ਚੰਡੀਗੜ, 31 ਮਾਰਚ 2020: ਪੰਜਾਬ ਸਰਕਾਰ ਨੇ ਕੋਵਿਡ -19 ਦੇ ਚੱਲ ਰਹੇ ਸੰਕਟ ਵਿਰੁੱਧ ਯਤਨ ਹੋਰ ਤੇਜ਼ ਕਰਦਿਆਂ ਰਾਜ ਦੇ ਸਾਰੇ ਲਾਭਪਾਤਰੀਆਂ ਜਿਵੇਂ 6 ਮਹੀਨੇ ਤੋਂ 6 ਸਾਲ ਤੱਕ ਦੀ ਉਮਰ ਦੇ ਬੱਚੇ, ਗਰਭਵਤੀ ਔਰਤਾਂ ਅਤੇ ਮਾਵਾਂ ਨੂੰ ਪੌਸ਼ਟਿਕ ਆਹਾਰਸਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਹ ਸਪਲਾਈ ਆਂਗਨਵਾੜੀ ਵਰਕਰਾਂ ਰਾਹੀਂ ਲਾਭਪਾਤਰੀਆਂ ਦੇ ਘਰ ਘਰ ਜਾ ਕੇ ਕੀਤੀ ਜਾਵੇਗੀ।
ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਲੋਕਾਂ ਦੀਆਂ ਤਕਲੀਫ਼ਾਂ ਨੂੰ ਦੂਰ ਕਰਨ ਦੇ ਮਨੋਰਥ ਨਾਲ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰਾਂ ਦੀ ਨਿਗਰਾਨੀ ਵਿੱਚ ਇਹ ਸਾਰੀ ਵੰਡ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਵਿਭਾਗ ਲੋੜਵੰਦ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ ਜ਼ਿਲਿ•ਆਂ ਦੇ ਪ੍ਰਸ਼ਾਸਨ ਨਾਲ ਮਿਲ ਕੇ ਤਨਦੇਹੀ ਨਾਲ ਕੰਮ ਕਰ ਰਿਹਾ ਹੈ।
ਸ੍ਰੀਮਤੀ ਚੌਧਰੀ ਨੇ ਅੱਗੇ ਦੱਸਿਆ ਕਿ 24.69 ਲੱਖ ਲਾਭਪਾਤਰੀ ਬਜ਼ੁਰਗਾਂ, ਦਿਵਿਆਂਗ ਵਿਅਕਤੀਆਂ, ਵਿਧਵਾਵਾਂ, ਬੇਸਹਾਰਾ-ਔਰਤਾਂ ਅਤੇ ਆਸ਼ਰਿਤ ਬੱਚਿਆਂ ਦੇ ਬੱਚਤ ਖਾਤਿਆਂ ਵਿੱਚ ਪੈਨਸ਼ਨਾਂ ਪਾਉਣ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ।ਉਨ•ਾਂ ਕਿਹਾ ਕਿ ਮਾਰਚ 2020, ਮਹੀਨੇ ਲਈ ਪੈਨਸ਼ਨਾਂ ਦੀ ਵੰਡ, ਜਿਸ ਦੀ ਕੁੱਲ ਰਾਸ਼ੀ 185.23 ਕਰੋੜ ਰੁਪਏ ਬਣਦੀ ਹੈ, ਅਪਰੈਲ ਦੇ ਪਹਿਲੇ ਹਫਤੇ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ।
ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਹੋਰ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਜੁਵੇਨਾਈਲ ਜਸਟਿਸ ਮੌਨੀਟਰਿੰਗ ਕਮੇਟੀ ਨੇ ਉਨ•ਾਂ ਸਜ਼ਾਯਾਫ਼ਤਾ ਅਤੇ ਦੋਸ਼ੀ ਬੱਚਿਆਂ ਨੂੰ 21 ਦਿਨਾਂ ਤੱਕ ਛੁੱਟੀ (ਲੀਵ ਆਫ ਐਬਸੈਂਸ) ਦੇਣ ਦੀ ਹਦਾਇਤਾਂ ਜਾਰੀ ਕੀਤੀਆਂ ਹੈ, ਜਿਨ•ਾਂ ਨੇ ਸੰਗੀਨ ਅਪਰਾਧ ਨਹੀਂ ਕੀਤੇ ਹਨ। ਇਸ ਦੀ ਪਾਲਣਾ ਕਰਦਿਆਂ, ਪੰਜਾਬ ਦੇ ਸਬੰਧਤ ਜ਼ਿਲਿ•ਆਂ ਦੇ ਜੁਵੇਨਾਈਲ ਜਸਟਿਸ ਬੋਰਡ (ਜੇਜੇਬੀ), ਬਾਲ ਸੁਧਾਰ ਘਰ ਅਤੇ ਵਿਸ਼ੇਸ਼ ਘਰਾਂ ਵਿੱਚ ਰੱਖੇ ਗਏ ਉਨ•ਾਂ ਬੱਚਿਆਂ ਦੀ ਰਿਹਾਈ ਲਈ ਕੰਮ ਕਰ ਰਹੇ ਹਨ, ਜੋ ਇਸ ਸ਼ਰਤ ਮੁਤਾਬਕ ਯੋਗ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਮੁੰਡਿਆਂ ਲਈ ਲੁਧਿਆਣਾ, ਫਰੀਦਕੋਟ ਅਤੇ ਹੁਸ਼ਿਆਰਪੁਰ ਵਿਖੇ ਤਿੰਨ ਅਤੇ ਜਲੰਧਰ ਵਿੱਚ ਕੁੜੀਆਂ ਲਈ ਇਕ ਬਾਲ ਸੁਧਾਰ ਘਰ ਹੈ। ਹੁਸ਼ਿਆਰਪੁਰ ਵਿਖੇ ਮੁੰਡਿਆਂ ਲਈ ਇਕ ਵਿਸ਼ੇਸ਼ ਘਰ ਅਤੇ ਸੁਰੱਖਿਆ ਦੀ ਇਕ ਜਗ•ਾ ਮੌਜੂਦ ਹੈ। ਕੁੱਲ 300 ਦੀ ਸਮਰੱਥਾ ਵਾਲੀਆਂ ਇਨ•ਾਂ ਥਾਵਾਂ ਵਿੱਚ ਕੁੱਲ 174 ਬੱਚੇ ਮੌਜੂਦ ਹਨ।
ਕੈਬਨਿਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਗੇ ਦੱਸਿਆ ਕਿ ਸਾਰੇ ਬਾਲ ਘਰਾਂ ਤੇ ਬਿਰਧ ਆਸ਼ਰਮਾਂ ਦੇ ਵਸਨੀਕਾਂ ਨੂੰ ਵਾਇਰਸ ਫੈਲਣ ਨੂੰ ਰੋਕਣ ਦੇ ਉਪਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਹੈ। ਉਨ•ਾਂ ਨੂੰ ਖਾਣ ਪੀਣ ਅਤੇ ਦਵਾਈਆਂ ਸਬੰਧੀ ਸਾਰੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬ ਰਾਜ ਦੇ ਸਖੀ-ਵਨ ਸਟਾਪ ਸੈਂਟਰਾਂ (ਓਐਸਸੀ) ਵਿਖੇ ਲੋੜਵੰਦ ਔਰਤਾਂ ਨੂੰ ਵਨ ਸਟਾਪ ਸੈਂਟਰ ਸਕੀਮ ਅਧੀਨ ਅਸਥਾਈ ਪਨਾਹ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਬਿਨਾਂ ਕਿਸੇ ਰੁਕਾਵਟ ਦੇ ਇਨ•ਾਂ ਓ.ਐਸ.ਸੀ ਨੂੰ ਚਲਾਉਣ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਡਿਊਟੀ ਰੋਸਟਰ ਬਣਾਏ ਗਏ ਹਨ। ਓ.ਐਸ.ਸੀ ਦਾ ਸਾਰਾ ਸਟਾਫ ਫੋਨ ਅਤੇ ਸੰਚਾਰ ਦੇ ਹੋਰਨਾਂ ਇਲੈਕਟ੍ਰਾਨਿਕ ਸਾਧਨਾਂ ਉਤੇ 24 ਘੰਟੇ ਉਪਲਬਧ ਹੈ।