ਅਸ਼ੋਕ ਵਰਮਾ
- ਰੋਜ਼ਾਨਾ 100 ਦੇ ਕਰੀਬ ਮਾਸਕ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਵੰਡੇ ਜਾਂਦੇ ਨੇ ਮੁਫ਼ਤ
ਮਾਨਸਾ, 31 ਮਾਰਚ 2020 - ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਦੀ ਆਂਗਣਵਾੜੀ ਵਰਕਰ ਜਸਵੰਤ ਕੌਰ ਵੱਲੋਂ ਸੀ.ਡੀ.ਪੀ.ਓ. ਭੀਖੀ ਸ੍ਰੀ ਪਰਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਮਾਸਕ ਬਣਾ ਕੇ ਮੁਫ਼ਤ ਵੰਡਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਵਰਕਰਾਂ ਵੱਲੋਂ ਰੋਜਾਨਾ 100 ਦੇ ਕਰੀਬ ਮਾਸਕ ਤਿਆਰ ਕਰਕੇ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਮੁਫ਼ਤ ਵੰਡੇ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਬਿਮਾਰੀ ਦੇ ਲੱਛਣਾਂ ਅਤੇ ਬਚਾਓ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ।
ਸੀ.ਡੀ.ਪੀ.ਓ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਉਪਰਾਲੇ ਵਿਚ ਪਿੰਡ ਦੀਆਂ ਹੋਰਨਾਂ ਲੜਕੀਆਂ ਦਾ ਵੀ ਯੋਗਦਾਨ ਲਿਆ ਜਾ ਰਿਹਾ ਹੈ। ਇਹ ਮਾਸਕ ਪਿੰਡ ਵਿਚ ਕੋਰੋਨਾ ਦੀ ਬੀਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਇਸ ਬਿਮਾਰੀ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਚਾਉਣ ਲਈ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਆਂਗਣਵਾੜੀ ਵਰਕਰਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਲੋਕ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਘਰ ਵਿਚ ਹੀ ਰਹਿਣ ਤਾਂ ਜੋ ਇਸ ਬਿਮਾਰੀ ਦੀ ਲੜੀ ਨੂੰ ਤੋੜਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਇਕ ਪਿੰਡ ਤੋਂ ਲੈ ਕੇ ਨੇੜਲੇ ਹੋਰਨਾਂ ਪਿੰਡਾਂ ਵਿਚ ਵੀ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮਾਸਕ ਬੜੇ ਆਸਾਨ ਤਰੀਕੇ ਨਾਲ ਕੋਈ ਵੀ ਵਿਅਕਤੀ ਆਪਣੇ ਘਰ ਵਿਚ ਹੀ ਬਣਾ ਸਕਦਾ ਹੈ ਅਤੇ ਇਸ ਮਾਸਕ ਨੂੰ ਚੰਗੀ ਤਰਾਂ ਧੋ ਕੇ ਦੁਬਾਰਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕਾਂ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦਿਆਂ ਗਲੀ ਮੁਹੱਲੇ ਵਿਚ ਜਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਘਰ ਵਿਚ ਰਹਿ ਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ।