾਂ ਅਤੇ ਫੰਡ ਇਕੱਤਰ ਕਰਨ ਖ਼ਿਲਾਫ਼ ਮਾਪਿਆਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੇ ਸਮੂਹ ਪ੍ਰਾਇਵੇਟ ਵਿਦਿਅਕ ਅਦਾਰਿਆਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਕੋਵਿਡ -19 ਸੰਕਟ ਦੇ ਮੱਦੇਨਜ਼ਰ, ਉਸੇ ਸਕੂਲ ਵਿਚ ਪੜ੍ਹਾਈ ਜਾਰੀ ਰੱਖਣ ਵਾਲੇ ਵਿਦਿਆਰਥੀਆਂ ਲਈ ਸਾਲ 2020-21 ਦੀ ਦਾਖਲਾ ਪ੍ਰਕਿਰਿਆ ਅਤੇ ਫੀਸ ਦੀ ਵਸੂਲੀ ਨੂੰ ਅਗਲੇ ਨਿਰਦੇਸ਼ਾਂ ਤਕ ਮੁਲਤਵੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਇਹ ਆਇਆ ਹੈ ਕਿ ਜ਼ਿਲ੍ਹੇ ਦੇ ਕੁਝ ਪ੍ਰਾਈਵੇਟ ਸਕੂਲਾਂ ਨੇ ਅਪ੍ਰੈਲ, 2020 ਦੇ ਪਹਿਲੇ ਹਫ਼ਤੇ ਸਕੂਲ ਫੀਸ ਜਮ੍ਹਾ ਕਰਨ ਦੀ ਆਖਰੀ ਤਰੀਕ ਨਿਰਧਾਰਤ ਕੀਤੀ ਹੈ। ਕੁਝ ਦੂਸਰੇ ਸਕੂਲ ਅਪ੍ਰੈਲ ਅਤੇ ਮਈ ਵਿੱਚ ਫੀਸਾਂ ਦੇ ਭੁਗਤਾਨ 'ਤੇ ਜ਼ੋਰ ਦੇ ਰਹੇ ਹਨ ਅਤੇ ਮਾਪਿਆਂ ਨੂੰ ਐਸਐਮਐਸ ਜ਼ਰੀਏ ਯਾਦ ਕਰਵਾ ਕੇ ਦੇਰੀ ਨਾਲ ਭੁਗਤਾਨ ਕਰਨ 'ਤੇ ਜੁਰਮਾਨੇ ਦੀ ਚੇਤਾਵਨੀ ਦੇ ਰਹੇ ਹਨ।
ਉਹਨਾਂ ਕਿਹਾ ਕਿ ਇਸ ਸੰਕਟ ਦੀ ਇਸ ਘੜੀ ਵਿੱਚ ਸਕੂਲ ਪ੍ਰਬੰਧਨ ਨੂੰ ਉਨ੍ਹਾਂ ਮੁਸ਼ਕਲਾਂ ਦਾ ਚੇਤਾ ਰੱਖਣਾ ਚਾਹੀਦਾ ਹੈ ਜਿਨ੍ਹਾਂ ਦਾ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੌਜੂਦਾ ਅਕਾਦਮਿਕ ਸਾਲ (2019-20) ਜਾਂ ਅਗਲੇ ਅਕਾਦਮਿਕ ਸਾਲ (2020-2021) ਲਈ ਲਾਕਡਾਊਨ ਅਵਧੀ ਦੌਰਾਨ ਫੀਸ ਦਾ ਭੁਗਤਾਨ ਕਰਨ ਲਈ ਨਹੀਂ ਕਹਿਣਾ ਚਾਹੀਦਾ। ਮਹਾਂਮਾਰੀ ਦੀ ਸਥਿਤੀ ਕਾਰਨ, ਬੱਚਿਆਂ ਦੇ ਮਾਪਿਆਂ ਲਈ ਪ੍ਰਾਈਵੇਟ ਸਕੂਲਾਂ ਦੁਆਰਾ ਨਿਰਧਾਰਤ ਸ਼ਡਿਊਲ ਅਨੁਸਾਰ ਸਕੂਲ ਫੀਸ ਜਮ੍ਹਾਂ ਕਰਨਾ ਸੰਭਵ ਨਹੀਂ ਹੈ।
ਇਸ ਸਬੰਧੀ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਵੇਟ ਵਿਦਿਅਕ ਅਦਾਰਿਆਂ ਦੁਆਰਾ ਫੀਸਾਂ ਰੀ-ਸ਼ਡਿਊਲ ਕਰਨ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਗਏ ਹਨ।
ਉਪਰੋਕਤ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ, ਸਾਰੀਆਂ ਮਾਨਤਾ ਪ੍ਰਾਪਤ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਨੂੰ ਦਾਖਲਾ ਫੀਸ ਦੀ ਅਦਾਇਗੀ ਲਈ ਤਰੀਕ ਦਾ ਸਮਾਂ ਤਹਿ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ; ਅਤੇ ਹਾਲਾਤ ਸਧਾਰਨ ਹੋਣ ਤੋਂ ਬਾਅਦ ਭੁਗਤਾਨ ਲਈ ਘੱਟੋ ਘੱਟ ਇਕ ਮਹੀਨੇ ਬਾਅਦ ਦਿੱਤਾ ਜਾਵੇ ਅਤੇ ਕੋਈ ਜ਼ੁਰਮਾਨਾ ਵਸੂਲਿਆ ਨਹੀਂ ਜਾਵੇਗਾ।
ਜੇਕਰ ਇਸ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਮਾਪੇ ਨੇ ਪਹਿਲਾਂ ਹੀ ਫੀਸ ਜਮ੍ਹਾਂ ਕਰ ਦਿੱਤੀ ਹੈ, ਸਕੂਲ ਦੁਆਰਾ ਕੋਈ ਰਿਫੰਡ ਨਹੀਂ ਦਿੱਤਾ ਜਾਵੇਗਾ।