← ਪਿਛੇ ਪਰਤੋ
ਮੁੱਖ ਮੰਤਰੀ ਪੰਜਾਬ ਨੇ ਬਟਾਲਾ ਵਿਖੇ ਕੈਬਨਿਟ ਮੀਟਿੰਗ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਪ੍ਰੋਜੈਕਟਾਂ ਦਾ ਜਾਇਜਾ ਲਿਆ ਮੁੱਖ ਮੰਤਰੀ ਪੰਜਾਬ ਨੇ ਪ੍ਰਕਾਸ਼ ਪੁਰਬ ਮਾਰਗ ਦਾ ਰੱਖਿਆ ਨੀਂਹ ਪੱਥਰ ਬਟਾਲਾ, 24 ਅਕਤੂਬਰ 2019: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਆਸ ਜਤਾਉਂਦਿਆਂ ਕਿਹਾ ਕਿ ਪਾਕਿਸਤਾਨ ਸਿੱਖ ਧਰਮ ਦੀਆਂ ਭਾਵਨਾਵਾਂ ਅਤੇ ਰਵਾਇਤਾਂ ਨੂੰ ਸਮਝਦੇ ਹੋਏ ਭਾਰਤੀ ਸ਼ਰਧਾਲੂਆਂ ਵਲੋਂ ਸ੍ਰੀ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਵਸੂਲੀ ਜਾਣ ਵਾਲੀ 20 ਡਾਲਰ ਦੀ ਫੀਸ ਨੂੰ ਮੁਆਫ਼ ਕਰੇਗਾ। ਉਨਾਂ ਕਿਹਾ ਕਿ ਇਥੋਂ ਕਿ ਅਕਬਰ ਨੇ ਵੀ ਗੈਰ-ਮੁਸਲਿਮ ਧਰਮਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਜਜੀਆ ਟੈਕਸ ਮੁਆਫ਼ ਕੀਤਾ ਸੀ। ਉਨਾਂ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਿੱਖ ਸ਼ਰਧਾਲੂਆਂ ’ਤੇ ਲਗਾਈ ਗਈ 20 ਡਾਲਰ ਦੀ ਫੀਸ ਉੱਪਰ ਮੁੱੜ ਵਿਚਾਰ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਪਾਕਿਸਤਾਨ ਨੂੰ ਮੱਕਾ ਜਾਂਦੇ ਹੱਜ਼ ਯਾਤਰੀਆਂ ਕੋਲੋਂ ਲਈ ਜਾਂਦੇ ਪੈਸੇ ਦੀ ਤਰਜ਼ ’ਤੇ ਸਿੱਖ ਸ਼ਰਧਾਲੂਆਂ ਕੋਲੋਂ ਫੀਸ ਨਹੀਂ ਵਸੂਲਣੀ ਚਾਹੀਦੀ ਕਿਉਂਕਿ ਇਹ ਸਿੱਖ ਧਰਮ ਦੀਆਂ ਰਵਾਇਤਾਂ ਵਿੱਚ ਨਹੀਂ ਹੈ। ਮੁੱਖ ਮੰਤਰੀ ਪੰਜਾਬ ਨੇ ਭਾਰਤ ਅਤੇ ਪਾਕਿਸਤਾਨ ਵਲੋਂ ਕਰਤਾਰਪੁਰ ਕੋਰੀਡੋਰ ਖੋਲਣ ’ਤੇ ਹੋਏ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਕਿ ਹਰ ਰੋਜ਼ 5000 ਸ਼ਰਧਾਲੂ ਇੱਕਲੇ ਤੌਰ ’ਤੇ ਜਾਂ ਸਮੂਹਿਕ ਰੂਪ ਵਿੱਚ ਸਵੇਰੇ ਸੂਰਜ ਚੜਨ ਤੋਂ ਸ਼ਾਮ ਸੂਰਜ ਡੁੱਬਣ ਤੱਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉਨਾਂ ਅੱਗੇ ਕਿਹਾ ਕਿ ਸ਼ਰਧਾਲੂ ਲਈ ਪਛਾਣ ਲਈ ਪਾਸਪੋਰਟ ਹੋਣਾ ਜਰੂਰੀ ਹੈ ਪਰ ਪਾਸਪੋਰਟ ਉੱਪਰ ਕੋਈ ਵੀਜ਼ਾ ਨਹੀਂ ਲੱਗੇਗਾ। ਨਾਲ ਹੀ ਉਨਾਂ ਕਿਹਾ ਕਿ ਪ੍ਰਵਾਸੀ ਭਾਰਤੀ ਅਤੇ ਓ.ਸੀ.