ਅਸ਼ੋਕ ਵਰਮਾ
ਮਾਨਸਾ, 26 ਮਾਰਚ 2020 - ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਨੇ ਕੋਵਿਡ -19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਮਾਨਸਾ ਪ੍ਰਸ਼ਾਸ਼ਨ ਦੀ ਸਹਾਇਤਾ ਸ਼ੁਰੂ ਕਰ ਦਿੱਛੀ ਹੈ। ਕੰਪਨੀ ਦੇ ਚੀਫ ਆਪਰੇਟਿੰਗ ਅਫਸਰ ਅਤੇ ਡਾਇਰੈਕਟਰ ਵਿਕਾਸ ਸਰਮਾ ਨੇ ਸ਼ਹਿਰ ਨੂੰ ਰੋਗਾਣੂ-ਮੁਕਤ ਕਰਨ ਦੀ ਮੁਹਿੰਮ ਦੀ ਸੁਰੂਆਤ ਕੀਤੀ ਹੈ ਜਿਸ ਨੂੰ ਡਿਪਟੀ ਕਮਿਸ਼ਨਰ ਮਾਨਸਾ ਨੇ ਸ਼ਲਾਘਾਯੋਗ ਦੱਸਿਆ ਹੈ। ਇਸ ਮੌਕੇ ਬੋਲਦਿਆਂ ਵਿਕਾਸ ਸਰਮਾ ਨੇ ਕਿਹਾ, ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਸਮੇਤ ਸਾਰੀਆਂ ਵੇਦਾਂਤਾ ਕੰਪਨੀਆਂ ਰਾਜ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਦੀ ਹਰ ਸੰਭਵ ਸਹਾਇਤਾ ਕਰ ਰਹੀਆਂ ਹਨ। ਉਨ੍ਹਾਂ ਸਰਕਾਰ ਅਤੇ ਲੋਕਾਂ ਨੂੰ ਵਿਸਵਾਸ ਦਿਵਾਇਆ ਕਿ ਟੀਐਸਪੀਐਲ ਇਸ ਔਖੇ ਸਮੇਂ ਵਿੱਚ ਉਨਾਂ ਦੇ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਦੀ ਪੇਸ਼ਕਸ ਕੀਤੀ ਹੈ। ਉਨਾਂ ਕਿਹਾ ਕਿ ਸਟਾਫ ਅਤੇ ਕਰਮਚਾਰੀਆਂ ਨੂੰ ਇਸ ਸੰਕਟ ਦੇ ਸਮੇਂ ਦੌਰਾਨ ਪੂਰੀ ਮੁਆਵਜਾ ਦਿੱਤਾ ਜਾਵੇਗਾ।
ਟੀਐਸਪੀਐਲ ਨੇ ਕੀਟਾਣੂਨਾਸ਼ਕ ਅਤੇ ਰਸਾਇਣਕ ਮੁਹਿੰਮ ਨੂੰ ਚਲਾਉਣ ਲਈ ਰਸਾਇਣ ਸੋਡੀਅਮ ਹਾਈਪੋਕਲੋਰਾਈਟ ਦੀ ਵਰਤੋਂ ਕੀਤੀ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਮਾਨਸਾ ਅਤੇ ਤਲਵੰਡੀ ਸਾਬੋ ਵਿਚ ਪੁਲਿਸ ਮੁਲਾਜਮਾਂ ਨੂੰ ਸੁਰੱਖਿਆ ਦੇ ਨਕਾਬ ਵੀ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਆਪਣੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਕੰਪਨੀ ਨੇ ਪਿੰਡ ਰਾਏਪੁਰ ਦੇ 25 ਗਰੀਬ ਪਰਿਵਾਰਾਂ ਨੂੰ ਘਰੇਲੂ ਜਰੂਰਤ ਦੀਆਂ ਵਸਤਾਂ ਵੀ ਵੰਡੀਆਂ ਹਨ। ਟੀਐਸਪੀਐਲ ਦੇ ਐਚਆਰ ਹੈਡ ਖਿਰੋਦ ਕੁਮਾਰ ਬਾਰਿਕ ਨੇ ਕਿਹਾ ਕਿ ਇਹ ਇਕ ਸ਼ੁਰੂਆਤ ਹੈੈ ਅਤੇ ਕੰਪਨੀ ਦੇ ਵੱਖ-ਵੱਖ ਤਰਾਂ ਦੇ ਪ੍ਰਬੰਧ ਵਧਾਏਗੀ ਤਾਂ ਜੋ ਸੁਰੱਖਿਆ ਨੂੰ ਹੋਰ ਵੀ ਪੱਕਾ ਕੀਤਾ ਜਾ ਸਕੇ। ਉਨਾਂ ਭਰੋਸ ਦਿੱਤਾ ਕਿ ਕੰਪਨੀ ਜਿਲਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਸਾਵਧਾਨੀ ਅਤੇ ਰੋਕਥਾਮ ਪ੍ਰਬੰਧਾਂ ਨੂੰ ਯਕੀਨਂ ਬਣਾਏਗੀ।