ਜੀ ਐਸ ਪੰਨੂ
ਪਟਿਆਲਾ, 18 ਮਈ 2019 - ਸਮਾਣਾ ਨੇੜੇ ਪਿੰਡ ਫਤਿਹਪੁਰ ਦੇ ਇੱਕ ਸ਼ੈਲਰ ਵਿੱਚ ਵੋਟਾਂ ‘ਚ ਵਰਤਾਈ ਜਾਣ ਵਾਲੀ ਭਾਰੀ ਮਾਤਰਾ ‘ਚ ਸ਼ਰਾਬ ਬਰਾਮਦ ਹੋਈ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਫਸਰ ਦੀ ਸਿਫਾਰਸ਼ ‘ਤੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਸਮਾਣਾ ਦੇ ਡੀਐੱਸਪੀ ਜਸਵੰਤ ਸਿੰਘ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ ਕੀਤਾ ਗਿਆ ਹੈ।
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੀ.ਡੀ.ਏ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਚੋਣ ਕਮਿਸ਼ਨ 'ਤੇ ਵੀ ਪੱਖਪਾਤੀ ਹੋਣ ਦਾ ਇਲਜ਼ਾਮ ਲਾਇਆ ਸੀ।
ਦੋਨਾਂ ਪਾਰਟੀਆਂ ਨੇ ਕੋਰਟ ਵਿੱਚ ਜਾਣ ਦੀ ਗੱਲ ਵੀ ਕਹੀ ਹੈ। ਗਾਂਧੀ ਨੇ ਕਿਹਾ ਕਿ ਜੇ ਪੈਰਾਮਿਲਿਟਰੀ ਫੋਰਸ ਨਹੀ ਲੱਗਦੀ ਤਾਂ ਕਨੂੰਨੀ ਕਰਵਾਈ ਕਰਾਂਗੇ। ਜੇਕਰ ਰੀਪੋਲਿੰਗ ਹੁੰਦੀ ਹੈ ਤਾਂ ਵੀ ਉਹ ਪਿੱਛੇ ਨਹੀਂ ਹਟਣਗੇ। ਰੱਖੜਾ ਨੇ ਵੀ ਕਨੂੰਨੀ ਚਾਰਾਜੋਰੀ ਦੀ ਗੱਲ ਕੀਤੀ ਸੀ।
ਜਦੋਂ ਬੀਤੀ ਰਾਤ ਸਮਾਣਾ ਨੇੜੇ ਪਿੰਡ ਫਤਿਹਪੁਰ ਦੇ ਇੱਕ ਸ਼ੈਲਰ ਵਿੱਚ ਭਾਰੀ ਮਾਤਰਾ ‘ਚ ਸ਼ਰਾਬ ਆਉਣ ਬਾਰੇ ਭਿਣਕ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਾਰੀ ਰਾਤ ਧਰਨੇ ਤੇ ਬੈਠੇ ਜਿਸ ਦਾ ਨਤੀਜਾ ਇਹ ਬਦਲੀਆਂ ਹੋਈਆਂ।