ਸੰਜੀਵ ਸੂਦ
ਲੁਧਿਆਣਾ, 27 ਮਾਰਚ 2020 - ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਕਰਫਿਊ ਕਾਰਨ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਤੇ ਪ੍ਰਸ਼ਾਸਨ ਲੋਕਾਂ ਤੱਕ ਲੰਗਰ ਪਹੁੰਚਾਉਣ ਦੀ ਗੱਲ ਕਹਿ ਰਹੇ ਹਨ ਉੱਥੇ ਹੀ ਕੁਝ ਅਜਿਹੇ ਵੀ ਲੋਕ ਹੁੰਦੇ ਨੇ ਜੋ ਪੁਲਾਂ ਹੇਠ ਸੜਕਾਂ 'ਤੇ ਜਾਂ ਪਲੇਟਫਾਰਮ ਤੇ ਹੀ ਸੌਂ ਕੇ ਆਪਣਾ ਗੁਜ਼ਾਰਾ ਕਰਦੇ ਨੇ। ਅਜਿਹੇ ਲੋਕਾਂ ਦੀ ਲੁਧਿਆਣਾ ਵਿੱਚ ਵੱਡੀ ਤਾਦਾਦ ਹੈ ਅਤੇ ਕਰਫਿਊ ਲੱਗਣ ਕਾਰਨ ਹੁਣ ਉਹ ਪੁਲਿਸ ਤੋਂ ਡਰਦੇ ਵਿਖਾਈ ਦੇ ਰਹੇ ਨੇ। ਅਜਿਹੇ ਲੋਕਾਂ ਕੋਲ ਨਾ ਤਾਂ ਆਪਣਾ ਘਰ ਹੈ ਅਤੇ ਨਾ ਹੀ ਕੋਈ ਪਰਿਵਾਰ ਦਾ ਮੈਂਬਰ। ਕਈ ਬਾਹਰਲੇ ਸੂਬਿਆਂ ਤੋਂ ਆ ਕੇ ਇੱਥੇ ਦਿਹਾੜੀਆਂ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਨੇ।। ਅਜਿਹੇ ਲੋਕ ਹੁਣ ਸੜਕਾਂ ਤੇ ਰਹਿਣ ਨੂੰ ਮਜ਼ਬੂਰ ਫੁਰਨੇ ਅਤੇ ਪੁਲਿਸ ਤੋਂ ਲੁੱਕ ਛੁੱਪ ਕੇ ਆਪਣਾ ਜੀਵਨ ਬਸਰ ਕਰ ਰਹੇ ਨੇ।
ਬੇਹੱਦ ਗਰੀਬ ਅਤੇ ਦਿਹਾੜੀਦਾਰ ਸੜਕਾਂ ਤੇ ਰਹਿਣ ਵਾਲੇ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਸੂਬੇ ਚ ਵਾਪਸ ਨਹੀਂ ਪਰਤ ਸਕਦੇ ਕਿਉਂਕਿ ਪੁਲਿਸ ਵੱਲੋਂ ਕਰਫਿਊ ਲਗਾਇਆ ਗਿਆ ਹੈ ਜਦੋਂ ਕਿ ਉਨ੍ਹਾਂ ਦਾ ਆਪਣਾ ਇੱਥੇ ਕੋਈ ਵੀ ਘਰ ਨਹੀਂ। ਕਈ ਲੋਕਾਂ ਨੂੰ ਤਾਂ ਮਕਾਨ ਮਾਲਕਾਂ ਵੱਲੋਂ ਵੀ ਕੱਢ ਦਿੱਤਾ ਗਿਆ ਹੈ। ਜਿਸ ਕਾਰਨ ਉਹ ਸੜਕ 'ਤੇ ਆ ਗਏ ਨੇ। ਇਨ੍ਹਾਂ ਲੋਕਾਂ ਨੇ ਕਿਹਾ ਕਿ ਉਹ ਮਜ਼ਬੂਰ ਨੇ ਜੇਕਰ ਕੋਈ ਸਮਾਜ ਸੇਵੀ ਖਾਣ ਨੂੰ ਲੰਗਰ ਦੇ ਜਾਵੇ ਤਾਂ ਕੰਮ ਚੱਲ ਜਾਂਦਾ ਹੈ ਨਹੀਂ ਤਾਂ ਭੁੱਖੇ ਹੀ ਰਹਿਣਾ ਪੈਂਦਾ ਹੈ। ਇਨ੍ਹਾਂ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਲੋੜੀਂਦਾ ਖਾਣਾ ਆਦਿ ਵੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।