ਅਸ਼ੋਕ ਵਰਮਾ
- ਮੁਸਾਫਰਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਮੁਫਤ ਟੈਕਸੀ ਸੇਵਾ
ਬਠਿੰਡਾ, 21 ਮਾਰਚ 2020 - ਬਠਿੰਡਾ ਸ਼ਹਿਰ ਦੇ ਪੰਜ ਨੌਜਵਾਨ ਜਿੰਦਗੀ ਦੇ ਅਸਲ ਨਾਇਕ ਵਜੋਂ ਸਾਹਮਣੇ ਆਏ ਹਨ ਕਰੋਨਾ ਵਾਇਰਸ ਦੇ ਖਤਰਿਆਂ ਭਰੇ ਹਾਲਾਤਾਂ ਬਠਿੰਡਾ ਦੇ ਪੰਜ ਨੌਜਵਾਨਾਂ ਨੇ ‘ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜਿਆ ਹੈ, ਉਸ ’ਤੇ ਕਿਸੇ ਸਾਧਾਰਨ ਬੰਦੇ ਦੀ ਪੈਰ ਧਰਨ ਦੀ ਜੁਰਅਤ ਨਹੀਂ ਪੈਂਦੀ ਹੈ। ਇਹ ਪੰਜੇ ਨੌਜਵਾਨ ਬਠਿੰਡਾ ’ਚ ਟੈਕਸੀਆਂ ਚਲਾਉਂਦੇ ਹਨ। ਆਮ ਤੌਰ ਤੇ ਬੋਲਬਾਣੀ ਅਤੇ ਵਿਹਾਰ ਲਈ ਚਰਚਾ ਦਾ ਵਿਸ਼ਾ ਬਣਨ ਵਾਲੇ ਟੈਕਸੀ ਡਰਾਈਵਰਾਂ ਨੇ ਬਠਿੰਡਾ ਬੱਸ ਅੱਡੇ ’ਚ ਘਰਾਂ ਨੂੰ ਜਾਣ ਲੲਂ ਸਾਧਨ ਖਾਤਰ ਭਟਕ ਰਹੇ ਲੋਕਾਂ ਨੂੰ ਘਰੋ ਘਰੀਂ ਛੱਡ ਕੇ ਸਮਾਜਸੇਵਾ ਦੀ ਨਿਵੇਕਲੀ ਮਿਸਾਲ ਮਿਸਾਲ ਕਾਇਮ ਕੀਤੀ ਹੈ।
ਹਾਲਾਂਕਿ ਇਹ ਨੌਜਵਾਨ ਚੁੱਪ ਚੁਪੀਤੇ ਕੋਈ ਨਾ ਕੋਈ ਸਮਾਜ ਸੇਵਾ ਦਾ ਕਾਰਜ ਕਰਦੇ ਰਹਿੰਦੇ ਸਨ ਪਰ ਅੱਜ ਜਦੋਂ ਮੀਡੀਆ ਰਾਹੀ ਚਰਚਾ ਸ਼ੁਰੂ ਹੋ ਗਈ ਤਾਂ ਆਮ ਲੋਕਾਂ ਨੂੰ ਮਨੁੱਖਤਾ ਦੀ ਸੇਵਾ ਦਾ ਇਹ ਨਵਾਂ ਰੰਗ ਦੇਖਣ ਨੂੰ ਮਿਲਿਆ ਹੈ। ਇੰਨਾਂ ਨੌਜਵਾਨਾਂ ‘ਚ ਹਰਵਿੰਦਰ ਬੌਬੀ ,ਰਜਿੰਦਰ ਸਿੰਘ,ਕਮਲਦੀਪ ਸਿੰਘ ,ਹਨੀਦੀਪ ਅਤੇ ਇੱਕ ਹੋਰ ਨੌਜਵਾਨ ਸ਼ਾਮਲ ਹੈ। ਅੱਖੀ ਦੇਖਣ ਵਾਲਿਆਂ ਨੇ ਦੱਸਿਆ ਕਿ ਬਠਿੰਡਾ ਦੇ ਬੱਸ ਅੱਡੇ ‘ਚ ਆਮ ਲੋਕ ਬੱਸਾਂ ਦੀ ਤਲਾਸ਼ ’ਚ ਘੁੰਮ ਰਹੇ ਸਨ ਜਿੰਨਾਂ ਦੀ ਮਾਨਸਿਕ ਹਾਲਤ ਦੇਖਣਯੋਗ ਸੀ। ਅੱਜ ਸਵੇਰ ਵਕਤ ਜਦੋਂ ਪਤਾ ਲੱਗਿਆ ਤਾਂ ਨੌਜਵਾਨਾਂ ਦੀ ਇਸ ਟੀਮ ਨੇ ਆਮ ਆਦਮੀ ਦੇ ਦੁੱਖ ਨੂੰ ਸਮਝਿਆ ਅਤੇ ਟੈਕਸੀਆਂ ਲੈਕੇ ਬੱਸ ਅੱਡੇ ’ਚ ਪੁੱਜ ਗਏ।
ਪੰਜਾਬ ਸਰਕਾਰ ਵੱਲੋਂ ਬੱਸ ਸੇਵਾ ਬੰਦ ਕਰਨ ਉਪਰੰਤ ਬਠਿੰਡਾ ਦੇ ਬੱਸ ਅੱਡੇ ਤੋਂ ਮੁਸਾਫਰਾਂ ਨੂੰ ਉਨਾਂ ਦੀ ਮੰਚਿਜਲ ਤੱਕ ਬਿਨਾਂ ਕੋਈ ਪੈਸਾ ਲਏ ਛੱਡਿਆ ਜਾ ਰਿਹਾ ਹੈ। ਹੁਣ 15 ਤੋਂ 20 ਕਿੱਲੋ ਮੀਟਰ ਦੇ ਦਾਇਰੇ ’ਚ ਇੰਨਾਂ ਵੱਲੋਂ ਇਹ ਸੇਵਾ ਨਿਰਸੁਆਰਥ ਕੀਤੀ ਜਾ ਰਹੀ ਹੈ। ਜਦੋਂ ਲੋਕ ਘਰੋ ਨਿਕਲਣ ਤੋਂ ਡਰਦੇ ਹਨ ਤਾਂ ਇਹ ਪਹਿਲਕਦਮੀ ਕਰਕੇ ਉਨਾਂ ਨੇ ਹੋਰਨਾਂ ਨੂੰ ਵੀ ਰਾਹ ਦਿਖਾਇਆ ਹੈ। ਇਸ ਰਾਹ ’ਤੇ ਤੁਰਨ ਦਾ ਪਿਛੋਕੜ ਵੀ ਬੜਾ ਦਿਲਚਸਪ ਹੈ। ਹਰਵਿੰਦਰ ਬੌਬੀ ਨਾਂ ਦੇ ਨੌਜਵਾਨ ਟੈਕਸੀ ਚਾਲਕ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਤੇ ਰੋਜਾਨਾਂ ਹੀ ਲੋਕਾਂ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਬਾਰੇ ਸੁਣਦੇ ਆ ਰਹੇ ਸਨ।
ਇਸੇ ਦੌਰਾਨ ਉਨਾਂ ਨੂੰ ਫੁਰਨਾ ਫੁਰਿਆ ਕਿ ਕਿਓਂ ਨਾਂ ਗਰੀਬ ਤੇ ਲੋੜਵੰਦ ਲੋਕਾਂ ਨੂੰ ਘਬੋ ਘਰੀਂ ਛੱਡ ਕੇ ਮਾਨਵਤਾ ਦੀ ਸੇਵਾ ਕੀਤੀ ਜਾਏ। ਇਸ ਮਗਰੋਂ ਉਨਾਂ ਦਾ ਮਕਸਦ ਹੀ ਬਦਲ ਗਿਆ ਤੇ ਜਦੋਂ ਤੱਕ ਸਥਿਤੀ ਇਜ਼ਾਜ਼ਤ ਦਿੰਦੀ ਹੈ ਲੋਕ ਸੇਵਾ ਕਰਨਾ ਮਿਸ਼ਨ ਬਣ ਗਿਆ। ਉਨਾਂ ਦੱਸਿਆ, ਕਿ ਉਹ ਬੱਸ ਅੱਡੇ ’ਚ ਘੁੰਮ ਫਿਰ ਕੇ ਨਜ਼ਰ ਰੱਖਦੇ ਹਨ ਤਾਂ ਜੋ ਮੁਸਾਫਰਾਂ ਮੰਜਲ ਤੇ ਪੁੱਜਦਾ ਕੀਤਾ ਜਾ ਸਕੇ।’ ਨੌਜਵਾਨਾਂ ਨੇ ਦੱਸਿਆ ਕਿ ਦੋ ਇਨੋਵਾ ਅਤੇ ਤਿੰਲ ਛੋਟੀਆਂ ਗੱਡੀਆਂ ਸੇਵਾ ਤੇ ਲਾਈਆਂ ਹੋਈਆਂ ਹਨ। ਅੱਜ ਸ਼ਾਮ ਤੱਕ 200 ਤੋਂ ਵੱਧ ਲੋਕਾਂ ਨੂੰ ਉਨਾਂ ਦੀ ਮੰਜਿਲ ਤੇ ਪਹੁੰਚਾਇਆ ਗਿਆ ਹੈ।
