ਦੁੱਧ ਤੇ ਸਬਜ਼ੀ ਵਿਕਰੇਤਾਵਾਂ ਨੂੰ ਜਾਰੀ ਹੋਣਗੇ ਸ਼ਨਾਖਤੀ ਕਾਰਡ
ਜਲੰਧਰ 24 ਮਾਰਚ 2020 - ਜ਼ਿਲ੍ਹਾ ਮੈਜਿਸਟਰੇਟ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਲਗਾਏ ਗਏ ਕਰਫ਼ਿਊ ਦੇ ਮੱਦੇ ਨਜ਼ਰ ਲੋਕਾਂ ਨੂੰ ਜਰੂਰੀ ਵਸਤਾਂ ਜਿਨਾਂ ਵਿੱਚ ਦੁੱਧ ਅਤ ਸਬਜੀਆਂ ਸ਼ਾਮਿਲ ਹਨ ਘਰ-ਘਰ ਜਾ ਕੇ ਸਪਲਾਈ ਕੀਤੀਆਂ ਜਾਣਗੀਆਂ ਤਾਂ ਜੋ ਉਨਾ ਨੂੰ ਜਰੂਰੀ ਵਸਤਾਂ ਵਿੱਚ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਜਲੰਧਰ ਜਿਨਾਂ ਦੇ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵੀ ਮੌਜੂਦ ਸਨ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਪ੍ਰਚੂਨ ਦੀਆਂ ਦੁਕਾਨਾ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਾ ਕਿ ਦੁੱਧ ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਨਾਖਤੀ ਕਾਰਡ ਜਾਰੀ ਕਰਕੇ ਖੇਤਰ ਵਾਰ ਜਰੂਰੀ ਚੀਜਾਂ ਵੇਚਣ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁੱਧ ਅਤੇ ਸਬਜ਼ੀਆਂ ਵੇਚਣ ਵਾਲੇ ਵਲੋਂ ਘਰ ਦੀ ਘੰਟੀ ਵਜਾ ਕੇ ਦੁੱਧ ਤੇ ਸਬਜ਼ੀਆਂ ਵੇਚੀਆਂ ਜਾਣਗੀਆਂ ਅਤੇ ਉਸ ਨੂੰ ਇਕ ਜਗ੍ਹਾ ਖੜ੍ਹ ਕੇ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਸ ਨਾਲ ਭੀੜ ਇਕੱਠੀ ਹੋ ਸਕਦੀ ਹੈ। ਸ੍ਰੀ ਸ਼ਰਮਾ ਨੇ ਵੇਰਕਾ ਮਿਲਕ ਪਲਾਂਟ ਨੂੰ ਕਿਹਾ ਕਿ ਦੁੱਧ ਦੇ ਪੈਕੇਟ ਅਤੇ ਦੁੱਧ ਪਾਊਡਰ ਦੀ ਵੇਂਡਰਾਂ ਨੂੰ ਦਿਨ ਵਿੱਚ ਦੋ ਵਾਰ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਸ਼ਨਾਖਤੀ ਕਾਰਡ ਮੁਹੱਈਆ ਕਰਵਾਏ ਜਾਣ।
ਉਨ੍ਹਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਭੋਜਨ ਅਤੇ ਦੁੱਧ ਸਪਲਾਈ, ਅਖ਼ਬਾਰਾਂ, ਐਲ.ਪੀ.ਜੀ.ਗੈਸ ਸੈਲੰਡਰ ਅਤੇ ਹਸਪਤਾਲ ਦੇ ਸਟਾਫ਼ ਜਿਸ ਵਿੱਚ ਡਾਕਟਰ ਅਤੇ ਪੈਰਾ ਮੈਡੀਕਲ ਅਮਲਾ ਅਤੇ ਹੋਰ ਸ਼ਾਮਿਲ ਹਨ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੂਚਨਾ ਤਕਨਾਲੌਜੀ ਨਾਲ ਜੁੜੀਆਂ ਕੰਪਨੀਆਂ ਦਾ ਅਮਲਾ ਵੀ ਪ੍ਰਭਾਵਿਤ ਨਾ ਹੋ ਸਕੇ।
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਜ਼ਿਲ੍ਹੇ ਵਿੰਚ ਜਰੂਰੀ ਚੀਜਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਸ੍ਰੀ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ, ਅਰੁਣ ਸੈਣੀ, ਉਪ ਮੰਡਲ ਮੈਜਿਸਟਰੇਟ ਅੰਮਿਤ ਕੁਮਾਰ ਪੰਚਾਲ, ਰਾਹੁਲ ਸਿੰਧੂ, ਡਾ. ਜੈ ਇੰਦਰ ਸਿੰਘ, ਸੰਜੀਵ ਸ਼ਰਮਾ, ਡਾ.ਵਿਨੀਤ ਕੁਮਾਰ, ਸਿਵਲ ਸਰਜਨ ਡਾ.ਗੁਰਿੰਦਰ ਚਾਵਲਾ , ਮੈਡੀਕਲ ਸੁਪਰਡੰਟ ਮਨਦੀਪ ਕੌਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ , ਐਸ.ਐਮ.ਓ.ਕਸ਼ਮੀਰੀ ਲਾਲ ਅਤੇ ਹੋਰ ਵੀ ਹਾਜ਼ਰ ਸਨ।