ਲੋਕੇਸ਼ ਰਿਸ਼ੀ
ਵਿਦਿਆਰਥੀਆਂ ਵੱਲੋਂ ਖ਼ਾਲੀ ਪਈਆਂ ਕੰਧਾਂ ਤੇ ਭਰੇ ਜਾ ਰਹੇ ਨਾਨਕ ਨਾਮ ਦੇ ਰੰਗ
ਗੁਰਦਾਸਪੁਰ, 01 ਨਵੰਬਰ 2019 - ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਅਤੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਸਮਾਗਮਾਂ ਸਬੰਧੀ ਆਪਣਾ ਕੰਮ ਕਰ ਰਹੇ ਹਨ। ਉੱਥੇ ਹੀ ਆਮ ਲੋਕਾਂ ਦੇ ਨਾਲ ਨਾਲ ਵਿਦਿਆਰਥੀ ਵੀ ਡੇਰਾ ਬਾਬਾ ਨਾਨਕ ਲਈ ਕੁੱਝ ਨਾ ਕੁਝ ਚੰਗਾ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਵਿਖਾਈ ਦੇ ਰਹੇ ਹਨ।
ਅਜਿਹੀ ਹੀ ਇੱਕ ਤਾਜ਼ਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦੋਂ ਇੱਕ ਨਿੱਜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਡੇਰਾ ਬਾਬਾ ਨਾਨਕ ਦੀ ਦਿੱਖ ਨੂੰ ਹੋਰ ਵਧੀਆਂ ਬਣਾਉਣ ਲਈ ਖ਼ਾਲੀ ਦੀਵਾਰਾਂ ਤੇ ਧਾਰਮਿਕ ਅਤੇ ਸੱਭਿਆਚਾਰਕ ਚਿੱਤਰ ਉਕੇਰਨੇ ਸ਼ੁਰੂ ਕਰ ਦਿੱਤੇ ਗਏ। ਇਸ ਦੇ ਨਾਲ ਹੀ ਖ਼ਾਸ ਗੱਲ ਇਹ ਵੀ ਹੈ ਕਿ ਇਹ ਲੋਕ ਡੇਰਾ ਬਾਬਾ ਨਾਨਕ ਵਿਖੇ ਖ਼ਾਲੀ ਕੰਧਾਂ ਤੇ ਆਪ ਹੀ ਚਿੱਤਰਕਾਰੀ ਕਰ ਰਹੇ ਹਨ ਅਤੇ ਇਹਨਾਂ ਇਮਾਰਤਾਂ ਦੇ ਮਾਲਕਾਂ ਨੂੰ ਵੀ ਇਸ ਤੇ ਕੋਈ ਇਤਰਾਜ਼ ਨਹੀਂ। ਕੁੱਲ ਮਿਲਾ ਕੇ ਇਸ ਵੇਲੇ ਪੂਰੇ ਡੇਰਾ ਬਾਬਾ ਨਾਨਕ ਦੇ ਜ਼ੱਰੇ-ਜ਼ੱਰੇ ਵਿੱਚ ਨਾਨਕ ਨਾਮ ਦੀ ਮਹਿਕ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਮ ਕਾਲਜ ਦੀਨਾਨਗਰ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਡੇਰਾ ਬਾਬਾ ਨਾਨਕ ਵਿਖੇ ਖ਼ਾਲੀ ਪਈਆਂ ਕੰਧਾਂ ਤੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਸਬੰਧਿਤ ਕਲਾਕ੍ਰਿਤੀਆਂ ਬਣਾ ਰਹੇ ਹਨ ਅਤੇ ਕਿਸੇ ਵੀ ਇਮਾਰਤ ਦੇ ਮਾਲਕ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ। ਆਪਣੇ ਵੱਲੋਂ ਕੀਤੀ ਜਾ ਰਹੀ ਮਿਹਨਤ ਦਾ ਮੁੱਖ ਮਕਸਦ ਦੱਸਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੋ ਵੀ ਡੇਰਾ ਬਾਬਾ ਨਾਨਕ ਵਿਖੇ ਆਏ। ਉਹ ਗੁਰੂ ਸਾਹਿਬ ਦੀ ਇਸ ਰੰਗ ਬਿਰੰਗੀ ਅਤੇ ਅਲੌਕਿਕ ਚਿੱਤਰਕਲਾ ਨੂੰ ਵੇਖ ਕੇ ਨਾਨਕ ਨਾਮ ਵਿੱਚ ਰੰਗਿਆ ਜਾਵੇ।