ਮਾਸਕ ਤੇ ਸੈਨੇੇਟਾਈਜ਼ਰ ਦੀ ਵੀ ਸੇਵਾ
ਹਰਵਿੰਦਰ ਬੌਬੀ ਨੇ ਦੱਸਿਆ ਕਿ ਗੱਡੀਆਂ ਦੇ ਗੇੜਾ ਲਾਕੇ ਮੁੜਨ ਉਪਰੰਤ ਟੈਕਸੀਆਂ ਨੂੰ ਬਕਾਇਦਾ ਸੈਨੇਟਾਈਜ਼ ਕੀਤਾ ਜਾਂਦਾ ਹੈ। ਟੈਕਸੀ ’ਚ ਜਾਣ ਵਾਲਿਆਂ ਨੂੰ ਬਕਾਇਦਾ ਮਾਸਕ ਮੁਹੱਈਆ ਕਰਵਾਏ ਜਾ ਰਹੇ ਹਨ। ਬੌਬੀ ਦੱਸਦਾ ਹੈ ਕਿ ਉਹ ਲੋਕਾਂ ਨੂੰ ਕਰੋਨਾ ਵਾਇਰਸ, ਇਸ ਤੋਂ ਪੈਦਾ ਹੋਣ ਵਾਲੇ ਖਤਰੇ ਅਤੇ ਸਾਵਧਾਨੀ ਪ੍ਰਤੀ ਜਾਗਰੂਕ ਕਰਦੇ ਹਨ। ਉਨਾਂ ਆਖਿਆ ਕਿ ਪੰਜਾਬ ਸਰਾਕਾਰ ਵੱਲੋਂ ਕਰੋਨਾ ਵਾਇਰਸ ਸਬੰਧੀ ਜਾਰੀ ਹਦਾਇਤਾਂ ਮੰਨਣ , ਘਰੋਂ ਬਾਹਰ ਨਾਂ ਜਾਣ ਅਤੇ ਅਤੀਅੰਤ ਲੋੜ ਪੈਣ ਤੇ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ।
ਸਿਹਤਮੰਦ ਪਿਰਤ ਪਾਈ - ਸ਼ਰਮਾਂ
ਸਮਾਜਿਕ ਕਾਰਕੁੰਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਇੰਨਾਂ ਪੁਲਿਸ ਮੁਲਾਜਮਾਂ ਨੇ ਇੱਕ ਸਿਹਤਮੰਦ ਪਿਰਤ ਪਾਈ ਹੈ। ਉਨਾਂ ਆਖਿਆ ਕਿ ਇੰਨਾਂ ਨੌਜਵਾਨਾਂ ਵੱਲੋਂ ਅ ਕੀਤੇ ਜਾ ਰਹੇ ਲੋਕ ਪੱਖੀ ਕਾਰਜਾਂ ਦੀ ਜਿੰਨੀਂ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ। ਉਨਾਂ ਕਿਹਾ ਕਿ ਜਿਸ ਰਾਹ ਤੇ ਇਹ ਜਵਾਨ ਤੁਰੇ ਹਨ ਉਸ ਤੇ ਹੋਰ ਵੀ ਤੁਰਨ ਤਾਂ ਨਿਸਚੇ ਹੀ ਇੱਕ ਬਦਲਾਅ ਲਿਆਂਦਾ ਜਾ ਸਕਦਾ ਹੈ। ਉਨਾਂ ਆਖਿਆ ਕਿ ਰੁਝੇਵਿਆਂ ਦੇ ਬਾਵਜੂਦ ਇੰਨਾਂ ਲੜਕਿਆਂ ਵੱਲੋਂ ਕੀਤੇ ਸੇਵਾ ਕਾਰਜ ਤੋਂ ਹੋਰਨਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ।