ਇਸ ਵਾਰ ਕਿੱਧਰ ਜਾਏਗੀ ਡੇਰਾ ਸਿਰਸਾ ਦੀ ਵੋਟ ਪੰਜਾਬ 'ਚ ?
ਬਲਜੀਤ ਬੱਲੀ
ਚੰਡੀਗੜ੍ਹ , 18 ਮਈ , 2019 :ਸਵਾਲਾਂ ਦਾ ਸਵਾਲ ਹੈ ਕਿ 19 ਮਈ ਨੂੰ ਹੋ ਰਹੀਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ 'ਚ ਡੇਰਾ ਸਿਰਸਾ ਦੇ ਪ੍ਰੇਮੀ ਕਿਸ ਸਿਆਸੀ ਧਿਰ ਜਾਂ ਕਿਸ-ਕਿਸ ਉਮੀਦਵਾਰ ਦੇ ਹੱਕ 'ਚ ਭੁਗਤਣਗੇ ? ਡੇਰੇ ਦੇ ਕਿਸੇ ਨੁਮਾਇੰਦੇ ਜਾਣ ਡੇਰੇ ਦੇ ਸਿਆਸੀ ਵਿੰਗ ਦੇ ਕਿਸੇ ਬੁਲਾਰੇ ਵੱਲੋਂ ਇਸ ਬਾਰੇ ਬਕਾਇਦਾ ਕੋਈ ਵੀ ਐਲਾਨ ਨਾ ਕੀਤੇ ਜਾਣ ਕਾਰਨ ਇਹ ਭੇਦ ਹੋਰ ਵੀ ਗੁੱਝਾ ਬਣਿਆ ਹੋਇਆ ਹੈ ਕਿ ਡੇਰਾ ਪ੍ਰੇਮੀ ਕਿੱਧਰ ਵੋਟ-ਰੁੱਖ ਕਰਨਗੇ ? ਪਿਛਲੇ ਮਹੀਨੇ ਡੇਰਾ ਪ੍ਰੇਮੀਆਂ ਵੱਲੋਂ ਜ਼ਿਲ੍ਹਾ ਅਤੇ ਸਥਾਨਕ ਪੱਧਰਾਂ ਤੇ ਨਾਮ ਚਰਚਾ ਮੌਕੇ ਕੀਤੇ ਬਹੁਤ ਭਰਵੇਂ ਅਤੇ ਵੱਡੇ ਇਕੱਠਾਂ ਨੇ ਇਹ ਸੰਕੇਤ ਦਿੱਤੇ ਸਨ ਕਿ ਡੇਰਾ ਮੁਖੀ ਦੇ ਸਜ਼ਾਯਾਫ਼ਤਾ ਹੋਕੇ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਵੀ ਡੇਰਾ ਪ੍ਰੇਮੀਆਂ ਦਾ ਵੋਟ ਬੈਂਕ ਬਹੁਤਾ ਟੁੱਟਿਆ ਜਾਂ ਖਿੰਡਿਆ ਨਹੀਂ। ਡੇਰੇ ਦੇ ਸਥਾਪਨ ਦਿਵਸ ਮੌਕੇ ਵੀ ਸਿਰਸੇ 'ਚ ਹੋਏ ਵੱਡੇ ਇਕੱਠ ਨੇ ਇਸੇ ਪ੍ਰਭਾਵ ਨੂੰ ਪੱਕਾ ਹੀ ਕੀਤਾ ਸੀ . ਉਦੋਂ ਵੀ ਇਹ ਚਰਚਾ ਸ਼ੁਰੂ ਹੋਈ ਸੀ ਕਿਉਂਕਿ ਇਹ ਵੀ ਖ਼ਬਰਾਂ ਆਈਆਂ ਸਨ ਡੇਰੇ ਦੀ 45 ਮੈਂਬਰੀ ਕਮੇਟੀ ਅਤੇ ਡੇਰੇ ਦੇ ਸਿਆਸੀ ਵਿੰਗ ਦੀ 7 ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਅਤੇ ਸਰਗਰਮੀਆਂ ਦੀਆਂ ਵੀ ਕਨਸੋਆਂ ਮਿਲੀਆਂ ਸਨ .