ਹਰਦਮ ਮਾਨ
ਸਰੀ, 27 ਮਾਰਚ 2020 - ਬੀ.ਸੀ. ਵਿੱਚ ਅੱਜ ਕੋਵਿਡ-19 ਦੇ 66 ਨਵੇਂ ਕੇਸਾਂ ਦੀ ਪਛਾਣ ਹੋਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ 725 ਹੋ ਗਈ ਹੈ। ਇਸ ਵੇਲੇ 66 ਵਿਅਕਤੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ 26 ਆਈਸੀਯੂ ਵਿਚ ਹਨ। ਸੂਬੇ ਵਿਚ 186 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ।
ਇਸ ਮਹਾਂਮਾਰੀ ਬਾਰੇ ਰੋਜ਼ਾਨਾ ਬੀਸੀ ਦੇ ਲੋਕਾਂ ਨੂੰ ਨਵੀਂ ਜਾਣਕਾਰੀ ਪ੍ਰਦਾਨ ਕਰ ਰਹੇ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਪੰਜ ਜਾਂ ਛੇ ਦਿਨਾਂ ਵਿਚ ਇਹ ਗਿਣਤੀ ਵੱਡਾ ਉਛਾਲ ਵੀ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਜ਼ਿਆਦਾ ਫੈਲਾਅ ਕੇਅਰ ਸੈਂਟਰਾਂ ਵਿਚ ਹੋ ਰਿਹਾ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਗੰਭੀਰ ਹਾਲਾਤ ਉੱਤਰੀ ਵੈਨਕੂਵਰ ਦੇ ਲਿਨ ਵੈਲੀ ਕੇਅਰ ਸੈਂਟਰ ਵਿੱਚ ਹਨ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ ਇਸ ਸੈਂਟਰ ਦੇ ਚਾਰ ਹੋਰ ਵਸਨੀਕਾਂ ਅਤੇ ਤਿੰਨ ਕਰਮਚਾਰੀਆਂ ਦੇ ਟੈਸਟ ਪੌਜ਼ੇਟਿਵ ਆਏ ਹਨ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮੌਜੂਦਾ ਮਾਹੌਲ ਵਿਚ ਸਾਨੂੰ ਇਕ ਦੂਜੇ ਦੀ ਦੇਖਭਾਲ ਕਰਨ ਦੀ ਜ਼ਰੂਰਤ ਹੈ ਅਤੇ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਾਰਿਆਂ ਨੂੰ ਆਪਣਾ ਪੂਰਾ ਯੋਗਦਾਨ ਪਾਉਣ ਦੀ ਲੋੜ ਹੈ।
ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਬੀ.ਸੀ. ਕੋਵਿਡ-19 ਮਰੀਜ਼ਾਂ ਲਈ ਹੁਣ ਹਸਪਤਾਲਾਂ ਵਿਚ 3,903 ਗੰਭੀਰ ਦੇਖਭਾਲ ਬਿਸਤਰਿਆਂ ਅਤੇ 371 ਨਾਜ਼ੁਕ ਦੇਖਭਾਲ ਬਿਸਤਰਿਆਂ ਦਾ ਪ੍ਰਬੰਧ ਕਰ ਲਆ ਗਿਆ ਹੈ। 15 ਨਵੇਂ ਵੈਂਟੀਲੇਟਰ ਸੂਬੇ ਵਿੱਚ ਪਹੁੰਚ ਚੁੱਕੇ ਹਨ ਅਤੇ ਭਲਕੇ ਸ਼ੁੱਕਰਵਾਰ ਨੂੰ ਹੋਰ ਵੈਂਟੀਲੇਟਰ ਆਉਣ ਦੀ ਸੰਭਾਵਨਾ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com