ਹਰੀਸ਼ ਕਾਲੜਾ
- ਘਰ ਘਰ ਦਿਤੀ ਜਾਣ ਵਾਲੀ ਸਬਜੀ ਤੇ ਕਰਿਆਨੇ ਦੀ ਸਪਲਾਈ ਦਾ ਲਿਆ ਜਾਇਜ਼ਾ
ਕੀਰਤਪੁਰ ਸਾਹਿਬ, 26 ਮਾਰਚ 2020 - ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਦੌਰਾਨ ਲੋਕਾਂ ਨੂੰ ਮਾਰਕੀਟ ਰੇਟ ਤੇ ਦੁਕਾਨਦਾਰਾਂ ਦੇ ਜਰੀਏ ਘਰ ਘਰ ਪਹੁੰਚਾਏ ਜਾ ਰਹੇ ਸਮਾਨ ਦਾ ਜਾਇਜ਼ਾ ਲੈਣ ਲਈ ਅੱਜ ਸਵੇਰੇ ਹੀ ਐਸ.ਡੀ.ਐਮ ਮੈਡਮ ਕਨੂੰ ਗਰਗ ਵੱਲੋਂ ਕੀਰਤਪੁਰ ਸਾਹਿਬ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਇਲਾਕੇ ਵਿਚ ਸਬਜ਼ੀ ਦੀ ਦਿਤੀ ਜਾਣ ਵਾਲੀ ਸਪਲਾਈ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਮੌਕੇ ਤੇ ਮੌਜੂਦ ਅਧਿਕਾਰੀ ਨੂੰ ਹਦਾਇਤ ਜਾਰੀ ਕੀਤੀ ਕਿ ਘਰ ਘਰ ਸਬਜੀ ਪਹੁੰਚਾਉਣ ਸਮੇਂ ਜਿਹੜਾ ਵੀ ਟੈਂਪੂ ਕਸਬੇ ਜਾਂ ਮੁਹੱਲੇ/ਸ਼ਹਿਰ ਵਿਚ ਜਾਵੇ ਉਸ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਜਰੂਰ ਹੋਣਾ ਚਾਹੀਦਾ ਹੈ। ਟੈਂਪੂ ਦੇ ਨੇੜੇ ਲੋਕਾਂ ਦੀ ਭੀੜ ਇਕੱਠੀ ਨਹੀਂ ਹੋਣ ਦੇਣੀ, ਲੋਕਾਂ ਵਿਚ ਘੱਟੋ ਘੱਟ 7 ਫੁੱਟ ਦੀ ਦੂਰੀ ਜਰੂਰ ਹੋਣੀ ਚਾਹੀਦੀ ਹੈ।
ਹੋ ਸਕੇ ਤਾਂ ਸਬਜ਼ੀਆਂ ਵਾਲੇ ਲਿਫਾਫੇ ਤਿਆਰ ਕਰਵਾਏ ਜਾਣ ਜਿਸ ਵਿਚ ਇੱਕ ਦੋ ਸਬਜ਼ੀਆਂ ਅਤੇ ਆਲੂ, ਪਿਆਜ, ਟਮਾਟਰ, ਮਿਰਚ, ਧਨੀਆਂ ਆਦਿ ਪੈਕ ਕੀਤਾ ਹੋਵੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ ਅਤੇ ਮੈਡੀਕਲ ਸਟੋਰਾਂ ਤੇ ਭੀੜ ਨਾ ਪੈਣ ਦਿਤੀ ਜਾਵੇ। ਸੰਬੰਧਿਤ ਦੁਕਾਨਦਾਰ ਲੋਕਾਂ ਦਾ ਆਰਡਰ ਲਿਖ ਕੇ ਉਕਤ ਸਮਾਨ ਉਸਦੇ ਘਰ ਪਹੁੰਚਾਏ ਅਤੇ ਮੌਕੇ ਤੇ ਹੀ ਆਪਣੇ ਪੈਸੇ ਉਹਨਾਂ ਤੋਂ ਲੈ ਲਵੇ।ਜੇਕਰ ਕੋਈ ਦੁਕਾਨਦਾਰ ਕਰਿਆਨੇ ਅਤੇ ਦਵਾਈਆਂ ਦਾ ਮਾਰਕੀਟ ਰੇਟ ਤੇ ਨਿਰਧਾਰਿਤ ਮੁੱਲ ਤੋਂ ਵੱਧ ਪੈਸੇ ਵਸੂਲ ਕਰਦਾ ਹੈ ਤਾਂ ਉਸਦੀ ਜਾਣਕਾਰੀ ਸਾਨੂੰ ਦਿਤੀ ਜਾਵੇ ਤਾਂ ਜੋ ਉਸਦਾ ਲਾਈਸੈਂਸ ਰੱਦ ਕੀਤਾ ਜਾ ਸਕੇ।
ਮੈਡਮ ਕਨੂੰ ਗਰਗ ਨੇ ਕਿਹਾ ਕਿ ਘਰ ਘਰ ਸਮਾਨ ਪਹੁੰਚਾਉਣ ਦਾ ਮਕਸਦ ਲੋਕਾਂ ਨੂੰ ਇੱਕ ਦੂਸਰੇ ਦੇ ਸੰਪਰਕ ਵਿਚ ਆਉਣ ਤੋਂ ਰੋਕਣਾ ਹੈ, ਕਿਉਂਕਿ ਕੋਰੋਨਾ ਵਾਇਰਸ ਮਨੁੱਖ ਦੇ ਇੱਕ ਦੂਸਰੇ ਦੇ ਸੰਪਰਕ ਵਿਚ ਆਉਣ ਕਾਰਨ ਫੈਲਦਾ ਹੈ। ਇਸ ਲਈ ਲੋਕ ਆਪਣੇ ਘਰਾਂ ਵਿਚ ਬੈਠੇ ਹੀ ਸਮਾਨ ਮੰਗਵਾਉਣ।ਉਹਨਾਂ ਕਿਹਾ ਕਿ ਇਸ ਸਮੇਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਜ਼ਾਰੂ ਰੇਟ ਤੇ ਪੈਕ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।