ਅਸ਼ੋਕ ਵਰਮਾ
ਬਠਿੰਡਾ, 31 ਮਾਰਚ 2020 - ਬਠਿੰਡਾ ਪੁਲਿਸ ਨੇ ਸਾਬਕਾ ਅਕਾਲੀ ਕੌਂਸਲਰ ਗੁਰਮੀਤ ਕੌਰ ਖਿਲਾਫ ਦਫਾ 144 ਦੀ ਉਲੰਘਣਾ ਕਰਨ ਅਤੇ ਕਰਫਿਊ ਲੱਗਿਆ ਹੋਣ ਕਾਰਨ ਗਲੀ ’ਚ ਘੁੰਮਣ ਦੇ ਦੋਸ਼ਾਂ ਤਹਿਤ ਥਾਣਾ ਕੈਨਾਲ ਕਲੋਨੀ ’ਚ ਧਾਰਾ 188 ਤਹਿਤ ਮੁਕੱਦਮਾ ਦਰਜ ਕੀਤਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ’ਚ ਮਹਿਲਾ ਆਗੂ ਵਿੱਤ ਮੰਤਰੀ ਦੇ ਰਿਸ਼ਤੇਦਾਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦੀ ਜਨਤਕ ਥਾਂ ਤੇ ਅਲੋਚਨਾ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ’ਚ ਗੁਰਮੀਤ ਕੌਰ ਨੇ ਕਿਹਾ ਹੈਕਿ ਉਨਾਂ ਦੇ ਵਾਰਡ ਵਿੱਚ ਜੈਜੀਤ ਸਿੰਘ ਜੌਹਲ ਆਏ ਸੀ ਤਾਂ ਉਨਾਂ ਨੇ ਆਪਣੇ ਵਾਰਡ ਦੇ ਲੋਕਾਂ ਲਈ ਰਾਸ਼ਨ ਦੀ ਮੰਗ ਕੀਤੀ ਸੀ ਪਰ ਉਨਾਂ ਨੇ ਇਹ ਕਹਿਕੇ ਜਵਾਬ ਦੇ ਦਿੱਤਾ ਕਿ ਉਸ ਨੇ ਚੋਣਾਂ ’ਚ ਉਨਾਂ ਦੇ ਖਿਲਾਫ ਕਾਫੀ ਕੁੱਝ ਬੋਲਿਆ ਸੀ। ਗੁਰਮੀਤ ਕੌਰ ਨੇ ਕਾਂਗਰਸੀ ਆਗੂਆਂ ਤੇ ਰਾਸ਼ਨ ਵੰਡਣ ’ਚ ਕੋਈ ਸਹਾਇਤਾ ਨਾ ਕਰਨ ਦੇ ਦੋਸ਼ ਵੀ ਲਾਏ ਹਨ। ਮਾਮਲੇ ਸਬੰਧੀ ਪੱਖ ਜਾਨਣ ਲਈ ਐਸਐਚ ਓ ਕੈਨਾਲ ਕਲੋਨੀ ਸੁਨੀਲ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨਾਂ ਦੋ ਮੋਬਾਇਲ ਲਗਾਤਾਰ ਬੰਦ ਆ ਰਿਹਾ ਸੀ। ਪੁਲਿਸ ਸੂਤਰਾਂ ਮੁਤਾਬਕ ਗੁਰਮੀਤ ਕੌਰ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ।
ਦੂਜੇ ਪਾਸੇ ਪ੍ਰਸਾਸ਼ਨ ਵਲੋਂ ਰਾਜਨੀਤਿਕ ਦਬਾਅ ਦੇ ਚੱਲਦੇ ਸਮਾਜਸੇਵੀ ਸੰਸਥਾਵਾਂ ਅਤੇ ਸੇਵਾ ਕਰ ਰਹੇ ਲੋਕਾਂ ਤੇ ਮੁਕੱਦਮੇ ਦਰਜ ਕਰਨ ਨੂੰ ਬੇਹਦ ਸ਼ਰਮਨਾਕ ਕਰਾਰ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਰਾਂ ਨੇ ਅਜਿਹੇ ਲੋਕਾਂ ਦਾ ਹੌਂਸਲਾ ਤੋੜਨ ਦੇ ਦੋਸ਼ ਲਾਏ ਹਨ। ਇਸ ਮੌਕੇ ਸਾਬਕਾ ਅਕਾਲੀ ਕੌਂਸਲਰ ਗੁਰਮੀਤ ਕੌਰ ਵੀ ਹਾਜਰ ਸਨ। ਸਰਾਂ ਨੇ ਕਿਹਾ ਇਸ ਵਾਇਰਸ ਦੇ ਮਾਹੌਲ ਤੋਂ ਬਚਨ ਲਈ ਸਭ ਨੂੰ ਇੱਕ ਜੁਟ ਹੋਕੇ ਲੜਨਾ ਪਵੇਗਾ ਪਰ ਪ੍ਰਸਾਸ਼ਨ ਦੇ ਪੱਖਪਾਤੀ ਰਵਈਏ ਕਾਰਨ ਨਾਂ ਤਾਂ ਸੰਸਥਾਵਾਂ ਦੇ ਪਾਸ ਬਣਾਏ ਜਾ ਰਹੇ ਹਨ ਅਤੇ ਕੋਈ ਮਾਲੀ ਮਦਦ ਵੀ ਨਹੀਂ ਕੀਤੀ ਜਾ ਰਹੀ ਹੈ।
ਉਨਾਂ ਆਖਿਆ ਕਿ ਸੱਤਾ ਪੱਖ ਦੇ ਦਬਾਅ ਹੇਠ ਮੁਕੱਦਮਿਆਂ ਦੇ ਡਰ ਤੋਂ ਕੋਈ ਵੀ ਸੰਸਥਾ ਖੁੱਲ ਕੇ ਨਹੀਂ ਬੋਲ ਰਹੀ ਹੈ ਪਰ ਹਾਲਾਤ ਗੰਭੀਰ ਹਨ।ਉਨਾਂ ਕਿਹਾ ਕਿ ਸਵਾਲ ਇਹ ਹੈ ਕਿ ਖੀਰ ਕਿਉਂ ਪ੍ਰਸਾਸ਼ਨ ਸੇਵਾਵਾਂ ਰੋਕ ਕੇ ਭੁੱਖਮਰੀ ਵਧਾਉਣ ਵੱਲ ਲਗਾ ਹੈ। ਉਨਾਂ ਚੇਤਾਵਨੀ ਦਿੱਤੀ ਾ ਕਿ ਜੇਕਰ ਪ੍ਰਸਾਸ਼ਨ ਨੇ ਮਸਲੇ ਦਾ ਹੱਲ ਨਾਂ ਕੀਤਾ ਤਾਂ ਮਜਬੂਰਨ ਸੰਸਥਾਵਾਂ ਨੂੰ ਲੰਗਰ ਬੰਦ ਕਰਨੇ ਪੈਣਗੇ, ਅਤੇ ਪੈਦਾ ਹੋਣ ਵਾਲੇ ਹਾਲਤਾਂ ਦਾ ਜਿੰਮੇਵਾਰ ਸਿੱਧੇ ਤੌਰ ਤੇ ਪ੍ਰਸਾਸ਼ਨ ਹੋਵੇਗਾ।