ਅੱਜ 223505 ਫੂਡ ਪੈਕਟ ਵੰਡੇ ਗਏ, ਸਹੂਲਤਾਂ ਦੇਣ ਲਈ ਝੁੱਗੀਆਂ ਵਾਲੇ ਗਰੀਬ ਲੋਕਾਂ ਦੀ ਕੀਤੀ ਜਾ ਰਹੀ ਹੈ ਭਾਲ : ਡੀਜੀਪੀ
ਕੱਲ੍ਹ ਤੋਂ ਸਬਜ਼ੀ ਮੰਡੀਆਂ ਸ਼ੁਰੂ ਹੋਣ ਜਾ ਰਹੀ ਵਿਕਰੀ ਲਈ ਪੁਲਿਸ ਵਲੋਂ ਭੀੜ ਪ੍ਰਬੰਧਨ ਪ੍ਰਣਾਲੀ ਅਤੇ ਲੋੜੀਂਦੀਆਂ ਪਾਬੰਦੀਆਂ ਦੀ ਕੀਤੀ ਜਾ ਰਹੀ ਹੈ ਵਿਵਸਥਾ
ਕਰਫਿਊ ਸਬੰਧੀ ਵਿਸ਼ੇਸ਼ ਕਾਰਜਾਂ ਦੌਰਾਨ ਸੁਚੱਜਾ ਤਾਲਮੇਲ ਬਣਾਉਣ ਹਿੱਤ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਨਿਯੁਕਤੀਆਂ
ਚੰਡੀਗੜ੍ਹ,28 ਮਾਰਚ 2020: ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਕੋਵਿਡ -19 ਸੰਕਟ ਨਾਲ ਨਜਿੱਠਣ ਦੇ ਮੱਦੇਨਜ਼ਰ ਰਾਜ ਵਿੱਚ ਲਗਾਏ ਕਰਫਿਊ / ਲਾਕਡਾਨ ਕਾਰਨ ਪੈਦਾ ਹੋਈ ਐਮਰਜੈਂਸੀ ਸਥਿਤੀ ਨਾਲ ਸਿੱਝਣ ਲਈ 112 ਹੈਲਪਲਾਈਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਸਮੇਤ ਆਪਣੇ ਨਾਗਰਿਕ ਸਹਾਇਤਾ ਪ੍ਰਣਾਲੀਆਂ ਵਿਚ ਹੋਰ ਵਾਧਾ ਕੀਤਾ ਹੈ।
ਕਰਫਿਊ ਦੌਰਾਨ ਲੋਕਾਂ ਲਈ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਅਤੇ 112 ਹੈਲਪਲਾਈਨ `ਤੇ ਵੱਧ ਰਹੇ ਦਬਾਅ ਨਾਲ ਸਿੱਝਣ ਲਈ, ਪੰਜਾਬ ਪੁਲਿਸ ਨੇ ਅੱਜ 11 ਵਰਕ ਸਟੇਸ਼ਨਾਂ ਨੂੰ ਜੋੜ ਕੇ 112 ਕਾਲ ਸੈਂਟਰ ਦੀ ਸਮਰੱਥਾ ਵਧਾ ਕੇ 53 ਕਰ ਦਿੱਤੀ ਹੈ। ਡੀਜੀਪੀ ਦਿਨਕਰ ਗੁਪਤਾ ਅਨੁਸਾਰ ਤਿੰਨ ਸ਼ਿਫਟਾਂ ਵਿੱਚ ਕੰਮ ਕਰ ਰਹੇ ਕੁਲ 159 ਕਰਮਚਾਰੀ ਸਟੇਸ਼ਨਾਂ ਦਾ ਪ੍ਰਬੰਧਨ ਕਰ ਰਹੇ ਹਨ। ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਸਾਂਝ ਕੇਂਦਰਾਂ ਅਤੇ ਨਿੱਜੀ ਬੀਪੀਓ ਦੇ ਸੰਚਾਲਕਾਂ ਨੂੰ ਇਸ ਕਾਰਜ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ 112 ਵਰਕਰ ਫੋਰਸ ਵਿੱਚ ਸ਼ਾਮਲ ਹੋਣ ਦੀ ਸਿਖਲਾਈ ਦਿੱਤੀ ਗਈ।ਜਿ਼ਕਰਯੋਗ ਹੈ ਕਿ ਵੀਰਵਾਰ ਨੂੰ ਪਹਿਲਾਂ ਹੀ ਵਰਕ ਸਟੇਸ਼ਨਾਂ ਦੀ ਗਿਣਤੀ 32 ਤੋਂ 42 ਕੀਤੀ ਗਈ ਸੀ।
ਡੀਜੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ 112 ਦੀ ਸਮਰੱਥਾ ਵਧਾਉਣ ਲਈ ਪੂਰਨ ਰੂਪ ਚ ਤਿਆਰ / ਕਾਰਜਸ਼ੀਲ 100-ਅਪਰੇਟਰ ਸਟੇਸ਼ਨ ਦੀ ਨਿਯੁਕਤੀ ਲਈ ਇੱਕ ਪ੍ਰਾਈਵੇਟ ਬੀਪੀਓ ਫਰਮ ਨਾਲ ਵੀ ਗੱਲਬਾਤ ਕਰ ਰਹੀ ਹੈ, ਅਤੇ ਜਲਦੀ ਹੀ ਇਸ ਫਰਮ ਦੇ ਕਰਮਚਾਰੀ ਮੌਜੂਦਾ ਕਰਮਚਾਰੀਆਂ ਵਿੱਚ ਸ਼ਾਮਲ ਹੋ ਜਾਣਗੇ।
ਸ੍ਰੀ ਗੁਪਤਾ ਅਨੁਸਾਰ ਜਦੋਂ ਕਿ ਆਮ ਸਮੇਂ ਵਿੱਚ ਦੌਰਾਨ ਡਾਇਲ 112 ਤੇ ਆਈਆਂ ਕਾਲਾਂ ਦੀ ਗਿਣਤੀ 4000-5000 ਦੇ ਕਰੀਬ ਸੀ ਪਰ ਪਿਛਲੇ ਦਿਨਾਂ ਵਿੱਚ ਇਹ ਗਿਣਤੀ 17000 ਤੋਂ ਪਾਰ ਹੋ ਗਈ ਹੈ। ਇਨ੍ਹਾਂ ਵਿੱਚ ਲਗਭਗ 60% ਕਾਲਾਂ ਕੋਵਿਡ -19 ਸਬੰਧੀ ਮੁੱਦਿਆਂ ਨਾਲ ਸਬੰਧਤ ਹਨ, ਜਿਸ ਵਿੱਚ ਜ਼ਰੂਰੀ ਵਸਤਾਂ ਦੀ ਵਿਵਸਥਾ, ਐਮਰਜੈਂਸੀ ਡਾਕਟਰੀ ਸਥਿਤੀਆਂ ਅਤੇ ਕਰਫਿ ਨਾਲ ਜੁੜੇ ਮੁੱਦੇ, ਕਰਫਿਊ / ਲਾਕਡਾਉਨ, ਐਂਬੂਲੈਂਸ ਸੇਵਾ, ਸ਼ੱਕੀ ਵਿਅਕਤੀਆਂ ਆਦਿ ਸ਼ਾਮਲ ਹਨ।
ਕਿਸੇ ਵੀ ਸਿਹਤ ਸੰਬੰਧੀ ਪ੍ਰਸ਼ਨ, ਐਂਬੂਲੈਂਸ ਆਦਿ ਲਈ ਕਾਲ ਕਰਨ ਵਾਲਿਆਂ ਨੂੰ ਜਿ਼ਲ੍ਹਾ ਕੰਟਰੋਲ ਰੂਮ ਜਾਂ 104/108 ਨਾਲ ਸੰਪਰਕ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਜਦਕਿ ਲੋੜ ਅਨੁਸਾਰ ਦਵਾਈਆਂ, ਕਰਿਆਨਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਵਿਵਸਥਾ ਲਈ ਡਿਪਟੀ ਕਮਿਸ਼ਨਰ ,ਸਬੰਧਤ ਅਧਿਕਾਰੀ ਜਾਂ ਸਥਾਨਕ ਵਿਕਰੇਤਾਵਾਂ ਵਲੋਂ ਸਥਾਪਤ ਜਿ਼ਲ੍ਹਾ ਵਾਰ ਰੂਮ ਵਿਚ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਪ੍ਰਣਾਲੀ ਨੂੰ ਹੋਰ ਕਾਰਗਰ ਬਣਾਉਣ ਲਈ, ਪੰਜਾਬ ਪੁਲਿਸ ਦੇ ਕਮਿਊਨਿਟੀ ਪੁਲਿਸਿੰਗ ਵਿੰਗ ਨੇ ਸਮੂਹ ਜਿ਼ਲ੍ਹਾ ਕੰਟਰੋਲ ਰੂਮਾਂ ਵਿਖੇ ਸਾਂਝ ਹੈਲਪ ਡੈਸਕ ਸਥਾਪਤ ਕੀਤੇ ਹਨ। ਉਹ ਸਾਰੀਆਂ ਕਾਲਾਂ ਜਿਹੜੀਆਂ 112 ਹੈਲਪਲਾਈਨ ਤੋਂ ਜਿ਼ਲ੍ਹਿਆਂ ਵੱਲ ਫਾਰਵਰਡ ਕੀਤੀਆਂ ਜਾਂਦੀਆਂ ਹਨ,ਇਹਨਾਂ ਹੈਲਪਡੈਸਕ ਵਲੋਂ ਵੀ ਨਜਿੱਠੀਆਂ ਜਾਂਦੀਆਂ ਹਨ, ਅਤੇ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ, ਉਦੋਂ ਤਕ ਕਾਲ ਕਰਨ ਵਾਲੇ ਨਾਲ ਰਾਬਤਾ ਰੱਖਿਆ ਜਾਂਦਾ ਹੈ। ਸਥਾਨਕ ਪੀਸੀਆਰ ਅਤੇ ਐਸਐਚਓ ਨਾਲ ਸੰਪਰਕ ਵਿੱਚ ਰਹਿੰਦੇ ਹੋਏ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਨ ਕਿ ਲੋੜੀਂਦੀਆਂ ਚੀਜ਼ਾਂ ਅਤੇ ਦਵਾਈਆਂ ਲੋੜਵੰਦਾਂ ਤੱਕ ਸਮੇਂ ਸਿਰ ਪਹੁੰਚਾਈਆਂ ਜਾਣ। ਡੀਜੀਪੀ ਨੇ ਕਿਹਾ ਕਿ ਲੋੜ ਪੈਣ ਤੇ ਸਿਹਤ ਅਤੇ ਖੁਰਾਕ ਸਪਲਾਈ ਵਰਗੇ ਹੋਰ ਵਿਭਾਗਾਂ ਨਾਲ ਵੀ ਸੰਪਰਕ ਕੀਤਾ ਜਾਂਦਾ ਹੈ। ਡੀ.ਜੀ.ਪੀ. ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਸ਼ੁੱਕਰਵਾਰ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾ ਕੇ ਬਿਹਾਰ ਤੋਂ ਆਏ 55 ਪਰਿਵਾਰਾਂ ਦੇ ਪਰਵਾਸੀ ਮਜ਼ਦੂਰਾਂ ਦੀ ਮਦਦ ਕੀਤੀ ਗਈ, ਜੋ ਕਿ ਹੁਣ ਲੁਧਿਆਣਾ ਵਿੱਚ ਰਹਿ ਰਹੇ ਹਨ। ਰਾਜਾ ਸਾਂਸੀ (ਅੰਮ੍ਰਿਤਸਰ) ਵਿੱਚ ਸਥਾਨਕ ਗੁਰਦੁਆਰੇ ਦੇ ਸਹਿਯੋਗ ਨਾਲ ਐਸ.ਐਚ.