ਆਈ ਕਾਰਡ ਧਾਰਕ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਦੇ ਹਨ। ਉਨਾਂ ਕਿਹਾ ਕਿ ਸ਼ਰਧਾਲੂ ਕੋਰੀਡੋਰ ਰਾਹੀਂ ਪੈਦਲ ਵੀ ਦਰਸ਼ਨਾਂ ਲਈ ਜਾ ਸਕਣਗੇ। ਮੁੱਖ ਮੰਤਰੀ ਪੰਜਾਬ ਨੇ ਦੁਹਰਾਇਆ ਕਿ ਉਹ ਖੁਦ ਅਤੇ ਸਾਰੀਆਂ ਪਾਰਟੀਆਂ ਦਾ ਵਫ਼ਦ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਨਾਂ ਦੀ ਧਰਮ ਪਤਨੀ ਪਹਿਲੇ ਜਥੇ ਵਿੱਚ ਕੋੋਰੀਡੋਰ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਉਨਾਂ ਕਿਹਾ ਕਿ ਸਰਕਾਰ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਵਿਧਾਇਕਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਸ ਪਹਿਲੇ ਜਥੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨਾਂ ਕਿਹਾ ਕਿ ਇਸ ਮਹਾਨ ਪੁਰਬ ਮੌਕੇ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਤਾਬਦੀ ਸਮਾਗਮ ਮਨਾਉਣੇ ਚਾਹੀਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਅਤੇ ਸਮਾਗਮਾਂ ਦੀ ਅੰਤਿਮ ਰੂਪ-ਰੇਖਾ ਅਗਲੇ ਤਿੰਨ-ਚਾਰ ਦਿਨਾਂ ਤੱਕ ਦੱਸ ਦਿੱਤੀ ਜਾਵੇਗੀ। ਇਸਤੋਂ ਪਹਿਲਾਂ ਮੁੱਖ ਮੰਤਰੀ ਅਤੇ ਉਨਾਂ ਦੀ ਪੂਰੀ ਵਜ਼ਾਰਤ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੇ ਜਾ ਵਿਕਾਸ ਪ੍ਰੋਜੈਕਟਾਂ ਦਾ ਜਾਇਜਾ ਲਿਆ ਗਿਆ। ਅੱਜ ਉਨਾਂ ਵਲੋਂ 103 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 109 ਕਿਲੋਮੀਟਰ ਲੰਬਾਈ ਵਾਲੇ ‘ਪ੍ਰਕਾਸ਼ ਪੁਰਬ ਮਾਰਗ’ ਜੋ ਸੁਲਤਾਨਪੁਰ ਲੋਧੀ ਤੋਂ ਲੈ ਕੇ ਡੇਰਾ ਬਾਬਾ ਨਾਨਕ ਦਾ ਨੀਂਹ ਪੱਥਰ ਰੱਖਿਆ ਗਿਆ। ਪੰਜਾਬ ਸਰਕਾਰ ਵਲੋਂ 10 ਮੀਟਰ ਚੌੜਾ ਬਣਾਇਆ ਜਾ ਰਿਹਾ ਇਹ ਮਾਰਗ ਸੁਲਤਾਨਪੁਰ ਲੋਧੀ ਤੋਂ ਵਾਇਆ ਮੁੰਡੀ ਮੋੜ-ਕਪੂਰਥਲਾ-ਸੁਭਾਨਪੁਰ-ਬਿਆਸ-ਬਾਬਾ ਬਕਾਲਾ-ਬਟਾਲਾ ਵੱਲ ਦੀ ਡੇਰਾ ਬਾਬਾ ਨਾਨਕ ਤੱਕ ਜਾਵੇਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਬਟਾਲਾ ਵਿਖੇ 13 ਕਰੋੜ ਰੁਪਏ ਦੀ ਲਾਗਤ ਨਵਾਂ ਬੱਸ ਸਟੈਂਡ ਬਣਾਇਆ ਜਾਵੇਗਾ।
Total Responses : 267