ਲੋਕੇਸ਼ ਰਿਸ਼ੀ
ਗੁਰਦਾਸਪੁਰ, 15 ਮਈ 2019: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਇੱਥੇ ਬਾਰ ਐਸੋਸੀਏਸ਼ਨ ਵਿਖੇ ਵਕੀਲ ਭਾਈਚਾਰੇ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਆਪਣੇ ਕੀਤੇ ਕੰਮ ਦੇ ਨਾਂਅ ਤੇ ਚੋਣ ਮੈਦਾਨ ਵਿਚ ਹੈ ਅਤੇ ਲੋਕ ਕੀਤੇ ਕੰਮ ਦੀ ਕਦਰ ਕਰਦਿਆਂ ਪਾਰਟੀ ਨੂੰ ਜਿੱਤ ਦੇਣਗੇ। ਉਨ੍ਹਾਂ ਨੇ ਇਸ ਮੌਕੇ ਆਪਣੀ ਤਕਰੀਰ ਵਿਚ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕੰਮ ਅਤੇ ਚੰਮ ਵਿਚੋਂ ਸਹੀ ਦੀ ਚੋਣ ਕਰਨ। ਉਨ੍ਹਾਂ ਦੁਹਰਾਇਆ ਕਿ ਉਨ੍ਹਾਂ ਦਾ ਵਿਕਾਸ ਕਾਰਜ ਕਰਵਾਉਣ ਦਾ ਲੰਬਾ ਤਜਰਬਾ ਹੈ ਅਤੇ ਪਿਛਲੇ 16 ਮਹੀਨਿਆਂ ਦੌਰਾਨ ਉਨ੍ਹਾਂ ਨੇ ਇਸ ਹਲਕੇ ਵਿਚ ਵੀ ਕੰਮ ਕਰਕੇ ਵਿਖਾਇਆ ਹੈ ਅਤੇ ਉਹ ਇਸੇ ਅਧਾਰ ਤੇ ਵੋਟ ਮੰਗ ਰਹੇ ਹਨ।
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਲੋਕਤੰਤਰ ਅੰਦਰ ਸਵਾਲ ਕਰਨਾ ਵਿਰੋਧੀ ਤੇ ਕਿੱਚੜ ਸੁੱਟਣਾ ਨਹੀਂ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਦੇਸ਼ ਦੀਆਂ ਲੋਕਤੰਤਰਿਕ ਪਰੰਪਰਾਵਾਂ ਲਈ ਘਾਤਕ ਬਣੀ ਹੋਈ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੇ ਕੀਤੇ ਤੇ ਸਵਾਲ ਕਰੇ ਅਤੇ ਇਸੇ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਪਾਰਟੀ ਵਿਚ ਕੋਈ ਬੋਲਣ ਵਾਲਾ ਨਹੀਂ ਛੱਡਿਆ ਅਤੇ ਹੁਣ ਦੂਜੀਆਂ ਪਾਰਟੀਆਂ ਦੇ ਬੋਲਣ ਵਾਲੇ ਆਗੂਆਂ ਦੀ ਅਵਾਜ਼ ਬੰਦ ਕਰਨ ਦੀ ਨੀਅਤ ਨਾਲ ਹੀ ਉਨ੍ਹਾਂ ਨੇ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਚੁਣ ਕੇ ਭੇਜਿਆ ਹੈ। ਪਰ ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕ ਆਪਣੇ ਹਲਕੇ ਦੀ ਅਵਾਜ਼ ਬੰਦ ਨਹੀਂ ਹੋਣ ਦੇਣਗੇ।