ਓ. ਵੱਲੋਂ 30-35 ਪਰਿਵਾਰਾਂ ਨੂੰ ਰਾਸ਼ਨ ਦੀ ਸਹੂਲਤ ਦਿੱਤੀ ਗਈ, ਜਦੋਂਕਿ ਅੰਮ੍ਰਿਤਸਰ (ਦਿਹਾਤੀ) ਦੇ ਮੁਛੱਲ ਪਿੰਡ ਵਿੱਚ ਇੱਕ ਮਹਿਲਾ ਜਿਸਨੇ ਹਾਲ ਹੀ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ, ਨੂੰ ਹਸਪਤਾਲ ਲਿਜਾਇਆ ਗਿਆ। ਮੁਹਾਲੀ ਪੁਲਿਸ ਵੱਲੋਂ ਵੀ ਸ਼ੁੱਕਰਵਾਰ ਨੂੰ 500 ਪਰਿਵਾਰਾਂ ਨੂੰ ਸੁੱਕਾ ਰਾਸ਼ਨ ਅਤੇ ਤੁਰੰਤ ਖਾਣ ਲਈ ਇੱਕ ਪਕਾਇਆ ਜਾਣ ਵਾਲਾ ਖਾਣਾ ਮੁਹੱਈਆ ਕਰਵਾਇਆ ਗਿਆ।
ਪੰਜਾਬ ਪੁਲਿਸ ਨੇ ਆਪਣੇ ਰਾਹਤ ਕਾਰਜਾਂ ਵਿਚ ਵੀ ਤੇਜ਼ੀ ਲਿਆਂਦੀ ਹੈ ਅਤੇ ਅੱਜ ਸ਼ੁੱਕਰਵਾਰ ਤੋਂ 19 ਫ਼ੀਸਦ ਵਾਧੇ ਨਾਲ 223605 ਪੈਕੇਟ ਸਪਲਾਈ ਕੀਤੇ ਹਨ। ਪਿਛਲੇ ਤਿੰਨ ਦਿਨਾਂ ਵਿਚ 27 ਜ਼ਿਲ੍ਹਿਆਂ ਵਿਚ ਕੁੱਲ 542000 ਯੂਨਿਟ ਖਾਣਾ ਵੰਡਿਆ ਗਿਆ ਹੈ।
ਇਕ ਹੋਰ ਪਹਿਲ ਕਰਦਿਆਂ ਏਡੀਜੀਪੀ ਇੰਟੈਲੀਜੈਂਸ ਨੇ ਇਸ ਮੁਸ਼ਕਲ ਸਮੇਂ ਵਿੱਚ ਝੁੱਗੀ ਝੌਂਪੜੀ ਵਾਲਿਆਂ ਦੀ ਦੇਖਭਾਲ ਲਈ ਸੂਬੇ ਦੀਆਂ ਝੁੱਗੀਆਂ-ਝੌਪੜੀਆਂ ਦੀ ਇੱਕ ਵਿਸਥਾਰਤ ਸੂਚੀ ਤਿਆਰ ਕੀਤੀ ਹੈ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਬਾਅਦ ਪੰਜਾਬ ਪੁਲਿਸ ਨੇ ਮੰਡੀਆਂ ਵਿਚ ਪਹੁੰਚ ਰਹੀ ਭੀੜ ਨੂੰ ਸੰਭਾਲਣ ਲਈ ਵੀ ਕਈ ਉਪਾਅ ਕੀਤੇ ਹਨ ਤਾਂ ਜੋ ਬਾਗਬਾਨੀ ਉਤਪਾਦਾਂ ਦੀ ਕਟਾਈ ਅਤੇ ਮੰਡੀਕਰਨ ਨੂੰ ਨਿਯੰਤਰਿਤ ਢੰਗ ਨਾਲ ਕਰਨ ਦੀ ਆਗਿਆ ਦਿੱਤੀ ਜਾ ਸਕੇ। ਬੈਰੀਕੇਡ ਸਥਾਪਤ ਕਰਨ ਅਤੇ ਸਾਂਝੀਆਂ ਕੰਧਾਂ ਵਿਚਲੇ ਪਾੜੇ ਨੂੰ ਬੰਦ ਕਰਨ ਤੋਂ ਇਲਾਵਾ, ਟਮਾਟਰ, ਮਟਰ ਅਤੇ ਗੋਭੀ ਦੇ ਨਾਲ ਨਾਲ ਪਿਆਜ਼ ਅਤੇ ਆਲੂ ਵੱਖਰੀ ਜਗ੍ਹਾ 'ਤੇ ਵੇਚਣ ਲਈ ਵੱਖਰੇ ਖੇਤਰ ਨਿਰਧਾਰਤ ਕੀਤੇ ਗਏ ਹਨ।
ਮੰਡੀਆਂ ਨੂੰ ਸੈਕਟਰਾਂ ਵਿਚ ਵੰਡਿਆ ਗਿਆ ਹੈ ਤੇ ਹਰੇਕ ਸੈਕਟਰ ਲਈ ਇਕ ਵਿਅਕਤੀ ਨੂੰ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੁਲਿਸ ਦੁਆਰਾ ਨਿਰਧਾਰਤ ਕੀਤੀ ਪ੍ਰਣਾਲੀ ਅਨੁਸਾਰ, ਬਾਜ਼ਾਰ ਵਿਚ ਦਾਖਲ ਹੋਣ ਵਾਲੀਆਂ ਰੇਹੜੀਆਂ ਨੂੰ ਸਿਰਫ਼ ਇਕ ਘੰਟੇ ਦਾ ਸਮਾਂ ਮਿਲੇਗਾ ਜਦੋਂ ਕਿ ਵਿਕਰੀ ਲਈ ਮੰਡੀਆਂ ਐਤਵਾਰ ਅਤੇ ਸੋਮਵਾਰ ਨੂੰ ਸਵੇਰੇ 5 ਵਜੇ ਖੁੱਲ੍ਹਣਗੀਆਂ, ਮੰਗਲਵਾਰ ਤੋਂ ਮੰਡੀਆਂ ਸਵੇਰੇ 8:00 ਵਜੇ ਵਿਕਰੀ ਸ਼ੁਰੂ ਕਰਨਗੀਆਂ।
ਸ੍ਰੀ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ, ਉਨ੍ਹਾਂ ਨੇ ਸੂਬੇ ਵਿੱਚ ਕਰਫਿਊ ਨਾਲ ਜੁੜੇ ਵੱਖ-ਵੱਖ ਕੰਮਾਂ ਦੇ ਤਾਲਮੇਲ ਲਈ ਆਈਜੀ, ਡੀਆਈਜੀ ਅਤੇ ਏਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਸੂਬਾ ਪੱਧਰੀ ਪੁਲਿਸ ਤਾਲਮੇਲ ਲਈ ਅਤੇ ਏ.ਡੀ.ਜੀ.ਪੀ. ਨੂੰ ਸੂਬਾ ਪੱਧਰੀ ਪੁਲਿਸ ਸੁਪਰਵਾਈਜ਼ਰੀ ਅਧਿਕਾਰੀ ਵਜੋਂ ਨਿਯੁਕਤ ਕੀਤਾ ਹੈ। ਇਹ ਕੰਮ ਸ਼ਾਮਿਲ ਹਨ- (i) ਅੰਤਰਰਾਜੀ ਸਰਹੱਦਾਂ (ਸ਼ੰਭੂ ਬੈਰੀਅਰ) ‘ਤੇ ਸਾਜੋ ਸਮਾਨ ਦੀ ਆਵਾਜਾਈ ਨੂੰ ਸੂਚਾਰੂ ਰੂਪ ਵਿੱਚ ਚਣਾਉਣ ਦੇ ਪ੍ਰਬੰਧ (ii) ਰਾਜ ਦੇ ਅੰਦਰ ਵਸਤਾਂ ਦੀ ਢੋਆ-ਢੁਆਈ ਤੇ ਲੋੜਵੰਦੀਆਂ ਵਸਤਾਂ ਨੂੰ ਸ਼ਾਮ ਲੋਕਾਂ ਤੱਕ ਪਹੁੰਚਾਉਣਾ (iii) ਟੈਲੀਕਾਮ ਅਤੇ ਇੰਟਰਨੈਟ ਸੇਵਾਵਾਂ(iv) ਰਸੋਈ ਗੈਸ, ਡੀਜ਼ਲ-ਪੈਟਰੋਲ ਸਮੇਤ ਖਾਧ ਪਦਾਰਥਾਂ ਅਤੇ ਲੋੜੀਂਦੀਆਂ ਵਸਤਾਂ ਦੀ ਵੰਡ,(v) ਮੀਡੀਆ ਸਮੇਤ ਟੀ ਵੀ ਚੈਨਲਾਂ ਅਤੇ ਕੇਬਲ ਨੈਟਵਰਕ (vi) ਉਦਯੋਗ, ਬੈਂਕ, ਏ.ਟੀ.ਐੱਮ., ਬੀਮਾ, (vii) ਕਰਫਿਊ ਈ-ਪਾਸ (viii) ਸਿਹਤ ਅਤੇ ਮੈਡੀਕਲ ਸੇਵਾਵਾਂ (ix) ਕਾਨੂੰਨ ਅਤੇ ਵਿਵਸਥਾ (x) ਵਿਦਿਆਰਥੀ ਅਤੇ ਪ੍ਰਵਾਸੀਆਂ ਦੀ ਭਲਾਈ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਦੂਸਰੇ ਸੂਬਿਆਂ ਦੇ ਅਧਿਕਾਰੀਆਂ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਤਾਲਮੇਲ ਯਕੀਨੀ ਬਣਾਉਣਗੇ।