ਕੈਨੇਡਾ ਦੀਆਂ ਮੁੱਖ ਤਿੰਨ ਪਾਰਟੀਆਂ ਲਿਬਰਲ, ਐਨ ਡੀ ਪੀ ਅਤੇ ਕੰਜਰਵੇਟਿਵ ਮੁਖੀ ਜਸਟਿਨ ਟਰੂਡੋ, ਜਗਮੀਤ ਸਿੰਘ ਅਤੇ ਐਂਨਡਰੀਓ ਸ਼ੀਅਰ
ਕੰਵਲਜੀਤ ਸਿੰਘ ਕੰਵਲ
ਟੋਰਾਂਟੋ, 19 ਅਕਤੂਬਰ 2019 - 21 ਅਕਤੂਬਰ ਨੂੰ ਕੈਨੇਡਾ ਦੀ 47ਵੀਂ ਫੈਡਰਲ ਸਰਕਾਰ ਚੁਣੇ ਜਾਣ ਦੀ ਪ੍ਰੀਕਿਰਿਆ ਨੂੰ ਕੈਨੇਡਾ ਦੇ ਵੋਟਰ ਅੰਜਾਂਮ ਦੇਣ ਜਾ ਰਹੇ ਹਨ। ਜਦੋਂ ਕਿ ਇੱਥੋਂ ਦੀ ਚਾਰ ਦਿਨਾਂ ਹੋਈ ਐਡਵਾਂਸ ਪੋਲਿੰਗ ਜਿਸ ਵਿੱਚ ਕੁਲ ਵੋਟਰਾਂ ਦਾ 29% ਅਤੇ 4,7 ਮਿਲੀਅਨ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਐਡਵਾਂਸ ਪੋਲਿੰਗ ਚ ਏਡੀ ਵੱਡੀ ਗਿਣਤੀ ਚ ਜੋ ਕਿ ਐਡਵਾਂਸ ਪੋਲਿੰਗ ਦੇ ਬੀਤੇ ਸਾਰੇ ਰਿਕਾਰਡ ਟੁੱਟਣਾਂ ਕਿਸੇ ਵੱਡੇ ਬਦਲਾਅ ਦਾ ਸੂਚਕ ਹੈ। ਕੈਨੇਡਾ ਦੀਆਂ ਵੱਖ ਵੱਖ ਪੋਲ ਏਜੰਸੀਆਂ ਵੱਲੋਂ ਜਾਰੀ ਕੀਤੀਆਂ ਕੱਲ ਤੱਕ ਦੀਆਂ ਰਿਪੋਰਟਾਂ ਅਨੁਸਾਰ ਮੁੱਖ ਮੁਕਾਬਲਾ ਇਸ ਵੇਲੇ ਰਾਜ ਕਰ ਰਹੇ ਲਿਬਰਲਾਂ ਜਿਹਨਾਂ ਦੀ ਅਗਵਾਈ ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜਰਵੇਟਿਵ ਪਾਰਟੀ ਜਿਸ ਦੀ ਅਗਵਾਈ ਐਂਡਰੀਓ ਸ਼ੀਅਰ ਕਰ ਰਹੇ ਹਨ ਅਤੇ ਉਹ ਕੈਨੇਡਾ ਦੀ ਸੰਸਦ ਵਿੱਚ ਮੁੱਖ ਵਿਰੋਧੀ ਧਿਰ ਵੱਜੋਂ ਵੀ ਵਿਚਰ ਰਹੇ ਹਨ ਵਿਚਾਲੇ ਦਿਖਾਈ ਦੇ ਰਿਹਾ ਹੈ।
ਇਹਨਾਂ ਚੋਣਾਂ ਚ ਭਾਗ ਲੈਣ ਵਾਲੀ ਤੀਸਰੀ ਪਾਰਟੀ ਐਨ ਡੀ ਪੀ ਹੈ ਜਿਸ ਦੇ ਮੁੱਖੀ ਵੱਜੋਂ ਇਕ ਸਾਬਤ ਸੂਰਤ ਸਿੱਖ ਅਤੇ ਕਿੱਤੇ ਵੱਜੋਂ ਵਕੀਲ ਜਗਮੀਤ ਸਿੰਘ ਹਨ ਜੋ ਕਿ ਕੈਨੇਡਾ ਦੇ ਪਰਧਾਨ ਮੰਤਰੀ ਦੀ ਗੱਦੀ ਲਈ ਵੀ ਉਮੀਦਵਾਰ ਹਨ ਜਿਹਨਾਂ ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਹਨ ਇਹਨਾਂ ਤਿੰਨ ਪਾਰਟੀਆਂ ਤੋਂ ਇਲਾਵਾ ਗਰੀਨ ਪਾਰਟੀ ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਵੀ ਚੋਣ ਮੈਦਾਨ ਵਿੱਚ ਹੈ। ਇਹਨਾਂ ਚੋਣਾਂ ਵਿੱਚ ਵੱਖ ਵੱਖ ਪਾਰਟੀਆਂ ਵੱਲੋਂ ਲੋਕ ਹਿਤਾਂ ਦੀ ਗੱਲ ਕਰਨ ਦੀ ਬਜਾਏ ਲੀਡਰਾਂ ਵੱਲੋਂ ਇਕ ਦੂਜੇ ਤੇ ਨਿੱਜੀ ਦੂਸ਼ਣਬਾਜੀ ਦੇ ਮਾਮਲੇ ਭਾਰੂ ਰਹੇ ਜਿਵੇਂ ਲੱਗ ਪੱਗ ਦੋ ਦਹਾਕੇ ਪਹਿਲਾਂ ਜਸਟਿਨ ਟਰੂਡੋ ਵੱਲੋਂ ਇਕ ਸਕੂਲ ਚ ਅਧਿਆਪਕ ਹੁੰਦਿਆਂ ਇਕ ਸਭਿਆਚਾਰਕ ਪਰੋਗਰਾਮ ਵਿੱਚ ਆਪਣਾ ਮੂੰਹ ਕਾਲਾ ਕਰਨਾਂ ਅਤੇ ਐਂਡਰੀਓ ਸ਼ੀਅਰ ਵੱਲੋਂ ਕੈਨੇਡਾ ਦੇ ਪਰਧਾਨ ਮੰਤਰੀ ਪੱਦ ਦੇ ਉਮੀਦਵਾਰ ਹੋਣ ਦੇ ਬਾਵਜੂਦ ਦੋਹਰੀ ਨਾਗਰਿਕਤਾ ਰੱਖਣਾਂ, ਮਿਸੀਸਾਗਾ ਚ ਲਿਬਰਲ ਪਾਰਟੀ ਦੀ ਇਕ ਰੈਲੀ ਚ ਜਸਟਿਨ ਟਰੂਡੋ ਦਾ ਢੇਡ ਘੰਟਾ ਲੇਟ ਬੂਲਟ ਪਰੂਫ ਜੈਲਟ ਪਾ ਕੇ ਪੁੱਜਣਾਂ ਆਦਿ ਵਰਗੇ ਮੁੱਦੇ ਸੁਰਖੀਆਂ ਬਣੇ ਰਹੇ ਜਦੋਂ ਕਿ ਲੈਂਡਿਡ ਇੰਮੀਗਰਾਂਟਾਂ ਦੇ ਇਸ ਮੁਲਕ ਤੇ ਆਉਂਦੇ ਦਿਨਾਂ ਚ ਰਾਜ ਕਰਨ ਵਾਲੇ ਕਿਸੇ ਵੀ ਸੰਭਾਵੀ ਉਮੀਦਵਾਰ ਨੇ ਸਪੱਸ਼ਟ ਤੌਰ ਤੇ ਆਪਣੇ ਪੱਤੇ ਨਹੀਂ ਖ੍ਹੋਲੇ। ਭਾਰਤ ਸਮੇਤ ਦੁਨੀਆਂ ਭਰ ਚੋਂ ਲੱਖਾਂ ਵਿਦਿਆਰਥੀ ਇੱਥੇ ਪੜ੍ਹਨ ਲਈ ਆਏ ਪਰ ਉਹਨਾਂ ਦੇ ਭਵਿੱਖ ਅਤੇ ਦੁਨੀਆਂ ਭਰ ਤੋਂ ਮੰਗਵਾਏ ਗਏ ਲੱਖਾਂ ਪਰੋਫੈਸ਼ਨਲਜ਼ ਜਿਹਨਾਂ ਨੂੰ ਇੱਥੇ ਲਿਆਂਦਾ ਤਾਂ ਗਿਆ ਪਰ ਉਹਨਾਂ ਦੇ ਕਿੱਤੇ ਦਾ ਕੋਈ ਪਰਬੰਧ ਨਾਂ ਹੋਣ ਵਰਗੇ ਜਾਂ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਵੇਖਣ ਨੂੰ ਨਹੀਂ ਮਿਲਦੀ। ਚੇਤੇ ਰਹੇ ਅਜਿਹੇ ਦੁਨੀਆਂ ਭਰ ਤੋਂ ਆਉਣ ਵਾਲੇ ਲੱਖਾਂ ਲੋਕ ਆਊਂਦੀਆਂ ਚੋਣਾਂ ਤੱਕ ਇਸ ਮੁਲਕ ਚ ਸਿਟੀਜਨਸ਼ਿਪ ਲੈ ਕੇ ਵੋਟਰ ਬਣ ਸਕਦੇ ਹਨ ਅਤੇ ਇੱਥੋਂ ਦੇ ਰਾਜਨੀਤਕ ਭਵਿੱਖ ਲਈ ਫੈਸਲਾਕੁੰਨ ਵੀ ਸਾਬਤ ਹੋ ਸਕਦੇ ਹਨ ਪਰ ਜਿਸੇ ਵੀ ਧਿਰ ਨੇ ਉਹਨਾਂ ਲੋਕਾਂ ਬਾਰੇ ਆਪਣੇ ਮੈਨੀਫੈਸਟੋ ਚ ਸਪੱਸ਼ਟ ਨਹੀਂ ਕੀਤਾ।
ਕੈਨੇਡਾ ਦੀ ਸਰਕਾਰ ਤੇ ਕਾਬਜ਼ ਹੋਣ ਲਈ ਲੜ੍ਹ ਰਹੀਆਂ ਧਿਰਾਂ ਵੱਲੋਂ ਓਨਟਾਰੀਓ, ਕਿਊਬਿਕ ਅਤੇ ਬਰਿਟਿਸ਼ ਕੋਲੰਬੀਆਂ ਕੈਨੇਡਾ ਦੇ ਤਿੰਨ ਵੱਡੇ ਸੂਬਿਆਂ ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਕਿਉਂਕਿ ਕੈਨੇਡਾ ਦੀ ਸਰਕਾਰ ਤੇ ਕਾਬਜ਼ ਹੋਣ ਲਈ ਇਹ ਤਿੰਨੇ ਸੂਬੇ ਹੀ ਅਹਿਮ ਭੂਮਿਕਾ ਨਿਭਾਂਉਂਦੇ ਹਨ ਅਤੇ ਪਾਰਲੀਮੈਂਟ ਦੀਆਂ 71% ਸੀਟਾਂ ਵੀ ਇਹਨਾਂ ਸੂਬਿਆਂ ਚ ਹਨ। ਨਵੇਂ ਆ ਰਹੇ ਐਗਜਿਟ ਪੋਲਾਂ ਅਨੁਸਾਰ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਵਿਚਾਲੇ ਕਾਂਟੇ ਦੀ ਟੱਕਰ ਹੈ, ਐਨ ਡੀ ਪੀ ਅਤੇ ਗਰੀਨ ਪਾਰਟੀ ਨੂੰ ਤੀਜੇ ਅਤੇ ਚੌਥੇ ਨੰਬਰ ਤੇ ਵਿਖਾਇਆ ਜਾ ਰਿਹਾ ਹੈ, ਜਿਵੇਂ ਕਿ ਕੰਜ਼ਰਵੇਟਿਵ ਪਾਰਟੀ ਨੂੰ 32.1% ਲਿਬਰਲਾਂ ਨੰ 31.1% ਐਨ ਡੀ ਪੀ ਨੂੰ 18.3%, ਅਤੇ ਗਰਨਿ ਪਾਰਟੀ ਨੂੰ 8.2% ਬਲਾਕ ਨੂੰ 6.9% ਅਤੇ ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ 2.6% ਕੈਨੇਡੀਅਨ ਲੋਕਾਂ ਦਾ ਸਮਰਥਨ ਪ੍ਰਾਪਤ ਹੈ। ਕੈਨੇਡਾ ਵਿਚਲੇ ਰਾਜਨੀਤਕ ਮਾਹਿਰਾਂ ਅਨੁਸਾਰ ਲਿਬਰਲ ਘੱਟ ਗਿਣਤੀ ਸਰਕਾਰ ਵੀ ਬਣਾ ਸਕਦੇ ਹਨ। ਘੱਟ ਗਿਣਤੀ ਸਰਕਾਰ ਬਣਨ ਦੀ ਸੂਰਤ ਵਿੱਚ ਐਨ ਡੀ ਪੀ ਮੁਖੀ ਨੇ ਆਪਣੇ ਪੱਤੇ ਖ੍ਹੋਲਦਿਆਂ ਸਪੱਸ਼ਟ ਕੀਤਾ ਕਿ ਉਹ ਲਿਬਰਲ ਦੀ ਮਦਦ ਕਰਨਗੇ ਅਤੇ ਬਾਹਰੋਂ ਮਦਦ ਕਰ ਕੇ ਲੋਕਾਂ ਦੀਆਂ ਮੰਗਾਂ ਮਨਵਾਉਣ ਦਾ ਯਤਨ ਕਰਾਂਗਾ।
