ਅਸ਼ੋਕ ਵਰਮਾ
- ਔਖੀ ਘੜੀ ਵਿੱਚ ਲੋਕ ਸੇਵਾ ਕਰਨ ਵਾਲੇ ਜੁਝਾਰੂ ਮੁਲਾਜਮਾਂ ਨੂੰ ਸਲੂਟ
- ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸਾਵਧਾਨੀ ਵਰਤਣ ਦੀ ਕੀਤੀ ਅਪੀਲ
ਬਠਿੰਡਾ, 21 ਮਾਰਚ 2020 - ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਵੱਧ ਰਹੀ ਗਿਣਤੀ ਉੱਤੇ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਸੂਬੇ ਦੇ ਲੋਕਾਂ ਅਤੇ ਜੋਖ਼ਮ ਹਾਲਾਤਾਂ ਵਿੱਚ ਕੰਮ ਕਰ ਰਹੇ ਮੁਲਾਜਮਾਂ ਨੂੰ ਸੁਰੱਖਿਅਤ ਕਰਨ ਲਈ ਲੋੜੀਂਦਾ ਸਮਾਨ ਉਪਲੱਬਧ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਹੈ। ਵਿਧਾਇਕਾ ਪ੍ਰੋ ਰੂਬੀ ਨੇ ਕਿਹਾ ਕਿ ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਜਿਸ ਲਈ ਸਰਵ ਪਾਰਟੀ ਨੂੰ ਇਕਜੁੱਟ ਹੋ ਕੇ ਇਸ ਔਖੇ ਸਮੇਂ ਚ' ਸਿਆਸਤ ਨੂੰ ਛੱਡ ਕੇ ਲੋਕਾਂ ਨਾਲ ਖੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਨਾਜ਼ੁਕ ਘੜੀ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਸੂਬੇ ਦੇ ਹਸਪਤਾਲਾਂ ਨੂੰ ਵਿਸ਼ੇਸ ਫੰਡ ਜ਼ਾਰੀ ਕਰ ਦੇਣੇ ਚਾਹੀਦੇ ਹਨ, ਤਾਂ ਜੋ ਸਮੇਂ ਰਹਿੰਦੇ ਵਾਇਰਸ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।
ਉੱਥੇ ਹੀ ਵਿਧਾਇਕਾ ਰੂਬੀ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ਼ ਕੋਰੋਨਾ ਵਾਇਰਸ ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਫ਼ੋਨ ਰਾਂਹੀ ਗੱਲਬਾਤ ਦੌਰਾਨ ਕਿਹਾ ਕਿ ਇਸ ਔਖੀ ਘੜੀ ਵਿੱਚ ਪੁਲੀਸ, ਸਿਹਤ ਵਿਭਾਗ ਤੇ ਹੋਰ ਵਿਭਾਗ ਪ੍ਰਸ਼ਾਸਨ ਦੀ ਅਗਵਾਈ ਵਿੱਚ ਤਨਦੇਹੀ ਨਾਲ ਜਿੰਮੇਵਾਰੀ ਨਿਭਾ ਰਹੇ ਹਨ। ਜਿਹਨਾਂ ਦੀਆਂ ਸੇਵਾਵਾਂ ਨੂੰ ਉਹ ਸਲੂਟ ਕਰਦੇ ਹਨ ਲੇਕਿਨ ਗਰਾਊਂਡ ਤੇ ਕੰਮ ਕਰ ਰਹੇ ਪੁਲਿਸ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਖੁੱਦ ਦੀ ਸੁਰੱਖਿਆ ਲਈ ਕੁੱਝ ਵੀ ਨਹੀਂ ਮੁਹਈਆ ਕਰਵਾਇਆ ਗਿਆ ਹੈ। ਜੋ ਹਾਈ ਰਿਸ੍ਕ ਵਿੱਚ ਲਗਾਤਾਰ ਕੰਮ ਕਰ ਰਹੇ ਹਨ। ਉਹਨਾਂ ਸਿਹਤ ਮੰਤਰੀ ਨੂੰ ਕਿਹਾ ਗਰਾਊਂਡ ਉੱਪਰ ਕੰਮ ਰਹੇ ਸਾਰੇ ਹੀ ਮੁਲਾਜਮਾਂ ਨੂੰ ਵਿਸ਼ੇਸ਼ ਮਾਸਕ, ਸੈਨੀਟਾਇਜਰ ਅਤੇ ਵਿਸ਼ੇਸ਼ ਸੂਟ ਮੈਡੀਕਲ ਕਿੱਟ ਉਪਲੱਬਧ ਕਰਵਾਈਆਂ ਜਾਣ, ਉਹਨਾਂ ਕਿਹਾ ਕਿ ਅੱਜ ਮੁਲਾਜ਼ਮ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਲੋਕ ਸੇਵਾ ਕਰ ਰਹੇ ਹਨ ਇਸ ਸਮੇਂ ਸਰਕਾਰ ਨੂੰ ਮੁਲਾਜ਼ਮ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਉਹਨਾਂ ਨੂੰ ਅੱਪਡੇਟਡ ਮੈਡੀਕਲ ਸਮਾਨ ਦੇਣਾ ਚਾਹੀਦਾ ਹੈ।
ਵਿਧਾਇਕਾ ਰੂਬੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਹਲਕਾ ਬਠਿੰਡਾ ਦਿਹਾਤੀ ਵਿੱਚ ਵਿਸ਼ੇਸ਼ ਫੰਡ ਜਾਰੀ ਕਰਕੇ ਔਖੇ ਹਾਲਾਤਾਂ ਨਾਲ ਨਜਿੱਠਣ ਲਈ ਹਸਪਤਾਲਾਂ ਨੂੰ ਤਿਆਰ ਕਰ ਲਈ ਕਿਹਾ ਹੈ, ਤਾਂ ਜੋ ਇੱਕ ਦੋ ਹਸਪਤਾਲ ਵਿੱਚ ਭੀੜ ਹੋਣ ਦੀ ਬਜਾਏ ਵੱਖ ਵੱਖ ਹਸਪਤਾਲਾਂ ਵਿੱਚ ਮਰੀਜ਼ ਜਾ ਸਕਣ ਅਤੇ ਗਰਾਊਂਡ ਤੇ ਕੰਮ ਕਰ ਰਹੇ ਆਸ਼ਾ ਵਰਕਰਾਂ, ਮਲਟੀਪਰਪਜ਼ ਮੇਲ ਅਤੇ ਫੀਮੇਲ਼ ਵਰਕਰ ਸਮੂਹ ਪੈਰਾ ਮੈਡੀਕਲ ਤੇ ਮੈਡੀਕਲ ਸਟਾਫ਼ ਤੋਂ ਇਲਾਵਾ ਪੁਲਿਸ ਨੂੰ ਲੋੜੀਂਦਾ ਸਮਾਨ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਜਾਂ ਡੀਸੀ ਪੱਧਰ ਤੇ ਲੋਕਾਂ ਨੂੰ ਮੁਫ਼ਤ ਮਾਸਕ ਅਤੇ ਸੈਨੀਟਾਇਜਰ ਤੇ ਹੋਰ ਬਚਾਅ ਸਮੱਗਰੀ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉੱਪਰ ਅਫਵਾਹਾਂ ਨਾਲ ਲੋਕਾਂ ਵਿੱਚ ਡਰ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਨਕੇਲ ਪਾਉਣ ਲਈ ਸਰਕਾਰ ਨੂੰ ਇੱਕ ਸਾਈਬਰ ਟੀਮ ਤਿਆਰ ਕਰਨੀ ਚਾਹੀਦੀ ਹੈ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਲੋਕ ਅਫਵਾਹਾਂ ਉੱਪਰ ਧਿਆਨ ਨਾ ਦੇਣ, ਹੱਥਾਂ ਦੀ ਸਫਾਈ ਰੱਖਣ, ਇਕੱਠ ਨਾ ਕਰਨ ਅਤੇ ਬੁਖ਼ਾਰ, ਖਾਂਸੀ ਜਾਂ ਸਾਂਹ ਲੈਣ ਦੀ ਸ਼ਿਕਾਇਤ ਹੋਣ ਤੇ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।