ਐਤਵਾਰ ਨੂੰ ਮੁਹਾਲੀ ਸ਼ਹਿਰ ਵਿੱਚ 95 ਹਜ਼ਾਰ ਲਿਟਰ ਦੁੱਧ, 6775 ਕਿਲੋ ਦਹੀਂ, 910 ਕਿਲੋ ਪਨੀਰ, 5925 ਲਿਟਰ ਲੱਸੀ ਦੀ ਹੋਈ ਸਪਲਾਈ
ਘਰ ਘਰ ਜਾ ਕੇ 100 ਟਨ ਸਬਜ਼ੀਆਂ ਕਰਵਾਈਆਂ ਮੁਹੱਈਆ
ਐਸ.ਏ.ਐਸ. ਨਗਰ, 29 ਮਾਰਚ 2020: ਕਰਿਆਨਾ ਘਰ ਘਰ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਵਿਸਤਾਰ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਇਸ ਕੰਮ ਲਈ ਮਾਰਕਫੈੱਡ ਦੀਆਂ ਵੈਨਾਂ ਨੂੰ ਲਾਇਆ। ਇਨ੍ਹਾਂ ਵੈਨਾਂ ਰਾਹੀਂ ਆਟਾ, ਰਿਫਾਇੰਡ ਤੇਲ ਦੇ ਪੈਕੇਟ, ਚੀਨੀ ਤੇ ਦਾਲਾਂ ਵਰਗੇ ਉਤਪਾਦ ਵੇਚੇ ਗਏ। ਅੱਜ ਪਹਿਲੇ ਦਿਨ ਹੀ ਇਹ ਸਹੂਲਤ ਸ਼ੁਰੂ ਹੁੰਦੇ ਹੀ ਮੁਹਾਲੀ ਵਾਸੀਆਂ ਨੇ ਦੁਪਹਿਰ ਤੱਕ ਤਕਰੀਬਨ 11 ਹਜ਼ਾਰ ਰੁਪਏ ਦਾ ਸਾਮਾਨ ਇਨ੍ਹਾਂ ਵੈਨਾਂ ਤੋਂ ਖ਼ਰੀਦ ਲਿਆ ਸੀ।
ਲੋਕਾਂ ਨੂੰ ਦੁੱਧ ਦੀ ਲਗਾਤਾਰ ਸਪਲਾਈ ਬਰਕਰਾਰ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੇਰਕਾ ਨਾਲ ਤਾਲਮੇਲ ਕੀਤਾ ਹੈ ਅਤੇ ਐਤਵਾਰ ਨੂੰ ਮੁਹਾਲੀ ਸ਼ਹਿਰ ਵਿੱਚ ਰਹਿ ਰਹੇ ਲੋਕਾਂ ਨੂੰ 72550 ਲਿਟਰ ਦੁੱਧ ਸਪਲਾਈ ਕੀਤਾ ਗਿਆ। ਇਸ ਤੋਂ ਇਲਾਵਾ ਅਮੁਲ ਅਤੇ ਹੋਰ ਪ੍ਰਾਈਵੇਟ ਪਲਾਂਟਾਂ ਨੇ ਮੁਹਾਲੀ ਵਿੱਚ ਐਤਵਾਰ ਨੂੰ 22476 ਲਿਟਰ ਦੁੱਧ ਵੇਚਿਆ। ਜ਼ਿਕਰਯੋਗ ਹੈ ਕਿ ਕਰਫਿਊ ਲਾਗੂ ਹੋਣ ਤੋਂ ਬਾਅਦ ਰੋਜ਼ਾਨਾ ਸ਼ਹਿਰ ਵਿੱਚ 70 ਹਜ਼ਾਰ ਲਿਟਰ ਦੁੱਧ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਖੁਲਾਸਾ ਕਰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਦੁੱਧ ਦੇ ਨਾਲ ਨਾਲ ਐਤਵਾਰ ਨੂੰ 910 ਕਿਲੋ ਪਨੀਰ, 6775 ਕਿਲੋ ਦਹੀਂ ਅਤੇ 5925 ਲਿਟਰ ਲੱਸੀ ਦੀ ਸਪਲਾਈ ਕੀਤੀ ਗਈ। ਇਸ ਤੋਂ ਇਲਾਵਾ 25.7 ਟਨ ਫਲ ਤੇ ਸਬਜ਼ੀਆਂ ਵੀ ਸ਼ਹਿਰ ਦੇ ਵੱਖ ਵੱਖ ਫ਼ੇਜ਼ਾਂ ਵਿੱਚ ਰਹਿੰਦੇ ਲੋਕਾਂ ਨੂੰ ਸਪਲਾਈ ਕੀਤੀਆਂ ਗਈਆਂ, ਜਦੋਂ ਕਿ ਕੁੱਲ 77.6 ਟਨ ਫਲ ਤੇ ਸਬਜ਼ੀਆਂ ਜ਼ਿਲ੍ਹੇ ਦੇ ਹੋਰ ਇਲਾਕਿਆਂ ਵਿੱਚ ਭੇਜੀਆਂ ਗਈਆਂ, ਜਿਨ੍ਹਾਂ ਵਿੱਚ ਖਰੜ ਵਿੱਚ 257 ਕੁਇੰਟਲ, ਕੁਰਾਲੀ ਵਿੱਚ 60 ਕੁਇੰਟਲ, ਬਨੂੜ ਵਿੱਚ 109 ਕੁਇੰਟਲ, ਡੇਰਾਬੱਸੀ ਵਿੱਚ 150 ਕੁਇੰਟਲ ਤੇ ਲਾਲੜੂ ਵਿੱਚ 200 ਕੁਇੰਟਲ ਫਲ ਤੇ ਸਬਜ਼ੀਆਂ ਸਪਲਾਈ ਕੀਤੀਆਂ ਗਈਆਂ।