ਐਨ ਡੀ ਪੀ ਮੁਖੀ ਜਗਮੀਤ ਸਿੰਘ ਦੇ ਇਸ ਬਿਆਨ ਨੇ ਕੈਨੇਡਾ ਵਿਚਲੇ ਡਾਵਾਂ ਡੋਲ ਵੋਟਰ ਜੋ ਲਿਬਰਲਾਂ ਦੇ ਖੇਮੇ ਚੋਂ ਨਿਕਲ ਕੇ ਐਨ ਡੀ ਪੀ ਦੇ ਹੱਕ ਚ ਵੋਟ ਪਾਉਣ ਲਈ ਮਨ ਬਣਾਂ ਰਹੇ ਸਨ ਉਹਨਾਂ ਨੂੰ ਵੀ ਕਥਿੱਤ ਤੌਰ ਤੇ ਹੁਣ ਦੁਬਾਰਾ ਸੋਚਣਾਂ ਪੈ ਰਿਹਾ ਹੈ ਕਿ ਉਹ ਵੋਟ ਕਿਸ ਨੂੰ ਦੇਣ , ਜਦੋਂ ਕਿ ਚਾਹੀਦਾ ਇਹ ਸੀ ਇਸ ਬਾਰੇ ਜਗਮੀਤ ਸਿੰਘ ਨੂੰ ਸਮਾਂ ਆਉਣ ਤੇ ਹੀ ਆਪਣੀ ਪਾਲਿਸੀ ਬਿਆਨ ਕਰਦੇ। ਇਹਨਾਂ ਸਤਰਾਂ ਲਿਖੇ ਜਾਣ ਵੇਲੇ ਚੋਣਾਂ ਵਿੱਚ ਸਿਰਫ ਇਕ ਦਿਨ ਹੀ ਬਾਕੀ ਰਹਿ ਗਿਆ ਹੈ ਪਰ ਕੈਨੇਡੀਅਨ ਭਾਈਚਾਰੇ ਦੇ ਦਿਲਾਂ ਚ ਬੀਤੇ ਚਾਰ ਸਾਲਾਂ ਦੌਰਾਨ ਜਸਟਿਨ ਟਰੂਡੋ ਵੱਲੋਂ ਬੀਤੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਅਤੇ ਉਹਨਾਂ ਦੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਅਤੇ ਦਾਅਵਿਆਂ ਦੀ ਵਫਾਈ ਦਾ ਰਿਪੋਰਟ ਕਾਰਡ ਵੀ ਸੁਹਿਰਦ ਵੋਟਰਾਂ ਦੇ ਦਿਲਾਂ ਚ ਹੈ।
21 ਤਾਰੀਕ ਸ਼ਾਮ ਤੱਕ ਵੋਟਾਂ ਪੈਣ ਤੋਂ ਕੁਝ ਕੂ ਮਿੰਟਾਂ ਬਾਅਦ ਹੀ ਵੋਟ ਬਕਸੇ ਖੁੱਲਣ ਤੇ ਪਤਾ ਲੱਗੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ। 21 ਅਕਤੂਬਰ ਰਾਤ ਦੇਰ ਰਾਤ ਤੱਕ ਇਹ ਸਪਸ਼ੱਟ ਹੋ ਜਾਵੇਗਾ ਕਿ ਕੈਨੇਡੀਅਨ ਵੋਟਰਾਂ ਵੱਲੋਂ ਕੈਨੇਡਾ ਦੀੀ ਕਿਸ ਪਾਰਟੀ ਨੂੰ ਕੈਨੇਡਾ ਦੀ ਮਾਲਕੀ ਦੀਆਂ ਚਾਬੀਆਂ ਮਿਲਦੀਆਂ ਹਨ ਅਤੇ ਅਗਲੇ ਚਾਰ ਸਾਲ ਲਈ ਕੌਣ ਬਣੇਗਾ ਕੈਨੇਡਾ ਦਾ ਪਰਧਾਨ ਮੰਤਰੀ ਜਸਟਿਨ ਟਰੂਡੋ, ਐਡਰੀਓ ਸ਼ੀਅਰ ਜਾਂ ਜਗਮੀਤ ਸਿੰਘ ?