'ਵਰਸਿਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲੋੜਵੰਦਾਂ ਦੀ ਮਦਦ ਲਈ ਇੱਕ ਦਿਨ ਦੀ ਤਨਖਾਹ ਦਾਨ ਵਜੋਂ ਦਿੱਤੀ
'ਸੀਯੂ ਏਡ' ਜ਼ਰੀਏ ਲੋਕ ਭਲਾਈ ਕੰਮਾਂ ਸਬੰਧੀ ਗਤੀਵਿਧੀਆਂ ਨੂੰ ਕੀਤਾ ਜਾਵੇਗਾ ਤੇਜ਼: ਸ. ਸਤਨਾਮ ਸਿੰਘ ਸੰਧੂ
ਕੋਰੋਨਾਵਾਇਰਸ: ਲੋੜਵੰਦਾਂ ਨੂੰ ਭੋਜਨ ਪਰੋਸਦੇ ਸਮੇਂ ਸਮਾਜਿਕ ਦੂਰੀ ਬਰਕਰਾਰ ਰੱਖਣ ਲਈ ਚੰਡੀਗੜ੍ਹ ਯੂਨੀਵਰਸਿਟੀ ਨੇ ਬਣਾਈ ਸਪੈਸ਼ਲ ਟਰਾਲੀ
ਕੋਰੋਨਾਵਾਇਰਸ (ਕੋਵਿਡ-19) ਦਾ ਪ੍ਰਕੋਪ ਅੱਜ ਸਮੁੱਚੇ ਵਿਸ਼ਵ ਲਈ ਵੱਡੀ ਚਣੌਤੀ ਬਣ ਗਿਆ ਹੈ, ਜਿਸ ਦੇ ਚਲਦੇ ਜਿਥੇ ਦੇਸ਼ ਦੀਆਂ ਸਰਕਾਰਾਂ ਲੋੜਵੰਦ ਲੋਕਾਂ ਲਈ ਅੱਗੇ ਆ ਰਹੀਆਂ ਹਨ ਉਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਤਹਿਤ 'ਸੀਯੂ ਏਡ' ਮੁਹਿੰਮ ਦਾ ਆਗ਼ਾਜ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੁਹਿੰਮ ਦੇ ਅੰਤਰਗਤ 'ਵਰਸਿਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਇੱਕ ਦਿਨ ਦੀ ਤਨਖਾਹ ਦਾਨ ਕਰਕੇ ਲੋੜਵੰਦਾਂ ਦੀ ਮਦਦ ਲਈ ਵਿਸੇਸ਼ ਫੰਡ ਇਕੱਤਰ ਕੀਤਾ ਹੈ। ਜਿਸ ਦੀ ਸਹਾਇਤਾ ਨਾਲ 'ਵਰਸਿਟੀ ਦੇ ਵਲੰਟੀਅਰਾਂ ਵੱਲੋਂ ਬਿਰਧ ਆਸ਼ਰਮਾਂ ਅਤੇ ਗੁਆਢੀਂ ਪਿੰਡਾਂ 'ਚ ਲੋੜਵੰਦਾਂ ਨੂੰ ਭੋਜਨ ਅਤੇ ਹੋਰ ਸੇਵਾਵਾਂ ਮੁਹੱਈਆਂ ਕਰਵਾਉਣ ਸਬੰਧੀ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਦਕਿ 'ਵਰਸਿਟੀ ਵੱਲੋਂ ਲੋਕਾਂ ਨੂੰ ਕੋਰੋਨਾ ਦੇ ਮਾਰੂ ਪ੍ਰਭਾਵਾਂ ਦੇ ਬਚਾਅ ਸਬੰਧੀ ਜਾਗਰੂਕਤਾ ਮੁਹਿੰਮਾਂ ਦੌਰਾਨ ਹੈਂਡ ਸੈਨੇਟਾਈਜ਼ਰਾਂ ਅਤੇ ਮਾਸਕਾਂ ਦੀ ਵੰਡ ਨਿਰੰਤਰ ਜਾਰੀ ਹੈ।
ਵਿਸ਼ਵ ਭਰ ਲਈ ਸਮੱਸਿਆ ਬਣੇ ਕੋਰੋਨਾ ਵਾਇਰਸ ਦਾ ਇਲਾਜ ਬੇਸ਼ੱਕ ਹਾਲੇ ਸੰਭਵ ਨਹੀਂ ਹੋ ਸਕਿਆ, ਪਰ ਸਮਾਜਿਕ ਦੂਰੀ (ਸੋਸ਼ਲ ਡਿਸਟੈਂਸਿੰਗ) ਬਰਕਰਾਰ ਰੱਖ ਕੇ ਇਸ ਮਹਾਂਮਾਰੀ ਦੇ ਫੈਲਾਅ ਨੂੰ ਬਹੁਤ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।ਜਿਸ ਨੂੰ ਧਿਆਨ 'ਚ ਰੱਖਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਤਕਨੀਕੀ ਅਤੇ ਦੇਖਭਾਲ ਸੁਪਰਵਾਈਜ਼ਰ ਰਾਕੇਸ਼ ਕੁਮਾਰ ਨੇਗੀ ਨੇ ਲੋੜਵੰਦਾਂ ਨੂੰ ਖਾਣਾ ਪਰੋਸਣ ਸਮੇਂ ਸਮਾਜਿਕ ਦੂਰੀ ਕਾਇਮ ਰੱਖਣ ਲਈ ਸਪੈਸ਼ਲ ਟਰਾਲੀ ਦਾ ਨਿਰਮਾਣ ਕੀਤਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰਾਕੇਸ਼ ਨੇਗੀ ਨੇ ਦੱਸਿਆ ਕਿ ਇਹ ਵਿਸ਼ੇਸ਼ ਟਰਾਲੀ ਕੋਰੋਨਾ ਵਾਇਰਸ ਦੇ ਚਲਦੇ ਸੰਸਥਾਵਾਂ ਵੱਲੋਂ ਲੋੜਵੰਦਾਂ ਨੂੰ ਪਰੋਸੇ ਜਾਣ ਵਾਲੇ ਭੋਜਨ ਦੌਰਾਨ ਜਿਥੇ ਲੋੜੀਂਦੀ ਸੋਸ਼ਲ ਡਿਸਟੈÎਸਿੰਗ ਬਰਕਰਾਰ ਰੱਖੇਗੀ ਉਥੇ ਹੀ ਸਾਫ਼-ਸਫ਼ਾਈ ਦੇ ਮੱਦੇਨਜ਼ਰ ਵੀ ਲੋਕਾਂ ਨੂੰ ਮਿਆਰਾ ਭੋਜਨ ਮੁਹੱਈਆ ਕਰਵਾਉਣ 'ਚ ਸਾਰਥਿਕ ਸਿੱਧ ਹੋਵੇਗੀ। ਨੇਗੀ ਨੇ ਦੱਸਿਆ ਕਿ ਇਸ ਟਰਾਲੀ ਦਾ ਨਿਰਮਾਣ ਕਰਨ ਸਬੰਧੀ ਵਿਚਾਰ ਉਨ੍ਹਾਂ ਦੇ ਜਹਿਨ 'ਚ ਉਦੋਂ ਆਇਆ ਜਦੋਂ ਉਨ੍ਹਾਂ ਨੇ ਟੀਵੀ 'ਤੇ ਇੱਕ ਸੰਸਥਾ ਵੱਲੋਂ ਲੋੜਵੰਦਾਂ ਨੂੰ ਖਾਣਾ ਪਰੋਸਦੇ ਸਮੇਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਦੀ ਉਲੰਘਣਾ ਕਰਦਿਆਂ ਵੇਖਿਆ। ਉਨ੍ਹਾਂ ਕਿਹਾ ਸੂਬਾ ਸਰਕਾਰ ਵੱਲੋਂ ਵੀ ਬੀਤੇ ਦਿਨੀ ਸੰਸਥਾਵਾਂ ਨੂੰ ਲੋੜਵੰਦਾਂ ਨੂੰ ਖਾਣਾ ਪਰੋਸਦੇ ਸਮੇਂ ਲੋੜੀਂਦੀ ਸਮਾਜਿਕ ਦੂਰੀ ਕਾਇਮ ਰੱਖਣ ਦੀ ਅਪੀਲ ਵੀ ਕੀਤੀ ਗਈ ਸੀ।
ਨੇਗੀ ਨੇ ਦੱਸਿਆ ਕਿ ਇਸ ਟਰਾਲੀ ਦੇ ਨਿਰਮਾਣ ਵਿੱਚ ਉਨ੍ਹਾਂ ਨੂੰ ਕੇਵਲ ਦੋ ਦਿਨ ਦਾ ਸਮਾਂ ਲੱਗਿਆ, ਜਿਸ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਨਿਰਮਾਣ ਵੇਸਟ ਮਟੀਰੀਅਲ ਰਾਹੀਂ ਹੀ ਕੀਤਾ ਹੈ, ਜਿਸ ਦੇ ਚਲਦੇ ਇਸ ਨੂੰ ਬਣਾਉਣ 'ਤੇ ਖ਼ਰਚਾ ਬਹੁਤਾ ਜ਼ਿਆਦਾ ਨਹੀਂ ਆਇਆ।ਉਨ੍ਹਾਂ ਦੱਸਿਆ ਕਿ ਇਸ ਟਰਾਲੀ 'ਚ ਇੱਕ ਸਮੇਂ 25 ਤੋਂ 30 ਕਿਲੋ ਖਾਣਾ ਲੋਕਾਂ ਨੂੰ ਪਰੋਸਿਆ ਜਾ ਸਕਦਾ ਹੈ।ਨੇਗੀ ਨੇ ਦੱਸਿਆ ਕਿ ਕੋਰੋਨਾਵਾਇਰਸ ਕਾਰਨ ਐਲਾਨੇ ਲਾਕਡਾਊਨ ਦੇ ਚਲਦੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇਸ ਟਰਾਲੀ ਦੀ ਮੱਦਦ ਨਾਲ ਗੁਆਢੀਂ ਪਿੰਡਾਂ 'ਚ ਰੋਜ਼ਾਨਾ 2000 ਦੇ ਕਰੀਬ ਲੋੜਵੰਦਾਂ ਨੂੰ ਸਵੇਰੇ ਸ਼ਾਮ ਦਾ ਖਾਣਾ ਪਰੋਸਿਆ ਜਾ ਰਿਹਾ ਹੈ, ਜੋ 'ਵਰਸਿਟੀ ਦੇ ਮੈਸ (ਰਸੋਈ) 'ਚ ਰੋਜ਼ਾਨਾ ਤਿਆਰ ਕੀਤਾ ਜਾਂਦਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇੱਕ ਸੰਸਥਾ ਦੇ ਰੂਪ 'ਚ ਲੋਕ ਭਲਾਈ ਕੰਮਾਂ ਲਈ ਅੱਗੇ ਆਉਣਾ ਸਾਡਾ ਸਮਾਜਿਕ ਫਰਜ਼ ਹੈ, ਜਿਸ ਦੇ ਅੰਤਰਗਤ 'ਵਰਸਿਟੀ ਦੇ ਸਮੁੱਚੇ ਸਟਾਫ਼ ਦੇ ਸਹਿਯੋਗ ਜਰੀਏ 'ਸੀਯੂ ਏਡ' ਤਹਿਤ ਵਿਸ਼ੇਸ਼ ਫੰਡ ਇਕੱਤਰ ਹੋਇਆ ਹੈ। ਇਸ ਨਾਲ ਹੀ ਸ. ਸੰਧੂ ਨੇ ਰਾਕੇਸ਼ ਕੁਮਾਰ ਨੇਗੀ ਦੇ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਪ੍ਰਕੋਪ ਦੇ ਫੈਲਾਅ ਨੂੰ ਰੋਕਣ ਲਈ ਸਮਾਜਿਕ ਦੂਰੀ (ਸੋਸ਼ਲ ਡਿਸਟੈਂਸਿੰਗ) ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਦੇਸ਼ ਦੇ ਇੰਜੀਨੀਅਰਾਂ ਨੂੰ ਸਥਿਤੀ ਨੂੰ ਵੇਖਦਿਆਂ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਨਿੱਕੀਆਂ ਤੋਂ ਲੈ ਕੇ ਵੱਡੀਆਂ ਖੋਜਾਂ ਕਰਕੇ ਦੇਸ਼ ਦੀ ਬਿਹਤਰੀ 'ਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਆ। ਸ. ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਲਾੱਕਡਾਊਨ ਦੇ ਚਲਦਿਆਂ ਲੋੜਵੰਦਾਂ ਤੱਕ ਖਾਣਾ ਪਹੁੰਚਾਉਣ ਦੀ ਮੁਹਿੰਮ ਨਿਰੰਤਰ ਜਾਰੀ ਰਹੇਗੀ।