ਲੋਕੇਸ਼ ਰਿਸ਼ੀ
ਗੁਰਦਾਸਪੁਰ, 28 ਮਾਰਚ 2020 - ਕੋਰੋਨਾ ਵਾਇਸ ਇੱਕ ਗੰਭੀਰ ਮਸਲਾ ਹੈ ਅਤੇ ਇਸ ਨਾਲ ਨਜਿੱਠਣ ਲਈ ਆਮ ਲੋਕ ਘਰਾਂ ਅੰਦਰ ਰਹਿ ਕੇ ਸਰਕਾਰਾਂ ਦਾ ਸਹਿਯੋਗ ਕਰਨ। ਕਿਉਂਕਿ ਇਸ ਬਿਪਤਾ ਨੂੰ ਹਰਾਉਣ ਲਈ ਸਰਕਾਰ ਅਤੇ ਆਮ ਜਨਤਾ ਦਾ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਗੇ ਗਾਇਕ ਅਤੇ ਫ਼ਿਲਮੀ ਕਲਾਕਾਰ ਰਣਜੀਤ ਬਾਵਾ ਨੇ ਉਸ ਵੇਲੇ ਕੀਤਾ। ਜਦੋਂ ਉਹ ਆਪਣੇ ਜੱਦੀ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਆਮ ਲੋਕਾਂ ਨੂੰ ਲੋੜੀਂਦਾ ਸਮਾਨ ਵੰਡਣ ਪਹੁੰਚੇ। ਹਾਲਾਂ ਕਿ ਇਸ ਦੌਰਾਨ ਬਾਵਾ ਲਗਾਤਾਰ ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਇਕੱਠ ਨਾ ਕਰਨ ਦੀ ਅਪੀਲ ਕਰਦੇ ਰਹੇ ਅਤੇ ਹਰੇਕ ਵਿਅਕਤੀ ਨੂੰ ਕੀਟਾਣੂ ਮੁਕਤ ਕਰਨ ਉਪਰੰਤ ਹੀ ਇਹ ਸਮਾਨ ਦਿੱਤਾ ਗਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਰਣਜੀਤ ਬਾਵਾ ਨੇ ਕਿਹਾ ਕਿ ਕਰਫ਼ਿਊ ਕਾਰਨ ਬਹੁਤ ਸਾਰੇ ਗ਼ਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਸ਼ਕਿਲ ਪੇਸ਼ ਆ ਰਹੀ ਹੈ। ਪਰ ਫ਼ਿਲਹਾਲ ਕੋਰੋਨਾ ਨਾਲ ਨਜਿੱਠਣ ਸਬੰਧੀ ਇਸ ਤੋਂ ਬਿਨਾ ਕੋਈ ਹੋਰ ਰਸਤਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਪ੍ਰਸ਼ਾਸਨ ਅਤੇ ਆਮ ਲੋਕਾਂ ਦਾ ਆਪਸੀ ਸਹਿਯੋਗ ਹੀ ਦੇਸ਼ ਨੂੰ ਇਸ ਔਖੀ ਘੜੀ ਵਿੱਚੋਂ ਬਾਹਰ ਕੱਢ ਸਕਦਾ ਹੈ। ਇਸ ਲਈ ਆਮ ਲੋਕਾਂ ਨੂੰ ਘਰਾਂ ਅੰਦਰ ਰਹਿ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਬਾਵਾ ਨੇ ਕਿਹਾ ਕਿ ਇਸ ਮੁਸ਼ਕਲ ਦੀ ਘੜੀ ਦੌਰਾਨ ਬਹੁਤ ਸਾਰੇ ਗ਼ਰੀਬ ਲੋਕਾਂ ਨੂੰ ਰਾਸ਼ਨ ਅਤੇ ਹੋਰ ਲੋੜੀਂਦੀਆਂ ਵਸਤਾਂ ਸਬੰਧੀ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਇਹਨਾਂ ਲੋਕਾਂ ਦੀ ਮੁਸ਼ਕਲ ਹੱਲ ਕਰਨ ਲਈ ਸਾਰੇ ਆਰਥਿਕ ਰੂਪ ਵਿੱਚ ਸਮਰੱਥ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਆਪਣੇ ਕਲਾਕਾਰ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਅੱਗੇ ਆਉਣ ਅਤੇ ਸਮਰੱਥਾ ਮੁਤਾਬਿਕ ਆਪਣੇ ਆਪਣੇ ਇਲਾਕਿਆਂ ਦੇ ਜ਼ਰੂਰਤਮੰਦ ਲੋਕਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਆਪਣੇ ਦੇਸ਼ ਵਾਸੀਆਂ ਦੇ ਨਾਲ ਖੜ੍ਹੇ ਹਨ ਅਤੇ ਇਸੇ ਕਾਰਨ ਉਨ੍ਹਾਂ ਵੱਲੋਂ ਬੀਤੇ ਦਿਨੀਂ ਇੱਕ ਵੀਡੀਉ ਸੰਦੇਸ਼ ਰਾਹੀ ਆਮ ਲੋਕਾਂ ਨੂੰ ਸਰਕਾਰ ਦਾ ਸਹਿਯੋਗ ਕਰਨ ਅਤੇ ਅਮੀਰ ਲੋਕਾਂ ਨੂੰ ਅੱਗੇ ਆ ਕੇ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਸੁਨੇਹਾ ਦਿੱਤਾ ਗਿਆ ਸੀ।
ਬਾਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਸਮਰੱਥਾ ਮੁਤਾਬਿਕ ਵਡਾਲਾ ਗ੍ਰੰਥੀਆਂ, ਬਟਾਲਾ ਅਤੇ ਹੋਰ ਵੱਖ ਵੱਖ ਇਲਾਕਿਆਂ ਵਿਖੇ ਪਹੁੰਚ ਕਰ ਕੇ ਲੋੜਵੰਦ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਭੇਂਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸਮਾਨ ਵੰਡਣ ਲਈ ਬਾਕਾਇਦਾ ਤੌਰ ਤੇ ਪ੍ਰਸ਼ਾਸਨ ਕੋਲੋਂ ਆਗਿਆ ਪ੍ਰਾਪਤ ਕੀਤੀ ਗਈ ਹੈ ਅਤੇ ਇਸ ਦੌਰਾਨ ਆਮ ਜਨਤਾ ਦੇ ਨਾਲ ਨਾਲ ਆਪਣੀ ਸੁਰੱਖਿਆ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਬਾਵਾ ਨੇ ਕਿਹਾ ਕਿ ਸਮਾਨ ਦੇਣ ਵੇਲੇ ਭੀੜ ਇਕੱਠੀ ਨਹੀਂ ਕੀਤੀ ਜਾ ਰਹੀ ਅਤੇ ਹਰੇਕ ਵਿਅਕਤੀ ਨੂੰ ਸੈਨੇਟਾਈਜ਼ ਕਰਨ ਮਗਰੋਂ ਹੀ ਲੋੜੀਂਦਾ ਸਮਾਨ ਵੰਡਿਆ ਜਾ ਰਿਹਾ ਹੈ।