ਜਾਖੜ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸਗੋਂ ਪ੍ਰਧਾਨ ਮੰਤਰੀ ਦੀ ਸੋਚ ਨਾਲ ਹੈ ਜੋ ਦੇਸ਼ ਦੀਆਂ ਲੋਕਤੰਤਰਿਕ ਸੰਸਥਾਵਾਂ ਦਾ ਘਾਣ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮੋਦੀ ਨੇ ਭਾਜਪਾ ਨੂੰ ਵੀ ਮੋਦੀ ਪਾਰਟੀ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲ ਤੋਂ ਝੂਠੇ ਲਾਰਿਆਂ ਅਤੇ ਹਵਾਈ ਗੱਲਾਂ ਨਾਲ ਸ੍ਰੀ ਮੋਦੀ ਨੇ ਸਭ ਨੂੰ ਭਰਮ ਜਾਲ ਵਿਚ ਪਾਇਆ ਹੋਇਆ ਸੀ ਪਰ ਹੁਣ ਦੇਸ਼ ਦੇ ਲੋਕਾਂ ਦੇ ਸਾਹਮਣੇ ਉਨ੍ਹਾਂ ਦਾ ਤਲਿੱਸਮ ਟੁੱਟ ਚੁੱਕਾ ਹੈ ਅਤੇ ਲੋਕਾਂ ਨੂੰ ਸੱਚ ਸਮਝ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਇੱਕੋ ਸਮੇਂ ਅਜ਼ਾਦ ਹੋਏ ਪਰ ਅਸੀਂ ਪਾਕਿਸਤਾਨ ਤੋਂ ਇਸੇ ਲਈ ਅੱਗੇ ਹਾਂ ਕਿ ਸਾਡੀ ਫ਼ੌਜ ਨੂੰ ਸਿਆਸਤ ਤੋਂ ਦੂਰ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਤਰੱਕੀ ਚਾਹੀਦੀ ਹੈ ਇਸ ਲਈ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਮੋਦੀ ਨੂੰ ਜਨਰਲ ਮੋਦੀ ਨਹੀਂ ਬਣਨ ਦਿੱਤਾ ਜਾਵੇਗਾ।
ਇਸ ਮੌਕੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਜਾਖੜ ਨੇ ਕਿਹਾ 5 ਰੇਲਵੇ ਓਵਰ-ਅੰਡਰ ਬ੍ਰਿਜਾਂ ਦੇ ਨਿਰਮਾਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਸਬੰਧੀ 172 ਕਰੋੜ ਰੁਪਏ ਦੀ ਪ੍ਰਵਾਨਗੀ ਪੰਜਾਬ ਸਰਕਾਰ ਨੇ ਰੇਲਵੇ ਨੂੰ ਦੇ ਦਿੱਤੀ ਹੈ। ਤਿੰਨ ਰੇਲ ਓਵਰ ਬ੍ਰਿਜਾਂ ਸਬੰਧੀ ਰੇਲਵੇ ਵੱਲੋਂ ਪ੍ਰਵਾਨਗੀ ਜਾਰੀ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਵਿਚ ਦੀਨਾਨਗਰ ਦਾ ਆਰ.ਓ.ਬੀ., ਗੁਰਦਾਸਪੁਰ ਅਤੇ ਨਲੰਗਾ ਦਾ ਰੇਲਵੇ ਅੰਡਰ ਬ੍ਰਿਜ ਸ਼ਾਮਿਲ ਹੈ ਜਦ ਕਿ ਪਠਾਨਕੋਟ ਅਤੇ ਸੁਜਾਨਪੁਰ ਵਿਚ ਵੀ ਅਜਿਹੇ ਆਰ.ਓ.ਬੀ.-ਆਰ.ਯੁ.ਬੀ. ਦੇ ਨਿਰਮਾਣ ਸਬੰਧੀ ਕਾਰਵਾਈ ਚੱਲ ਰਹੀ ਹੈ ।
ਇਸ ਦੌਰਾਨ ਵੱਖ ਵੱਖ ਚੋਣ ਸਭਾਵਾਂ ਵਿਚ ਉਨ੍ਹਾਂ ਨਾਲ ਵਿਚਰ ਰਹੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਾਂਗਰਸ ਗੁਰਦਾਸਪੁਰ ਸੀਟ ਵੱਡੇ ਫ਼ਰਕ ਨਾਲ ਜਿੱਤੇਗੀ ਕਿਉਂਕਿ ਲੋਕਾਂ ਨੂੰ ਸਮਝ ਹੈ ਕਿ ਹਲਕੇ ਦਾ ਵਿਕਾਸ ਕੌਣ ਕਰਵਾ ਸਕਦਾ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਸੁਨੀਲ ਜਾਖੜ ਨੂੰ ਜਿਤਾਇਆ ਜਾਵੇ।