ਡੇਰਾ ਪ੍ਰੇਮੀਆਂ ਦੇ ਇਨ੍ਹਾਂ ਇਕੱਠਾਂ ਨੂੰ ਕੇ ਸਿਆਸੀ ਲਾਲਾਂ ਤਾਂ ਕਈ ਪਾਰਟੀਆਂ ਅਤੇ ਉਮੀਦਵਾਰਾਂ ਦੀ ਡਿੱਗੀਆਂ ਹੋਣਗੀਆਂ ਪਰ ਡੇਰਾ ਮੁਖੀ ਨੂੰ ਹੋਈ ਕੈਦ ਕਰ ਕੇ ਹੋਈ ਉਹਦੀ ਬਦਨਾਮੀ ਅਤੇ ਉਧਰੋਂ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਜਾਣ ਵਾਲੀ ਤਲਬੀ ਦੇ ਡਰੋਂ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੇ ਖੁੱਲ੍ਹੇ ਆਮ ਡੇਰਾ ਪ੍ਰੇਮੀਆਂ ਕੋਲ ਜਾਣ ਜਾਂ ਉਨ੍ਹਾਂ ਦੀਆਂ ਵੋਟਾਂ ਮੰਗਣ ਹੌਸਲਾ ਨਹੀਂ ਕੀਤਾ ਪਰ ਅੰਦਰ ਖਾਤੇ ਡੇਰਾ ਵੋਟ ਬੈਂਕ ਨੂੰ ਹਾਸਲ ਕਰਨ ਦੀ ਇੱਛਾ ਲਾਜ਼ਮੀ ਹੋਵੇਗੀ।
ਬਾਬੂਸ਼ਾਹੀ ਡਾਟ ਕਾਮ ਵੱਲੋਂ ਕੀਤੀ ਪੜਤਾਲ ਦੌਰਾਨ ਵੀ ਡੇਰੇ ਦੇ ਸਿਆਸੀ ਵਿੰਗ ਦੇ ਮੋਹਰੀਆਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ .ਵਿੰਗ ਇੱਕ ਸੀਨੀਅਰ ਮੈਂਬਰ ਦਾ ਕਹਿਣਾ ਸੀ ਕਿ ਪ੍ਰੇਮੀਆਂ ਨੂੰ ਖੁੱਲ੍ਹ ਦਿੱਤੀ ਹੈ ਕਿ ਉਹ ਆਪਣੇ ਹਲਕੇ ਮੁਤਾਬਿਕ ਮਰਜ਼ੀ ਨਾਲ ਵੋਟ ਕਰਨ .ਪਰ ਉਦਾਸ ਇਹ ਕਥਨ ਹਜ਼ਮ ਆਉਣ ਵਾਲਾ ਨਹੀਂ ਕਿਉਂਕਿ ਜਦੋਂ ਕੁਝ ਹੋਰਨਾਂ ਪ੍ਰੇਮੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿਆਸੀ ਵਿੰਗ ਦਾ ਇਹ ਦਾਅਵਾ ਠੀਕ ਨਹੀਂ।
ਇੱਕ ਨੇ ਤਾਂ ਇਹ ਕਿਹਾ ਕਿ ਫ਼ਿਰੋਜ਼ਪੁਰ ਨੂੰ ਛੱਡ ਕੇ ਪੰਜਾਬ ਦੇ ਬਾਕੀ ਲੋਕ ਸਭਾ ਹਲਕਿਆਂ ਵਿਚ ਡੇਰਾ ਪ੍ਰੇਮੀ ਕਾਂਗਰਸ ਦੇ ਹੱਕ ਵਿਚ ਭੁਗਤ ਸਕਦੇ ਨੇ . ਉਸਦਾ ਇਹ ਵੀ ਕਹਿਣਾ ਸੀ ਬਠਿੰਡੇ ਦਾ ਵੀ ਅਜੇ ਪੰਗਾ ਪਿਆ ਹੋਇਆ ਹੈ .ਚੰਡੀਗੜ੍ਹ ਇੱਕ ਹੋਰ ਸਰਗਰਮ ਪ੍ਰੇਮੀ ਨੇ ਇਹ ਵੀ ਕਿਹਾ ਕਿ ਵੋਟ ਕਿਸ ਨੂੰ ਪਾਉਣੀ ਹੈ , ਇਹ ਫ਼ੈਸਲਾ ਵੋਟਾਂ ਪੈ ਜਾਣ ਤੋਂ ਕੁਝ ਮਿੰਟ ਪਹਿਲਾਂ ਤੱਕ ਵੀ ਬਦਲ ਸਕਦਾ ਹੈ . ਡੇਰਾ ਪ੍ਰੇਮੀਆਂ ਦਾ ਸੰਚਾਰ ਸਿਸਟਮ ਇੰਨਾ ਅਸਰਦਾਰ ਹੈ ਕਿ ਉਹ ਪਲਾਂ 'ਚ ਸਾਰੇ ਪੈਰੋਕਾਰਾਂ ਨੂੰ ਸਨੇਹਾ ਭੇਜ ਸਕਦੇ ਨੇ . ਉਸਦਾ ਇਹ ਵੀ ਕਹਿਣਾ ਸੀ ਕਿ ਚੰਡੀਗੜ੍ਹ 'ਚ ਵੀ ਪ੍ਰੇਮੀ ਕਾਂਗਰਸ ਦੀ ਮਦਦ ਕਰਨਗੇ ਜਦੋਂ ਕਿ ਹਰਿਆਣੇ ਵਿੱਚ ਖੁੱਲ੍ਹੀ ਛੁੱਟੀ ਹੈ।
ਪਟਿਆਲੇ ਦੇ ਇਕ ਸਰਗਰਮ ਪ੍ਰੇਮੀ ਹਰਨੇਕ ਸਿੰਘ ਨੇ ਬਾਬੂਸ਼ਾਹੀ ਨਾਲ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡੇਰੇ ਦੇ ਸਿਆਸੀ ਵਿੰਗ ਵੱਲੋਂ ਉਨ੍ਹਾਂ ਨੂੰ 18 ਮਈ ਰਾਤ ਤੱਕ ਕੋਈ ਹਿਦਾਇਤ ਨਹੀਂ ਆਈ ਇਸ ਲਈ ਉਹ ਡੇਰਾ ਮੁਖੀ ਦੇ ਉਸ ਆਦੇਸ਼ ਮੁਤਾਬਿਕ ਸੁਰਜੀਤ ਸਿੰਘ ਰੱਖੜਾ ਦੀ ਹਿਮਾਇਤ ਕਰ ਰਹੇ ਹਨ ਕਿ ਚੰਗੇ ਉਮੀਦਵਾਰਾਂ ਨੂੰ ਚੁਣਨਾ ਚਾਹੀਦਾ ਹੈ.ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪ੍ਰੇਮੀ ਪਹਿਲਾਂ ਹੀ ਵੱਖ ਵੱਖ ਉਮੀਦਵਾਰਾਂ ਜਾਣ ਪਾਰਟੀਆਂ ਦੇ ਨਾਲ ਤੁਰੇ ਹੋਏ ਨੇ।
ਚੇਤੇ ਰਹੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਡੇਰੇ ਨੇ ਪੰਜਾਬ ਅਕਾਲੀ- ਬੀ ਜੇ ਪੀ ਗੱਠਜੋੜ ਦੀ ਖੁੱਲ੍ਹੀ ਹਿਮਾਇਤ ਕੀਤੀ ਸੀ ਜਿਸ ਦੀ ਅਕਾਲੀ ਦਲ ਨੂੰ ਬਹੁਤ ਵੱਡੀ ਸਿਆਸੀ ਕੀਮਤ ਚੁਕਾਉਣੀ ਪਈ ਸੀ।